Close
Menu

ਫੂਲਕਾ ਨੇ ਤਿਆਗੇ ‘ਆਪ’ ਦੇ ਅਹੁਦੇ

-- 20 September,2015

’84 ਦੇ ਦੰਗਾ ਪੀਡ਼ਤਾਂ ਦੇ ਕੇਸਾਂ ਦੀ ਪੈਰਵੀ ਨੂੰ ਦੱਸਿਆ ਅਹੁਦੇ ਛੱਡਣ ਦਾ ਕਾਰਨ; ਪਾਰਟੀ ਦੇ ਮੈਂਬਰ ਬਣੇ ਰਹਿਣਗੇ

ਚੰਡੀਗੜ੍ਹ, 20 ਸਤੰਬਰ:  ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਐਚਐਸ ਫੂਲਕਾ ਨੇ ਅੱਜ ਇੱਥੇ ਪਾਰਟੀ ਦੇ ਸਾਰੇ ‘ਅਹੁਦਿਆਂ’ ਤੋਂ ਅਸਤੀਫਾ ਦੇ ਦਿੱਤਾ ਹੈ। ‘ਆਪ’ ਦੇ ਪੰਜਾਬ ਯੂਨਿਟ ਵਿੱਚ ਵਾਪਰ ਰਹੀਆਂ ਘਟਨਾਵਾਂ ਦੌਰਾਨ ਇਸ ਆਗੂ ਦੇ ਅਸਤੀਫੇ ਨੂੰ ਵੀ ਅਹਿਮ ਮੰਨਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਉਹ ਦਿੱਲੀ ’ਚ ਪਾਰਟੀ ਦੇ ਲੀਗਲ ਵਿੰਗ ਦੇ ਕਨਵੀਨਰ ਤੇ ਪੰਜਾਬ ਯੂਨਿਟ ਦਾ ਬੁਲਾਰਾ ਸਨ। ਅਸਤੀਫੇ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ‘ਆਪ’ ਦੇ ਮੈਂਬਰ ਬਣੇ ਰਹਿਣਗੇ ਪਰ ਅਹੁਦੇ ਤਿਆਗ ਕੇ 1984 ਦੇ ਸਿੱਖ ਦੰਗਾ ਪੀੜਤਾਂ ਦੇ ਕੇਸਾਂ ਦੀ ਪੈਰਵੀ ਕਰਨਾ ਚਾਹੁੰਦੇ ਹਨ ਤਾਂ ਜੋ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਵਰਗੇ ਕਾਂਗਰਸੀ ਆਗੂਆਂ ਨੂੰ ਸਜ਼ਾ ਦਿਵਾਈ ਜਾ ਸਕੇ। ਸ੍ਰੀ ਫੂਲਕਾ ਨੇ ਦੱਸਿਆ ਕਿ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇਣ ਤੋਂ ਪਹਿਲਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਧਿਆਨ ਵਿੱਚ ਇਹ ਸਾਰੀ ਗੱਲ ਲਿਆ ਦਿੱਤੀ ਕਿ ੳੁਹ ਸਿਰਫ਼ ਮੈਂਬਰ ਵਜੋਂ ਹੀ ਕੰਮ ਕਰਨਗੇ ਤੇ ਸਰਗਰਮ ਰਾਜਸੀ ਨੇਤਾ ਵਜੋਂ ਕੰਮ ਨਹੀਂ ਕਰ ਸਕਦੇ ਕਿਉਂਕਿ ਰਾਜਨੀਤੀ ਵਿੱਚ ਸਰਗਰਮ ਰਹਿ ਕੇ ਅਹਿਮ ਅਦਾਲਤੀ ਕੇਸਾਂ ਵੱਲ ਧਿਆਨ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣੀਆਂ ਵੱਡਾ ਮੁੱਦਾ ਹੈ।
ਐਸਐਚ ਫੂਲਕਾ ਨੂੰ ਇੱਕ ਸਮੇਂ ਅਰਵਿੰਦ ਕੇਜਰੀਵਾਲ ਦੇ ਬੇਹੱਦ ਕਰੀਬੀ ਮੰਨਿਆ ਜਾਂਦਾ ਸੀ। ਸ੍ਰੀ ਕੇਜਰੀਵਾਲ ਦੇ ਯੋਗਿੰਦਰ ਯਾਦਵ ਦੀ ਲੜਾਈ ਦੌਰਾਨ ਵੀ ਸ੍ਰੀ ਫੂਲਕਾ ਖੁੱਲ੍ਹ ਕੇ ਕੇਜਰੀਵਾਲ ਦੇ ਪੱਖ ਵਿੱਚ ਨਿੱਤਰੇ ਸਨ। ਫੇਸਬੁੱਕ ’ਤੇ ਯਾਵਦ ਵਿਰੁੱਧ ਮੁਹਿੰਮ ਚਲਾਈ ਸੀ। ਪੰਜਾਬ ਨਾਲ ਸਬੰਧਤ ਪਰ ਸੁਪਰੀਮ ਕੋਰਟ ਵਿੱਚ ਵਕਾਲਤ ਕਰਦੇ ਆ ਰਹੇ ਸ੍ਰੀ ਫੂਲਕਾ ਪਿਛਲੇ ਡੇਢ ਕੁ ਸਾਲ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਸਨ। ਉਨ੍ਹਾਂ ਨੂੰ 2014 ਦੀਆਂ ਚੋਣਾਂ ’ਚ ਪਾਰਟੀ ਨੇ ਲੁਧਿਆਣਾ ਹਲਕੇ ਤੋਂ ਚੋਣ ਲੜਾਈ ਸੀ ਤੇ ਵੋਟਾਂ ਦੇ ਬਹੁਤ ਘੱਟ ਫਰਕ ਨਾਲ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਤੋਂ ਹਾਰ ਗਏ ਸਨ। ਇੱਥੋਂ ਤੱਕ ਕਿ ਲੋਕ ਸਭਾ ਚੋਣਾਂ ਦੌਰਾਨ ਕਈਆਂ ਨੂੰ ਟਿਕਟਾਂ ਵੀ ਸ੍ਰੀ ਫੂਲਕਾ ਦੀ ਸਿਫਾਰਿਸ਼ ’ਤੇ ਹੀ ਦਿੱਤੀਆਂ ਸਨ। ਲੋਕ ਸਭਾ ਚੋਣਾਂ ਤੋਂ ਬਾਅਦ ਵੀ ਉਹ ਪੰਜਾਬ ਵਿੱਚ ਸਰਗਰਮ ਸਨ।
ਮਹੱਤਵਪੂਰਨ ਤੱਥ ਇਹ ਵੀ ਹੈ ਕਿ ਸ੍ਰੀ ਫੂਲਕਾ ਦੇ ਹਮਾਇਤੀਆਂ ਨੇ ਉਨ੍ਹਾਂ ਨੂੰ ਪੰਜਾਬ ਦੇ ਭਾਵੀ ਮੁੱਖ ਮੰਤਰੀ ਵਜੋਂ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਪੰਜਾਬ ਵਿੱਚ ਆਪ ਦੇ ਆਗੂਆਂ ਵਿੱਚ ਖਹਿਬਾਜ਼ੀ ਲਗਾਤਾਰ ਜਾਰੀ ਹੈ। ਪਾਰਟੀ ਵੱਲੋਂ ਹਾਲ ਹੀ ’ਚ ਦੋ ਸੰਸਦ ਮੈਂਬਰਾਂ ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੇਸ਼ ਹੇਠ ਮੁਅੱਤਲ ਵੀ ਕਰ ਦਿੱਤਾ ਸੀ।
ਆਪ ਵੱਲੋਂ ਇਨ੍ਹੀਂ ਦਿਨੀਂ ਪੰਜਾਬ ਜੋੜੋ ਮੁਹਿੰਮ ਤਹਿਤ ਰਾਜ ਭਰ ’ਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਅਕਾਲੀਆਂ ਤੇ ਕਾਂਗਰਸੀਆਂ ਨੂੰ ਵੀ ਆਪ ਦੀਆਂ ਰੈਲੀਆਂ ’ਚ ਲੋਕਾਂ ਦੀ ਜੁੜਦੀ ਭੀੜ ਨੇ ਸੋਚੀਂ ਪਾਇਆ ਹੋਇਆ ਹੈ।
ਕੲੀ ਆਗੂਆਂ ਨਾਲ ਸੀ ਨਾਰਾਜ਼ਗੀ
ਸ੍ਰੀ ਫੂਲਕਾ ਨੇ ਆਪ ਦੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਕੋਈ ਕਾਰਨ ਨਹੀਂ ਦੱਸਿਆ ਪਰ ਪਾਰਟੀ ਹਲਕਿਆਂ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ (ਫੂਲਕਾ) ਦੀ ਵੀ ਪੰਜਾਬ ਦੇ ਕਈ ਆਗੂਆਂ ਨਾਲ ਨਾਰਾਜ਼ਗੀ ਚੱਲ ਰਹੀ ਹੈ। ਇਸ ਘਟਨਾਕ੍ਰਮ ਨੂੰ ਆਪ ਵਿੱਚ ਚੱਲ ਰਹੀ ਅੰਦਰੂਨੀ ਖਹਿਬਾਜ਼ੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਪਾਰਟੀ ਨੇ ਸ੍ਰੀ ਫੂਲਕਾ ਨੂੰ ਪੰਜਾਬ ਛੱਡ ਕੇ ਦਿੱਲੀ ਵਿੱਚ ਜ਼ਿੰਮੇਵਾਰੀਆਂ ਦਿੱਤੀਆਂ ਸਨ ਉਦੋਂ ਤੋਂ ਹੀ ਉਹ ਨਾਰਾਜ਼ ਚੱਲੇ ਆ ਰਹੇ ਸਨ।

Facebook Comment
Project by : XtremeStudioz