Close
Menu

‘ਫਿਲਮਫੇਅਰ ਐਵਾਰਡਜ਼’ ‘ਚ ਆਮਿਰ, ਆਲੀਆ ਤੇ ‘ਦੰਗਲ’ ਦੀ ਰਹੀ ਧੂਮ

-- 16 January,2017
ਮੁੰਬਈ— ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਨੂੰ 62ਵੇਂ ਜੀਓ ਫਿਲਮਫੇਅਰ ਐਵਾਰਡਜ਼ ‘ਚ ਸਰਵਸ੍ਰੇਸ਼ਠ ਅਦਾਕਾਰ ਦਾ ਸਨਮਾਨ ਮਿਲਿਆ, ਜਦਕਿ ਉਨ੍ਹਾਂ ਦੀ ਫਿਲਮ ‘ਦੰਗਲ’ ਸਾਲ ਦੀ ਸਰਵਸ੍ਰੇਸ਼ਠ ਫਿਲਮ ਐਲਾਨੀ ਗਈ ਹੈ। ਸਰਵਸ੍ਰੇਸ਼ਠ ਡਾਇਰੈਕਟਰ ਦਾ ਪੁਰਸਕਾਰ ‘ਦੰਗਲ’ ਲਈ ਨਿਤੇਸ਼ ਤਿਵਾੜੀ ਨੂੰ ਮਿਲਿਆ। ਇਹ ਫਿਲਮ ਹਰਿਆਣਾ ਦੇ ਪਹਿਲਵਾਨ ਮਹਾਵੀਰ ਫੋਗਾਟ ਅਤੇ ਉਨ੍ਹਾਂ ਦੀਆਂ ਬੇਟੀਆਂ ਦੀ ਜ਼ਿੰਦਗੀ ‘ਤੇ ਆਧਾਰਿਤ ਹੈ। ਬੀਤੀ ਰਾਤ ਆਯੋਜਿਤ ਪੁਰਸਕਾਰ ਸਮਾਰੋਹ ਦੀ ਮੇਜ਼ਬਾਨੀ ਕਰਨ ਜੌਹਰ, ਸ਼ਾਹਰੁਖ ਖਾਨ ਅਤੇ ਕਪਿਲ ਸ਼ਰਮਾ ਨੇ ਕੀਤੀ। ਸਰਵਸ੍ਰੇਸ਼ਠ ਅਦਾਕਾਰਾ ਦਾ ਪੁਰਸਕਾਰ ‘ਉੜਤਾ ਪੰਜਾਬ’ ਫਿਲਮ ਵਿਚ ਸ਼ਾਨਦਾਰ ਅਭਿਨੈ ਲਈ ਆਲੀਆ ਭੱਟ ਨੂੰ ਦਿੱਤਾ ਗਿਆ, ਜਦਕਿ ਸੋਨਮ ਕਪੂਰ ਨੇ ‘ਨੀਰਜਾ’ ਲਈ ਸਮੀਖਿਅਕਾਂ ਦੀ ਪਸੰਦ ਪੁਰਸਕਾਰ ‘ਕ੍ਰਿਟਿਕਸ ਚੁਆਇਸ ਐਵਾਰਡ’ ਹਾਸਲ ਕੀਤਾ। ਸਮੀਖਿਅਕਾਂ ਦੇ ਪਸੰਦੀਦਾ ਅਭਿਨੇਤਾ ਸ਼ਾਹਿਦ ਕਪੂਰ ਅਤੇ ਮਨੋਜ ਵਾਜਪਾਈ ਰਹੇ, ਜਿਨ੍ਹਾਂ ਨੇ ਕ੍ਰਮਵਾਰ ‘ਉੜਤਾ ਪੰਜਾਬ’ ਅਤੇ ‘ਅਲੀਗੜ੍ਹ’ ਲਈ ਇਹ ਸਨਮਾਨ ਪ੍ਰਾਪਤ ਕੀਤਾ। ਰਿਸ਼ੀ ਕਪੂਰ ‘ਕਪੂਰ ਐਂਡ ਸੰਨਜ਼’ ਵਿਚ ਅਭਿਨੈ ਲਈ ਸਰਵਸ੍ਰੇਸ਼ਠ ਸਹਾਇਕ ਅਭਿਨੇਤਾ ਰਹੇ, ਜਦੋਂਕਿ ਸ਼ਬਾਨਾ ਆਜ਼ਮੀ ਨੂੰ ‘ਨੀਰਜਾ’ ਲਈ ਮਹਿਲਾ ਸ਼੍ਰੇਣੀ ਵਿਚ ਇਹ ਸਨਮਾਨ ਮਿਲਿਆ। ਸ਼ਤਰੂਘਨ ਸਿਨਹਾ ਨੂੰ ‘ਫਿਲਮ ਫੇਅਰ ਲਾਈਫ ਟਾਈਮ ਅਚੀਵਮੈਂਟ ਐਵਾਰਡ’ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਨੂੰ ‘ਉੜਤਾ ਪੰਜਾਬ’ ਲਈ ਸਰਵਸ੍ਰੇਸ਼ਠ ਉਭਰਦੇ ਅਭਿਨੇਤਾ ਦਾ ਸਨਮਾਨ ਦਿੱਤਾ ਗਿਆ, ਜਦੋਂਕਿ ‘ਸਾਲਾ ਖਡੂਸ’ ਲਈ ਰਿਤਿਕਾ ਸਿੰਘ ਸਰਵਸ੍ਰੇਸ਼ਠ ਉਭਰਦੀ ਅਦਾਕਾਰਾ ਰਹੀ। ‘ਉੜਤਾ ਪੰਜਾਬ’ ਤੇ ‘ਸਾਲਾ ਖਡੂਸ’ ਨੇ ਸੰਯੁਕਤ ਰੂਪ ਨਾਲ ਸਰਵਸ੍ਰੇਸ਼ਠ ਬੈਕਗਰਾਊਂਡ ਮਿਊਜ਼ਿਕ ਸਨਮਾਨ ਹਾਸਲ ਕੀਤਾ। ਸੰਗੀਤ ਨਾਲ ਜੁੜੇ ਸਨਮਾਨਾਂ ‘ਚ ਜ਼ਿਆਦਾਤਰ ਕਰਨ ਜੌਹਰ ਦੀ ਫਿਲਮ ‘ਐ ਦਿਲ ਹੈ ਮੁਸ਼ਕਿਲ’ ਦਾ ਦਬਦਬਾ ਰਿਹਾ। ਨੇਹਾ ਭਸੀਨ ਨੂੰ ‘ਸੁਲਤਾਨ’ ਦੇ ਗੀਤ ‘ਜਗ ਘੂਮਿਆ’ ਲਈ ਸਰਵਸ੍ਰੇਸ਼ਠ ਗਾਇਕਾ ਦਾ ਪੁਰਸਕਾਰ ਮਿਲਿਆ। ਟਿਸਕਾ ਚੋਪੜਾ ਲਘੂ ਫਿਲਮ ‘ਚਟਨੀ’ ਲਈ ਸਰਵਸ੍ਰੇਸ਼ਠ ਅਦਾਕਾਰਾ ਰਹੀ।
Facebook Comment
Project by : XtremeStudioz