Close
Menu

ਫੀਫਾ ਮਹਿਲਾ ਕੱਪ: ਆਸਟਰੇਲੀਆ, ਫਰਾਂਸ ਤੇ ਕੈਨੇਡਾ ਕੁਆਰਟਰ ਫਾਈਨਲ ਵਿੱਚ

-- 23 June,2015

ਵੈਨਕੂਵਰ, 23 ਜੂਨ-ਕਿਆਹ ਸਿਮੋਨ ਦੇ ਗੋਲ ਦੀ ਮਦਦ ਨਾਲ ਆਸਟਰੇਲੀਆ ਨੇ ਉਲਟਫੇਰ ਕਰਦਿਅਾਂ ਇਥੇ ਬ੍ਰਾਜ਼ੀਲ ਨੂੰ 1-0 ਗੋਲਾਂ ਨਾਲ ਹਰਾ ਕੇ ਮਹਿਲਾ ਵਿਸ਼ਵ ਕੱਪ ਫੁਟਬਾਲ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਜਦੋਂ ਕਿ ਫਰਾਂਸ ਨੇ ਦੱਖਣੀ ਕੋਰੀਆ ਨੂੰ 3-0 ਗੋਲਾਂ ਅਤੇ ਕੈਨੇਡਾ ਨੇ ਸਵਿਟਜ਼ਰਲੈਂਡ ਨੂੰ 1-0 ਨਾਲ ਹਰਾ ਕੇ ਅਾਖ਼ਰੀ ਅੱਠਾਂ ਵਿੱਚ ਜਗ੍ਹਾ ਪੱਕੀ ਕੀਤੀ ਹੈ। ਮੇਜ਼ਬਾਨ ਕੈਨੇਡਾ ਨੇ ਮੈਚ ਦੇ 52ਵੇਂ ਮਿੰਟ ਵਿੱਚ ਜੋਸੀ ਬੇਲੰਗਰ ਦੇ ਗੋਲ ਦੀ ਮਦਦ ਨਾਲ ਸਵਿਟਜ਼ਰਲੈਂਡ ਨੂੰ 1-0 ਨਾਲ ਹਰਾਇਆ।
23 ਸਾਲਾ ਸਿਮੋਨ ਨੇ ਮੈਚ ਦੇ 80ਵੇਂ ਮਿੰਟ ਵਿੱਚ ਮੈਚ ਦਾ ਇਕਲੌਤਾ ਗੋਲ ਦਾਗ ਕੇ ਆਸਟਰੇਲੀਆ ਦੀ ਜਿੱਤ ਪੱਕੀ ਕੀਤੀ। ਪੰਜ ਵਾਰ ਦੀ ਵਿਸ਼ਵ ਦੀ ਸਰਵੋਤਮ ਪਲੇਅਰ ਮਾਰਤਾ ਦੀ ਅਗਵਾਈ ਵਾਲੀ 2007 ਦੀ ਉਪ ਜੇਤੂ ਬ੍ਰਾਜ਼ੀਲ ਦੀ ਟੀਮ ਇਸ ਹਾਰ ਨਾਲ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਈ ਹੈ। ਸੈਮੀ ਫਾਈਨਲ ਵਿੱਚ ਦਾਖ਼ਲੇ ਲਈ ਆਸਟਰੇਲੀਅਨ ਟੀਮ ਹੁਣ ਜਪਾਨ ਜਾਂ ਨੈਦਰਲੈਂਡਜ਼ ਨਾਲ ਟੱਕਰ ਲਵੇਗੀ। ਮਾਂਟਰੀਅਲ ਵਿੱਚ ਖੇਡੇ ਗਏ ਮੈਚ ਵਿੱਚ ਵਿਸ਼ਵ ਦੀ ਤੀਜੇ ਨੰਬਰ ਦੀ ਟੀਮ ਫਰਾਂਸ ਨੇ ਦੱਖਣੀ ਕੋਰੀਆ ਨੂੰ 3-0 ਨਾਲ ਕਰਾਰੀ ਮਾਤ ਦੇ ਕੁਆਰਟਰ ਫਾਈਨਲ ਵਿੱਚ ਦਾਖਲਾ ਹਾਸਲ ਕੀਤਾ। ਫਰਾਂਸ ਵੱਲੋਂ ਮੈਰੀ ਲੌਰੇ ਡੇਲੀ ਨੇ ਦੋ ਗੋਲ ਅਤੇ ਅੈਲੋਡੀ ਥੌਮਿਸ ਨੇ ਇਕ ਗੋਲ ਕੀਤਾ। ਸੈਮੀ ਫਾਈਨਲ ਵਿੱਚ ਦਾਖ਼ਲੇ ਲਈ ਹੁਣ ਫਰਾਂਸ ਵਿਸ਼ਵ ਦੀ ਨੰਬਰ ਵਨ ਟੀਮ ਜਰਮਨੀ ਨਾਲ ਮੱਥਾ ਲਾਵੇਗੀ।

Facebook Comment
Project by : XtremeStudioz