Close
Menu

ਫੁਟਬਾਲ ’ਚ ਭਾਰਤ ਲਈ ਸ਼ਾਨਦਾਰ ਰਿਹਾ ਸਾਲ 2018

-- 24 December,2018

ਨਵੀਂ ਦਿੱਲੀ, 24 ਦਸੰਬਰ
ਭਾਰਤੀ ਫੁਟਬਾਲ ਲਈ ਸਾਲ 2018 ਸ਼ਾਨਦਾਰ ਰਿਹਾ ਜਿਸ ਦੀ ਸਭ ਤੋਂ ਵੱਡੀ ਉਪਲਬਧੀ ਅੰਡਰ-20 ਟੀਮ ਦੀ 10 ਖਿਡਾਰੀਆਂ ਨਾਲ ਖੇਡਦੇ ਹੋਏ ਅਰਜਨਟੀਨਾ ਵਰਗੀ ਮਜ਼ਬੂਤ ਟੀਮ ਨੂੰ ਹਰਾ ਕੇ ਹਾਸਲ ਕੀਤੀ ਗਈ ਜਿੱਤ ਰਹੀ। ਦੁਨੀਆਂ ਨੂੰ ਲਿਓਨਲ ਮੈਸੀ ਅਤੇ ਡਿਏਗੋ ਮਾਰਾਡੋਨ ਵਰਗੇ ਉੱਘੇ ਫੁਟਬਾਲਰ ਦੇਣ ਵਾਲੇ ਦੋ ਵਾਰ ਦੇ ਵਿਸ਼ਵ ਚੈਂਪੀਅਨ ਅਰਜਨਟੀਨਾ ਲਈ ਸਾਲ ਖ਼ਰਾਬ ਰਿਹਾ।
ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਫਰਾਂਸ ਤੋਂ ਹਾਰ ਕੇ ਟੀਮ ਦਾ ਨਿਰਾਸ਼ਾਜਨਕ ਸਫ਼ਰ ਖ਼ਤਮ ਹੋਇਆ। ਫਰਾਂਸ ਫਾਈਨਲ ਵਿਚ ਕ੍ਰੋਏਸ਼ੀਆ ਨੂੰ ਹਰਾ ਕੇ ਇਸ ਸਾਲ ਦਾ ਚੈਂਪੀਅਨ ਬਣਿਆ। ਕ੍ਰੋਏਸ਼ੀਆ ਦੀ ਟੀਮ ਵਿਸ਼ਵ ਕੱਪ ’ਚ ਆਖ਼ਰੀ ਅੜਿੱਕੇ ਨੂੰ ਪਾਰ ਕਰਨ ਤੋਂ ਰਹਿ ਗਈ ਪਰ ਉਸ ਨੇ ਆਪਣੇ ਖੇਡ ਨਾਲ ਦੁਨੀਆਂ ਭਰ ਦੇ ਫੁਟਬਾਲ ਪ੍ਰੇਮੀਆਂ ਦਾ ਦਿਲ ਜਿੱਤ ਲਿਆ। ਟੀਮ ਦੇ ਕਪਤਾਨ ਲੂਕਾ ਮੋਡ੍ਰਿਚ ਨੂੰ ਆਪਣੇ ਦੇਸ਼ ਤੇ ਕਲੱਬ (ਰਿਆਲ ਮੈਡ੍ਰਿਡ) ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਸਤੇ ਬੈਲੋਨ ਡੀ‘ਓਰ ਨਾਲ ਨਿਵਾਜਿਆ ਗਿਆ।
ਭਾਰਤੀ ਫੁਟਬਾਲ ਦੀ ਗੱਲ ਕਰੀਏ ਤਾਂ ਕੋਚ ਫਲਾਇਡ ਪਿੰਟੋ ਦੀ ਅੰਡਰ-20 ਭਾਰਤੀ ਟੀਮ ਨੇ ਅਜਿਹਾ ਕਰ ਕੇ ਦਿਖਾਇਆ ਜਿਸ ਦੀ ਕਿਸੇ ਨੂੰ ਆਸ ਨਹੀਂ ਸੀ। ਟੀਮ ਨੇ ਅਗਸਤ ’ਚ ਸਪੇਨ ਦੇ ਵੈਲੇਂਸੀਆ ’ਚ ਕੋਟਿਫ ਕੱਪ ਦੇ ਮੈਚ ਵਿੱਚ ਅਰਜਨਟੀਨਾ ਨੂੰ 2-1 ਨਾਲ ਹਰਾਇਆ। ਇਹ ਜਿੱਤ ਹੋਰ ਵੀ ਵੱਡੀ ਸੀ ਕਿਉਂਕਿ ਵਿਸ਼ਵ ਕੱਪ ਖੇਡ ਚੁੱਕੇ ਪਾਬਲੋ ਆਇਮਰ ਦੀ ਦੇਖਰੇਖ ਹੇਠ ਖੇਡਣ ਵਾਲੀ ਅਰਜਨਟੀਨਾ ਦੀ ਟੀਮ ਖ਼ਿਲਾਫ਼ ਭਾਰਤੀ ਟੀਮ ਮੈਚ ਦੇ 40 ਮਿੰਟ ਤੱਕ 10 ਖਿਡਾਰੀਆਂ ਦੇ ਨਾਲ ਖੇਡ ਰਹੀ ਸੀ।
ਅਰਜਨਟੀਨਾ ਖ਼ਿਲਾਫ਼ ਭਾਰਤ ਦੀ ਜਿੱਤ ਨੇ ਫੁਟਬਾਲ ਦੀ ਦੁਨੀਆਂ ’ਚ ਦੇਸ਼ ਦਾ ਮਾਣ ਵਧਾਇਆ ਤਾਂ ਉੱਥੇ ਹੀ ਨੌਜਵਾਨ ਖਿਡਾਰੀਆਂ ਲਈ ਦੁਨੀਆਂ ਦੀਆਂ ਬਿਹਤਰੀਨ ਟੀਮਾਂ ਦੇ ਨਾਲ ਲਗਾਤਾਰ ਖੇਡਣ ਦਾ ਮੌਕਾ ਉਪਲਬਧ ਕਰਾਇਆ। ਭਾਰਤ ਦੀ ਅੰਡਰ-16 ਟੀਮ ਨੇ ਵੀ ਅਮਾਨ ’ਚ ਸੱਦਾ ਟੂਰਨਾਮੈਂਟ ਵਿੱਚ ਏਸ਼ੀਆ ਦੀ ਵੱਡੀ ਟੀਮ ਇਰਾਨ ਨੂੰ ਹਰਾਇਆ। ਖ਼ਾਸ ਗੱਲ ਇਹ ਹੈ ਕਿ ਸਪੇਨ ਵਿੱਚ ਅਰਜਨਟੀਨਾ ’ਤੇ ਮਿਲੀ ਜਿੱਤ ਦੇ ਚਾਰ ਘੰਟਿਆਂ ਤੋਂ ਬਾਅਦ ਹੀ ਅੰਡਰ-16 ਟੀਮ ਨੇ ਇਹ ਸਫ਼ਲਤਾ ਹਾਸਲ ਕੀਤੀ। ਟੀਮ ਹਾਲਾਂਕਿ 2019 ’ਚ ਹੋਣ ਵਾਲੇ ਅੰਡਰ-17 ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਤੋਂ ਬਾਅਦ ਬਿਲਕੁਲ ਨੇੜੇ ਪਹੁੰਚ ਕੇ ਰਹਿ ਗਈ। ਕੁਆਲੀਫਾਇਰਜ਼ ਦੇ ਫਾਈਨਲ ’ਚ ਟੀਮ ਕੋਰੀਆ ਤੋਂ 0-1 ਨਾਲ ਹਾਰ ਕੇ ਬਾਹਰ ਹੋ ਗਈ ਸੀ। ਸੀਨੀਅਰ ਟੀਮ ਨੇ ਵੀ ਕੋਚ ਸਟੀਫਨ ਕੌਂਸਟੇਨਟਾਈਨ ਦੀ ਦੇਖਰੇਖ ਹੋ ਰਹੇ ਏਐੱਫਸੀ 2019 ਏਸ਼ਿਆਈ ਕੱਪ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਕਈ ਮੈਚ ਖੇਡੇ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਏਐੱਫਸੀ ਏਸ਼ਿਆਈ ਕੱਪ ’ਚ ਭਾਰਤ ਦੇ ਗਰੁੱਪ ’ਚ ਮੇਜ਼ਬਾਨ ਯੂਏਈ, ਥਾਈਲੈਂਡ ਤੇ ਬਹਿਰੀਨ ਵਰਗੀਆਂ ਟੀਮਾਂ ਹਨ। ਟੂਰਨਾਮੈਂਟ ਤੋਂ ਪਹਿਲਾਂ ਭਾਰਤ ਨੇ ਚੀਨ ਵਰਗੀ ਵੱਡੀ ਟੀਮ ਨਾਲ ਗੋਲ ਰਹਿਤ ਡਰਾਅ ਖੇਡਿਆ ਹੈ ਜਿਸ ਨਾਲ ਉਸ ਦਾ ਹੌਸਲਾ ਵਧੇਗਾ। ਚੀਨ ਦਾ ਕੋਚ ਵਿਸ਼ਵ ਕੱਪ ਜੇਤੂ ਇਟਲੀ ਦਾ ਮਾਰਸੈਲੋ ਲਿੱਪੀ ਹੈ। ਇਸ ਤੋਂ ਭਾਰਤ ’ਚ ਹੋਏ ਟੂਰਨਾਮੈਂਟ ’ਚ ਭਾਰਤ ਨੇ ਨਿਊਜ਼ੀਲੈਂਡ, ਦੱਖਣੀ ਅਫਰੀਕਾ ਅਤੇ ਕੀਨੀਆ ਵਰਗੇ ਦੇਸ਼ਾਂ ਨੂੰ ਹਰਾ ਕੇ ਖ਼ਿਤਾਬ ਜਿੱਤਿਆ। ਟੂਰਨਾਮੈਂਟ ਦੇ ਫਾਈਨਲ ’ਚ ਕਪਤਾਨ ਸੁਨੀਲ ਛੇਤਰੀ ਨੇ ਦੇਸ਼ ਲਈ ਆਪਣਾ 64ਵਾਂ ਗੋਲ ਕਰ ਕੇ ਕੌਮਾਂਤਰੀ ਗੋਲਾਂ ’ਚ ਮੈਸੀ ਦੀ ਬਰਾਬਰੀ ਕੀਤੀ।

Facebook Comment
Project by : XtremeStudioz