Close
Menu

ਫੈਡਰਲ ਜਿ਼ਮਨੀ ਚੋਣਾਂ ਤੋਂ ਪਹਿਲਾਂ ਟਰੂਡੋ ਪ੍ਰਚਾਰ ਲਈ ਮਾਂਟਰੀਅਲ ਪਹੁੰਚੇ

-- 29 March,2017

ਮਾਂਟਰੀਅਲ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿ਼ਮਨੀ ਚੋਣਾਂ ਸਬੰਧੀ ਆਪਣਾ ਦੌਰਾ ਐਤਵਾਰ ਨੂੰ ਵੀ ਜਾਰੀ ਰੱਖਿਆ। ਨਾਮੀਨੇਸ਼ਨ ਸਬੰਧੀ ਜਿੱਤ ਨਾਲ ਪਾਰਟੀ ਤੇ ਹੋਰਨਾਂ ਨੂੰ ਹੈਰਾਨ ਕਰਨ ਵਾਲੀ ਉਮੀਦਵਾਰ ਦੇ ਸਿਆਸੀ ਕਰੀਅਰ ਦੀ ਸ਼ੁਰੂਆਤ ਨੂੰ ਹੱਲਾਸ਼ੇਰੀ ਦੇਣ ਲਈ ਟਰੂਡੋ ਮਾਂਟਰੀਅਲ ਵਿੱਚ ਸਨ।
ਟਰੂਡੋ ਨੇ ਸਟੀਫਨ ਡਿਓਨ ਦੇ ਇਸ ਸਾਬਕਾ ਹਲਕੇ ਸੇਂਟ ਲਾਰੈਂਟ ਵਿੱਚ ਲਿਬਰਲ ਉਮੀਦਵਾਰ ਇਮੈਨੂਐਲਾ ਲੈਂਬਰੋਪੋਲੌਜ਼ ਨਾਲ ਨਿੱਕੇ ਕਾਰੋਬਾਰੀਆਂ ਨਾਲ ਸੰਪਰਕ ਕੀਤਾ। ਉਹ ਅੱਧੇ ਘੰਟੇ ਲਈ ਇੱਥੇ ਰਹੇ। 26 ਸਾਲਾ ਹਾਈ ਸਕੂਲ ਟੀਚਰ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਉਸ ਸਮੇਂ ਵੱਡਾ ਉਲਟਫੇਰ ਕਰ ਵਿਖਾਇਆ ਜਦੋਂ ਉਸ ਨੇ ਪਾਰਟੀ ਫੇਵਰੇਟ ਮੰਨੇ ਜਾਣ ਵਾਲੇ ਸਾਬਕਾ ਪ੍ਰੋਵਿੰਸ਼ੀਅਲ ਕੈਬਨਿਟ ਮੰਤਰੀ ਨੂੰ ਹਰਾ ਕੇ ਜਿੱਤ ਦਰਜ ਕਰਵਾਈ। ਜੇ ਕੋਈ ਗੜਬੜ ਵੀ ਸੀ ਤਾਂ ਐਤਵਾਰ ਨੂੰ ਨਜ਼ਰ ਨਹੀਂ ਆਈ ਤੇ ਟਰੂਡੋ ਮੁਸਕਰਾਉਂਦੇ ਹੋਏ ਆਪਣੀ ਪਾਰਟੀ ਦੀ ਉਮੀਦਵਾਰ ਲਈ ਵੋਟਾਂ ਮੰਗਦੇ ਰਹੇ। ਉਨ੍ਹਾਂ ਸਥਾਨਕ ਵਾਸੀਆਂ ਨਾਲ ਵੀ ਹੱਥ ਮਿਲਾਏ ਤੇ ਲੈਂਬਰੋਪੋਲੌਜ਼ ਨੂੰ ਹੀ 3 ਅਪਰੈਲ ਨੂੰ ਵੋਟ ਪਾਉਣ ਲਈ ਹੱਲਾਸ਼ੇਰੀ ਦਿੱਤੀ।
ਫਿਰ ਉਨ੍ਹਾਂ ਲੈਂਬਰੋਪੋਲੌਜ਼ ਦੇ ਕੈਂਪੇਨ ਆਫਿਸ ਵਿੱਚ ਨਿੱਕਾ ਜਿਹਾ ਭਾਸ਼ਣ ਵੀ ਦਿੱਤਾ। ਟਰੂਡੋ ਨੇ ਆਖਿਆ ਕਿ ਉਹ ਹੀ ਸੇਂਟ ਲਾਰੈਂਟ ਦਾ ਚਿਹਰਾ ਤੇ ਲਿਬਰਲ ਪਾਰਟੀ ਦਾ ਅਕਸ ਹੈ। ਉਹ ਨੌਜਵਾਨ, ਆਪਣੇ ਭਵਿੱਖ ਪ੍ਰਤੀ ਸਜਗ ਹੈ ਤੇ ਉਹ ਇਸ ਲਈ ਉਸ ਦੀ ਸ਼ਲਾਘਾ ਕਰਦੇ ਹਨ ਕਿਉਂਕਿ ਉਹ ਵੀ ਉਨ੍ਹਾਂ ਵਾਂਗ ਹੀ ਅਧਿਆਪਕਾ ਹੈ। ਲੈਂਬਰੋਪੋਲੌਜ਼ ਨੇ ਕਿਊਬਿਕ ਦੇ ਸਾਬਕਾ ਕੈਬਨਿਟ ਮੰਤਰੀ ਯੋਲੈਂਡੇ ਜੇਮਜ਼ ਸਮੇਤ ਇੱਕ ਹੋਰ ਵਿਰੋਧੀ ਨੂੰ ਹਰਾ ਕੇ ਆਪਣੀ ਥਾਂ ਪੱਕੀ ਕੀਤੀ। ਪਿਛਲੇ 15 ਸਾਲਾਂ ਤੋਂ ਸੇਂਟ ਲਾਰੈਂਟ ਦੇ ਮੇਅਰ ਰਹੇ ਐਲਨ ਡੀਸੌਸਾ ਨੂੰ ਇਹ ਸਮਝ ਨਹੀਂ ਆਈ ਕਿ ਉਨ੍ਹਾਂ ਨੂੰ ਉਮੀਦਵਾਰ ਵਜੋਂ ਠੁਕਰਾ ਕਿਉਂ ਦਿੱਤਾ ਗਿਆ। ਸਾਬਕਾ ਵਿਦੇਸ਼ ਮੰਤਰੀ ਸਟੀਫਨ ਡਿਓਨ ਕੋਲ 1996 ਤੋਂ ਇਹ ਹਲਕਾ ਸੀ ਤੇ ਇਸ ਨੂੰ ਲਿਬਰਲਾਂ ਦੀ ਸੇਫ ਸੀਟ ਮੰਨਿਆ ਜਾਂਦਾ ਸੀ।
ਸੇਂਟ ਲਾਰੈਂਟ ਹਲਕੇ ਤੋਂ ਐਨਡੀਪੀ ਨੇ ਮੈਥਿਊ ਆਕਲੇਅਰ ਨੂੰ ਉਤਾਰਿਆ ਹੈ ਜਦਕਿ ਟੋਰੀਜ਼ ਨੇ ਜਿੰਮੀ ਯੂ ਨੂੰ ਇਸ ਸੀਟ ਤੋਂ ਖੜ੍ਹਾ ਕੀਤਾ ਹੈ। ਜਿ਼ਕਰਯੋਗ ਹੈ ਕਿ ਯੂ 2015 ਦੀਆਂ ਚੋਣਾਂ ਵਿੱਚ 20 ਫੀ ਸਦੀ ਵੋਟਾਂ ਹਾਸਲ ਕਰਕੇ ਡਿਓਨ ਤੋਂ ਬਾਅਦ ਦੂਜੇ ਸਥਾਨ ਉੱਤੇ ਰਹੇ ਸਨ। ਗ੍ਰੀਨਜ਼ ਨੇ ਆਪਣੇ ਡਿਪਟੀ ਲੀਡਰ ਡੇਨੀਅਲ ਗ੍ਰੀਨ ਨੂੰ ਤੇ ਬਲਾਕ ਕਿਊਬੀਕੌਇਸ ਨੇ ਵਿਲੀਅਮ ਫਾਯਦ ਨੂੰ ਇਸ ਸੀਟ ਤੋਂ ਖੜ੍ਹਾ ਕੀਤਾ ਹੈ।

Facebook Comment
Project by : XtremeStudioz