Close
Menu

ਫਿਲੀਪੀਨਜ਼ ‘ਚ ਮਹਾਤੂਫਾਨ ਨੇ ਕੀਤੀ ਮਹਾਤਬਾਹੀ, 10000 ਲੋਕਾਂ ਦੀ ਮੌਤ

-- 10 November,2013

st-640x360ਤਕਲੋਬਾਨ,10 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਫਿਲੀਪੀਨਜ਼ ਵਿਚ ਆਏ ਮਹਾਤੂਫਾਨ ’ਹੈਯਾਨ’ ਨੇ 10,000 ਦੇ ਕਰੀਬ ਲੋਕਾਂ ਦੀ ਜਾਨ ਲੈ ਲਈ ਹੈ। ਇਸ ਤੂਫਾਨ ਨੇ ਦੇਸ਼ ਦੇ ਕਈ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ। ਤੂਫਾਨ ਦੀ ਤਬਾਹੀ ਤੋਂ ਬਚੇ ਹਜ਼ਾਰਾਂ ਲੋਕ ਇਸ ਆਫਤ ਦੇ ਤੀਜੇ ਦਿਨ ਵੀ ਮਦਦ ਦੀ ਉਡੀਕ ਕਰਦੇ ਰਹੇ। ਤੂਫਾਨ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਲਾਇਤੇ ਸੂਬੇ ਦੇ ਖੇਤਰੀ ਪੁਲਸ ਮੁਖੀ ਐਲਮਰ ਸੋਰਿਆ ਨੇ ਕਿਹਾ ਕਿ ਤੂਫਾਨ ਵਿਚ 10,000 ਲੋਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ। ਸੋਰਿਆ ਨੇ ਕਿਹਾ ਕਿ ਤੂਫਾਨ ਦੌਰਾਨ 275 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੀਆਂ ਹਵਾਵਾਂ ਨੇ ਆਪਣੇ ਰਸਤੇ ਵਿਚ ਆਈ ਹਰ ਚੀਜ਼ ਨੂੰ ਤਬਾਹ ਕਰ ਦਿੱਤਾ। ਇਸ ਨਾਲ ਲਗਭਗ 70 ਤੋਂ 80 ਫੀਸਦੀ ਘਰ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕੇ ਹਨ। ਤੇਜ਼ ਹਵਾਵਾਂ ਦੇ ਪ੍ਰਭਾਵ ਕਰਾਨ ਸਮੁੰਦਰ ‘ਚ ਪੰਜ ਤੋਂ ਛੇ ਮੀਟਰ ਦੀ ਉੱਚਾਈ ਵਾਲੀਆਂ ਲਹਿਰਾਂ ਨੇ ਤੱਟੀ ਇਲਾਕਿਆਂ ਨੂੰ ਬਰਬਾਦ ਕਰ ਦਿੱਤਾ। ਲਾਇਤੇ ਦੇ 2 ਲੱਖ 20 ਹਜ਼ਾਰ ਦੀ ਆਬਾਦੀ ਵਾਲੇ ਤਕਲੋਬਾਨ ਸ਼ਹਿਰ ਅਤੇ ਦੂਜੀ ਤੱਟੀ ਸ਼ਹਿਰਾਂ ਦੀ ਹਾਲਤ ਸੁਨਾਮੀ ਤੋਂ ਬਾਅਦ ਬਰਬਾਦ ਹੋਏ ਖੇਤਰਾਂ ਵਰਗੀ ਹੈ। ਤਕਲੋਬਾਨ ਵਿਚ ਸੰਯੁਕਤ ਰਾਸ਼ਟਰ ਆਫਤ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਸੇਬਸਟੀਅਨ ਰੋਡੇਜ ਸਟੰਪਾ ਨੇ ਕਿਹਾ ਕਿ ਵੱਡੇ ਪੈਮਾਨੇ ‘ਤੇ ਨੁਕਾਸਨ ਹੋਇਆ ਹੈ। ਕਾਰਾਂ ਹਵਾ ਵਿਚ ਪੱਤਿਆਂ ਵਾਂਗ ਉੱਡ ਰਹੀਆਂ ਹਨ ਅਤੇ ਸੜਕਾਂ ਮਲਬੇ ਨਾਲ ਭਰੀਆਂ ਪਈਆਂ ਹਨ।
ਸੋਰਿਆ ਨੇ ਕਿਹਾ ਕਿ ਸਾਲ 2004 ਵਿਚ ਆਈ ਸੁਨਾਮੀ, ਜਿਸ ਵਿਚ ਕਰੀਬ 2,20,000 ਲੋਕ ਮਾਰੇ ਗਏ ਸਨ, ਤੋਂ ਬਾਅਦ ਉਨ੍ਹਾਂ ਨੇ ਪਹਿਲੀ ਵਾਰ ਇੰਨੀ ਭਿਆਨਕ ਤਬਾਹੀ ਦੇਖੀ ਹੈ।
ਤੂਫਾਨਾਂ ਦੀ ਸ਼੍ਰੇਣੀ ਵਿਚ ਪੰਜਵੀਂ ਕੈਟਾਗਰੀ ਵਿਚ ਆਉਣ ਵਾਲੇ ‘ਹੈਯਾਨ’ ਨੇ ਇਸ ਦੋਪੱਖੀ ਦੇਸ਼ ਨੂੰ ਪੂਰਬ ਤੋਂ ਲੈ ਕੇ ਪੱਛਮ ਤੱਕ ਹਿਲਾ ਕੇ ਰੱਖ ਦਿੱਤਾ ਹੈ।
ਫਿਲੀਪੀਨਜ਼ ਦੇ ਗ੍ਰਹਿ ਮੰਤਰੀ ਮੈਨੁਅਲ ਰਾਕਸ ਨੇ ਕਿਹਾ ਕਿ ਆਫਤ ਪ੍ਰਭਾਵਿਤ ਇਲਾਕੇ ਦਾ ਹਵਾਈ ਸਰਵੇਖਣ ਕਰਨ ‘ਤੇ ਤਬਾਹੀ ਦਾ ਮੰਜ਼ਰ ਸਾਫ ਦਿਖਾਈ ਦਿੰਦਾ ਹੈ। ਤੱਟ ਦੇ ਲਗਭਗ ਇਕ ਕਿਲੋਮੀਟਰ ਅੰਦਰ ਕੋਈ ਵੀ ਇਮਾਰਤ ਖੜ੍ਹੀ ਨਜ਼ਰ ਨਹੀਂ ਆਉਂਦੀ। ਰਾਕਸ ਨੇ ਕਿਹਾ ਕਿ ਇਲਾਕੇ ‘ਚ ਜੀਵਤ ਬਚੇ ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੀ ਕਮੀ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਇਸੇ ਕਾਰਨ ਇਲਾਕੇ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਸ਼ੁਰੂ ਹੋ ਗਈਆਂ ਹਨ, ਜਿਨ੍ਹਾਂ ਨੂੰ ਰੋਕਣ ਲਈ ਫੌਜ ਨੂੰ ਭੇਜਿਆ ਗਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਚਾਰੇ ਪਾਸੇ ਖਿਲਰੀਆਂ ਲਾਸ਼ਾਂ ਅਤੇ ਮਲਬੇ ਨੂੰ ਹਟਾਉਣ ਅਤੇ ਜੀਵਤ ਬਚੇ ਲੋਕਾਂ ਨੂੰ ਲੋੜ ਦੀਆਂ ਚੀਜ਼ਾਂ ਮੁਹੱਈਆ ਕਰਵਾਉਣ ਲਈ ਸਖਤ ਸੰਘਰਸ਼ ਕਰਨਾ ਪੈ ਰਿਹਾ ਹੈ।
ਇਸ ਦੌਰਾਨ ਅਮਰੀਕਾ ਨੇ ਇਸ ਭਿਆਨਕ ਆਫਤ ਨਾਲ ਲੜ ਰਹੇ ਫਿਲੀਪੀਨਜ਼ ਨੂੰ ਰਾਹਤ ਅਤੇ ਬਚਾਅ ਕਾਰਜਾਂ ਲਈ ਨੇਵੀ ਅਤੇ ਹਵਾਈ ਫੌਜ ਦੀ ਮਦਦ ਦੇਣ ਦੀ ਘੋਸ਼ਣਾ ਕੀਤੀ ਹੈ।

Facebook Comment
Project by : XtremeStudioz