Close
Menu

ਫੈਡਰਰ, ਨਡਾਲ ਤੇ ਅਜਾਰੈਂਕਾ ਚੌਥੇ ਦੌਰ ’ਚ ਦਾਖਲ

-- 02 September,2013

Rafael Nadal

ਨਿਊਯਾਰਕ, 2 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਸਾਬਕਾ ਨੰਬਰ ਇਕ ਖਿਡਾਰੀ ਸਵਿਟਜ਼ਰਲੈਂਡ ਦੇ ਰੌਜਰ ਫੈਡਰਰ ਤੇ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਅਤੇ ਮਹਿਲਾਵਾਂ ’ਚ ਦੂਜੀ ਸੀਡ ਵਿਕਟੋਰੀਆ ਅਜਾਰੈਂਕਾ ਨੇ ਯੂ.ਐਸ. ਓਪਨ ’ਚ ਜ਼ਬਰਦਸਤ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਤੀਜੇ ਰਾਊਂਡ ਦੇ ਆਪਣੇ-ਆਪਣੇ ਮੁਕਾਬਲੇ ਜਿੱਤ ਲਏ ਹਨ।

ਨਡਾਲ ਤੇ ਫੈਡਰਰ ਤੀਜੇ ਰਾਊਂਡ ’ਚ ਜਿੱਤ ਨਾਲ ਹੀ ਸਾਲ ਦੇ ਆਖਰੀ ਗਰੈਂਡ ਸਲੈਮ ਯੂ.ਐਸ. ਓਪਨ ’ਚ ਪਹਿਲੀ ਵਾਰ ਆਹਮੋ-ਸਾਹਮਣੇ ਆਉਣ ਦੇ ਹੋਰ ਨੇੜੇ ਪਹੁੰਚ ਗਏ ਹਨ। ਜੇਕਰ ਦੋਵੇਂ ਸਿਖਰਲੇ ਖਿਡਾਰੀ ਚੌਥੇ ਦੌਰ ’ਚ ਵੀ ਆਪਣੇ ਆਪਣੇ ਮੁਕਾਬਲੇ ਜਿੱਤ ਲੈਂਦੇ ਹਨ ਤਾਂ ਕੁਆਰਟਰ ਫਾਈਨਲ ’ਚ ਦੋਵਾਂ ਵਿਚਕਾਰ ਪਹਿਲਾਂ ਤੋਂ ਆਸਵੰਦ ਸਖ਼ਤ ਮੁਕਾਬਲਾ ਹੋਣਾ ਤੈਅ ਹੈ। 17 ਗਰੈਂਡ ਸਲੈਮ ਖ਼ਿਤਾਬਾਂ ਦੇ ਜੇਤੂ ਤੇ ਸੱਤਵੇਂ ਰੈਂਕ ਵਾਲੇ ਫੈਡਰਰ ਨੇ ਪੁਰਸ਼ ਸਿੰਗਲਜ਼ ਦੇ ਤੀਜੇ ਦੌਰ ’ਚ ਫਰਾਂਸ ਦੇ ਐਂਡਰੀਅਨ ਮਨਾਰੀਨੋ ਨੂੰ ਆਪਣੇ ਅੰਦਾਜ਼ ’ਚ 6-3, 6-0, 6-2 ਨਾਲ ਹਰਾਇਆ।
ਇਸ ਤੋਂ ਪਹਿਲਾਂ ਦੂਜੀ ਸੀਡ ਨਡਾਲ ਨੇ ਕਰੋਏਸ਼ੀਆ ਦੇ ਈਵਾਨ ਡੋਡਿਗ ਨੂੰ ਲਗਾਤਾਰ ਸੈੱਟਾਂ ’ਚ 6-4, 6-3, 6-3 ਨਾਲ ਹਰਾ ਕੇ ਚੌਥੇ ਰਾਊਂਡ ’ਚ ਪ੍ਰਵੇਸ਼ ਕਰ ਲਿਆ।
ਮਹਿਲਾਵਾਂ ’ਚ ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਬੇਲਾਰੂਸ ਦੀ ਵਿਕਟੋਰੀਆ ਅਜਾਰੈਂਕਾ ਨੇ ਫਰਾਂਸ ਦੀ ਐਲਾਈਜ ਕੌਰਨੈਟ ਨੂੰ 6-7, 6-3, 6-2 ਨਾਲ ਹਰਾ ਕੇ ਆਖਰੀ 16 ’ਚ ਪ੍ਰਵੇਸ਼ ਕੀਤਾ। ਹਾਲਾਂਕਿ ਪਿਛਲੇ ਸਾਲ ਦੀ ਫਾਈਨਲਿਸਟ ਅਜਾਰੈਂਕਾ ਲਈ ਮੁਕਾਬਲਾ ਆਸਾਨ ਨਹੀਂ ਰਿਹਾ ਤੇ ਕਾਰਨੈਟ ਨਾਲ ਉਸ ਨੂੰ ਸਖ਼ਤ ਮੁਕਾਬਲੇ ’ਚ ਪਹਿਲਾ ਸੈੱਟ ਗੁਆਉਣਾ ਪਿਆ, ਪਰ ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰੀ ਕੈਰੋਲੀਨ ਵੋਜਨਿਆਕੀ ਤੇ 2011 ਦੀ ਵਿੰਬਲਡਨ ਚੈਂਪੀਅਨ ਪੇਤਰੋ ਕਵਿਤੋਵਾ ਨੂੰ ਹੈਰਾਨੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ।
ਪੁਰਸ਼ਾਂ ’ਚ ਦੂਜੀ ਸੀਡ ਨਡਾਲ ਨੇ ਹੁਣ ਤਕ ਕੁੱਲ 21 ਗੇਮਜ਼ ਗੁਆਏ ਹਨ। ਨਡਾਲ ਨੇ ਅੰਤਿਮ 16 ’ਚ ਜਗ੍ਹਾ ਬਣਾਉਣ ਲਈ ਖੇਡੇ ਗਏ ਕਿਸੇ ਵੀ ਮੈਚ ’ਚ ਇਕ ਵੀ ਸੈੱਟ ਨਹੀਂ ਗੁਆਇਆ ਹੈ। ਨਡਾਲ ਦਾ ਚੌਥੇ ਰਾਊਂਡ ’ਚ ਜਰਮਨੀ ਦੇ ਫਿਲਿਪ ਕੋਲਸ਼ਰੈਬਰ ਨਾਲ ਮੁਕਾਬਲਾ ਹੋਵੇਗਾ ਜਿਸ ਨੇ ਅਮਰੀਕਾ ਦੇ ਜਾਨ ਇਸਨਰ ਨੂੰ 6-4, 3-6, 7-5, 7-6 ਨਾਲ ਹਰਾਇਆ ਸੀ। ਇਸ ਤੋਂ ਇਲਾਵਾ ਸੱਤਵੀਂ ਸੀਡ ਸਵਿਟਜ਼ਰਲੈਂਡ ਦੇ ਫੈਡਰਰ ਦਾ ਅਗਲੇ ਰਾਊਂਡ ’ਚ 19ਵੀਂ ਸੀਡ ਸਪੇਨ ਦੇ ਟਾਮੀ ਰਾਬਰੈਡੋ ਨਾਲ ਮੁਕਾਬਲਾ ਹੋਵੇਗਾ। ਰਾਬਰੈਡੋ ਨੇ ਤੀਜੇ ਦੌਰ ’ਚ ਬਰਤਾਨੀਆ ਦੇ ਡੇਨੀਅਲ ਈਵਾਨਜ਼ ਨੂੰ 7-6, 6-1, 4-6, 7-5 ਨਾਲ ਹਰਾਇਆ ਸੀ। ਫਰੈਂਚ ਓਪਨ ਰਨਰਅੱਪ ਤੇ ਚੌਥੀ ਸੀਡ ਸਪੇਨ ਦੇ ਡੇਵਿਡ ਫੈਡਰਰ ਨੇ ਕਜ਼ਾਖ਼ਿਸਤਾਨ ਦੇ ਮਿਖਾਈਲ ਕੁੱਕੂ ਸ਼ਕਿਨ ਨੂੰ 6-4, 6-3, 4-6, 6-4 ਨਾਲ ਹਰਾਇਆ।
ਇਸ ਤੋਂ ਇਲਾਵਾ 8ਵੀਂ ਸੀਡ ਫਰਾਂਸ ਦੇ ਰਿਚਰਡ ਗਾਸਕੇ ਨੇ ਵੀ ਅੰਤਿਮ 16 ’ਚ ਜਗ੍ਹਾ ਬਣਾ ਲਈ। ਗਾਸਕੇ ਦੇ ਵਿਰੋਧੀ ਖਿਡਾਰੀ 32ਵੀਂ ਸੀਡ ਰੂਸ ਦੇ ਦਿਮਿਤਰੀ ਟੂਰਸੂਨੋਵ ਦੇ ਰਿਟਾਇਰ ਹੋਣ ਤੋਂ ਬਾਅਦ ਫਰਾਂਸੀਸੀ ਖਿਡਾਰੀ ਨੂੰ ਅਗਲੇ ਦੌਰ ’ਚ ਪ੍ਰਵੇਸ਼ ਮਿਲ ਗਿਆ।
ਪੁਰਸ਼ਾਂ ਦੇ ਹੋਰ ਅਹਿਮ ਮੁਕਾਬਲਿਆਂ ’ਚ 18ਵੀਂ ਸੀਡ ਸਰਬੀਆ ਦੇ ਯਾਂਕੋ ਟਿਪਸਾਰੇਵਿਚ ਨੇ ਅਮਰੀਕਾ ਦੇ ਜੈਕ ਸਾਕ ਨੂੰ 3-6, 7-6, 6-1, 6-2 ਨਾਲ ਜਦੋਂਕਿ 10ਵੀਂ ਸੀਡ ਕੈਨੇਡਾ ਦੇ ਮਿਲੌਜ਼ ਰਾਓਨਿਕ ਨੇ 23ਵੀਂ ਸੀਡ ਸਪੇਨ ਦੇ ਫੈਲੀਸਿਆਨੋ ਲੋਪੇਜ ਨੂੰ ਸਖ਼ਤ ਮੁਕਾਬਲੇ ’ਚ 6-7, 6-4, 6-3, 6-4 ਨਾਲ ਹਰਾਇਆ।
ਮਹਿਲਾਵਾਂ ’ਚ ਸਾਬਕਾ ਨੰਬਰ ਇਕ ਕੈਰੋਲਿਨ ਵੋਜਨਿਆਕੀ ਨੂੰ ਇਤਾਲਵੀ ਕੁਆਲੀਫਾਇਰ ਕੈਮਿਲਾ ਜਿਓਰਜੀ ਨੇ 4-6, 6-4, 6-3 ਨਾਲ ਹਰਾਇਆ। ਜਿਓਰਜੀ ਨੇ ਮੈਚ ’ਚ 46 ਵਿਨਰਜ਼ ਲਾਏ ਜਦੋਂਕਿ ਵੋਜਨਿਆਕੀ ਕੇਵਲ 13 ਵਿਨਰਜ਼ ਲਾ ਸਕੀ। ਇਸ ਤੋਂ ਇਲਾਵਾ 13ਵੀਂ ਸੀਡ ਐਨਾ ਈਵੋਨੋਵਿਕ ਨੇ ਵੀ ਸਖ਼ਤ ਮੁਕਾਬਲੇ ਤੋਂ ਬਾਅਦ ਚੌਥੇ ਰਾਊਂਡ ’ਚ ਪ੍ਰਵੇਸ਼ ਕੀਤਾ। ਈਵਾਨੋਵਿਕ ਨੇ ਕ੍ਰਿਸਟੀਨਾ ਮੈਕਹੇਲ ਨੂੰ 4-6, 7-5, 6-4 ਨਾਲ ਹਰਾਇਆ। ਅਮਰੀਕਾ ਦੀ ਵਾਈਲਡ ਕਾਰਡ ਧਾਰੀ ਐਲੀਸਨ ਰਿਸਕੇ ਨੇ ਸੱਤਵੀਂ ਸੀਡ ਚੈੱਕ ਗਣਰਾਜ ਦੀ ਪੇਤਰਾ ਕਵਿਤੋਵਾ ਨੂੰ ਲਗਾਤਾਰ ਸੈੱਟਾਂ ’ਚ 6-3, 6-0 ਨਾਲ ਹਰਾਇਆ। 10ਵੀਂ ਸੀਡ ਇਟਲੀ ਦੀ ਰਾਬਰਟਾ ਵਿੰਚੀ ਨੇ ਇਟਲੀ ਦੀ ਹੀ ਕੈਰੀਨ ਨੈਪ ਨੂੰ 6-4, 6-3 ਨਾਲ, ਇਟਲੀ ਦੀ ਫਲੇਵੀਆ ਪੈਨੇਟਾ ਨੇ 27ਵੀਂ ਸੀਡ ਰੂਸ ਦੀ ਸਵੇਤਲਾਨਾ ਕੁਜਨੇਤਸੋਵਾ ਨੂੰ 7-5, 6-1 ਤੋਂ ਅਤੇ 21ਵੀਂ ਸੀਡ ਰੋਮਾਨੀਆ ਦੀ ਸਿਮੋਨਾ ਹਾਲੈਪ ਨੇ 14ਵੀਂ ਸੀਡ ਰੂਸ ਦੀ ਮਾਰੀਆ ਕਿਰੀਲੈਂਕੋ ਨੂੰ 6-1, 6-0 ਨਾਲ ਹਰਾ ਕੇ ਅਗਲੇ ਦੌਰ ’ਚ ਪ੍ਰਵੇਸ਼ ਕੀਤਾ।

Facebook Comment
Project by : XtremeStudioz