Close
Menu

ਫੂਡ ਸਕਿਉਰਟੀ ਤਹਿਤ ਮਿਲਣ ਵਾਲੇ ਰਾਸ਼ਨ ਨੂੰ ਡੀਪੂ ਹੋਲਡਰ ਬਿਨਾਂ ਤਨਖ਼ਾਹ ਤੋਂ ਨਹੀਂ ਵੰਡਣਗੇ – ਸਿੱਧੂ

-- 21 September,2013

Food-Security-Bill

ਚੰਡੀਗੜ੍ਹ ,21 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਡੀਪੂ ਹੋਲਡਰ ਯੂਨੀਅਨ ਦੀ ਅਗਵਾਈ ਹੇਠ ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਫੈਡਰੇਸ਼ਨ ਦੀ ਕੌਮੀ ਕਾਨਫਰੰਸ ਅੱਜ ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿਖੇ ਹੋਈ ਜਿਸ ਵਿੱਚ ਆਲ ਇੰਡੀਆ ਦੇ ਪ੍ਰਧਾਨ ਪੁਸ਼ਪਰਾਜ ਕਾਕਾ ਦੇਸ਼ਮੁੱਖ ਅਤੇ ਜਨਰਲ ਸਕੱਤਰ ਐਡਵੋਕੇਟ ਬਿਸ਼ੰਬਰ ਬਾਸੂ ਨੇ ਸਮੂਹ ਰਾਜਾਂ ਦੇ ਪ੍ਰਧਾਨਾਂ ਅਤੇ ਆਗੂਆਂ ਸਮੇਤ ਹਿੱਸਾ ਲਿਆ। ਇਸ ਬਾਰੇ ਜਾਣਕਾਰੀ ਅੱਜ ਪੰਜਾਬ ਦੇ ਸੂਬਾ ਪ੍ਰਧਾਨ ਸ. ਗੁਰਜਿੰਦਰ ਸਿੰਘ ਸਿੱਧੂ ਨੇ ਦਿੱਤੀ। ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਕਾ ਦੇਸ਼ਮੁਖ ਨੇ ਕਿਹਾ ਕਿ ਜੋ ਵੀ ਪਾਰਟੀ ਡੀਪੂ ਹੋਲਡਰਾਂ ਨੂੰ ਇਨਸਾਫ਼ ਦਿਵਾਉਣ ਵਿੱਚ ਉਨਾਂ ਦੀ ਮਦਦ ਕਰੇਗੀ, ਸਮੁੱਚੇ ਦੇਸ਼ ਦੇ 6.13 ਲੱਖ ਡੀਪੂ ਹੋਲਡਰ ਉਸ ਨੂੰ ਦੇਸ਼ ਦੀ ਕੁਰਸੀ ‘ਤੇ ਬਿਠਾਉਣ ਲਈ ਪੂਰੀ ਵਾਹ ਲਾ ਦੇਣਗੇ। ਇਸ ਮੌਕੇ ਸੰਸਥਾ ਦੇ ਕੌਮੀ ਜਨਰਲ ਸਕੱਤਰ ਬਾਸੂ ਨੇ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਨੇ ਸਾਨੂੰ ਇਨਸਾਫ਼ ਨਹੀਂ ਦਿੱਤਾ। ਸਾਨੂੰ ਮਜਬੂਰੀਵਸ ਆਪਣਾ ਹੱਕ ਹਾਸਲ ਕਰਨ ਲਈ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਉਣਾ ਪਿਆ। ਉਨਾਂ ਕਿਹਾ ਕਿ ਜਦੋਂ ਅਸੀਂ ਪਿਛਲੀ ਵਾਰ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਨੂੰ ਮਿਲ ਕੇ ਕਿਹਾ ਕਿ ਤੁਸੀਂ ਦੇਸ਼ ਦੇ 80 ਫੀਸਦੀ ਲੋਕਾਂ ਨੂੰ ਖਾਣਾ ਦੇਣ ਲਈ ਵਚਨਬੱਧ ਹੋ ਪਰੰਤੂ ਦੇਸ਼ ਦੇ 6.13 ਲੱਖ ਡੀਪੂ ਹੋਲਡਰਾਂ ਲਈ ਤੁਸੀਂ ਕੋਈ ਵੀ ਸੁਵਿਧਾ ਨਹੀਂ ਰੱਖੀ। ਅਸੀਂ ਇਕ ਕਲਰਕ ਦੇ ਬਰਾਬਰ ਤਨਖਾਹ ਦੀ ਮੰਗ ਕਰਦੇ ਹਾਂ ਅਤੇ ਡੀਪੂ ‘ਤੇ ਆਉਣ ਵਾਲੇ ਰਾਸ਼ਨ ਨੂੰ ਲਿਆਉਣ ਦਾ ਕਿਰਾਇਆ ਮੰਗਦੇ ਹਾਂ। ਗੁਜਰਾਤ ਤੋਂ ਆਏ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਹਲਾਦ ਮੋਦੀ ਨੇ ਕਿਹਾ ਕਿ ਮੈਂ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੋਂ ਆਪਣੇ ਹੱਕਾਂ ਲਈ ਆਸ਼ਵਾਸਨ ਲਿਆ ਹੈ। ਜੇਕਰ ਉਨਾਂ ਦੀ ਪਾਰਟੀ ਕੇਂਦਰ ਵਿੱਚ ਸਰਕਾਰ ਬਣਾਉਂਦੀ ਹੈ ਤਾਂ ਉਹ ਸਾਨੂੰ ਸਾਡਾ ਹੱਕ ਜਰੂਰ ਦੇਵੇਗੀ।

ਇਸ ਮੌਕੇ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਆਲ ਇੰਡੀਆ ਦੇ ਮੀਤ ਪ੍ਰਧਾਨ ਸ. ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਫੂਡ ਸਕਿਉਰਟੀ ਬਿਲ ਲਾਗੂ ਹੋਣ ਉਪਰੰਤ ਜੇਕਰ ਉਨਾਂ ਨੂੰ ਤਨਖਾਹ ਅਤੇ ਢੋਅ-ਢੁਆਈ ਦਾ ਖਰਚਾ ਨਹੀਂ ਮਿਲਦਾ ਤਾਂ ਉਹ ਅਣਮਿੱਥੇ ਸਮੇਂ ਲਈ ਹੜਤਾਲ ਕਰ ਦੇਣਗੇ। ਮੁਫਤ ਵਿੱਚ ਰਾਸ਼ਨ ਸਪਲਾਈ ਨਹੀਂ ਕੀਤਾ ਜਾਵੇਗਾ। ਇਸ ਮੌਕੇ ਬਿਹਾਰ ਦੀ ਪ੍ਰਧਾਨ ਰਮਜਾਨ ਅੰਸਾਰੀ, ਕਰਨਾਟਕ ਦੇ ਪ੍ਰਧਾਨ ਸੀ ਕੇ ਕ੍ਰਿਸ਼ਨਅੱਪਾ, ਕੇਰਲਾ ਦੇ ਪ੍ਰਧਾਨ ਬੁਲਾਮੀਨ, ਹਰਿਆਣਾ ਦੇ ਪ੍ਰਧਾਨ ਜਸਪਾਲ ਗੋਦਾਰਾ, ਯੂ ਪੀ ਦੇ ਪ੍ਰਧਾਨ ਰਜਿੰਦਰ ਤਿਆਗੀ, ਦਿੱਲੀ ਦੇ ਪ੍ਰਧਾਨ ਕਰਨਪਾਲ ਸਿੰਘ ਤਿਆਗੀ, ਚੰਡੀਗੜ ਦੇ ਪ੍ਰਧਾਨ ਕੇ ਸੀ ਸੂਦ ਅਤੇ 10 ਹੋਰ ਰਾਜਾਂ ਦੇ ਪ੍ਰਧਾਨ ਅਤੇ ਲੀਡਰ, ਪੰਜਾਬ ਤੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਖਰੜ, ਡਾ. ਨਿਰਵੈਰ ਸਿੰਘ ਉਪਲ ਸੂਬਾ ਜਨਰਲ ਸਕੱਤਰ, ਰਣਜੀਤ ਸਿੰਘ ਖੋਸਾ, ਸਭਾਸ਼ ਬਾਂਸਲ, ਬੂਟਾ ਸਿੰਘ, ਸੰਤੋਖ ਸਿੰਘ ਬਠਿੰਡਾ, ਸੁਰਿੰਦਰ ਸਿੰਘ ਛਿੰਦਾ, ਕੁਲਦੀਪ ਸ਼ਰਮਾ, ਬਿੱਲੂ ਬਜਾਜ ਫਰੀਦਕੋਟ, ਬਿੱਕਰ ਸਿੰਘ ਮਾਨਸਾ, ਇੰਦਰਜੀਤ ਕੁਮਾਰ ਅਤੇ ਸੂਬੇ ਭਰ ਤੋਂ ਡੀਪੂ ਹੋਲਡਰ ਸ਼ਾਮਿਲ ਹੋਏ।

Facebook Comment
Project by : XtremeStudioz