Close
Menu

ਬਠਿੰਡਾ ਏਮਜ਼ ਲਈ ਆਰਜ਼ੀ ਕੈਂਪਸ ਦੀ ਚੋਣ ਸੂਚੀ ਸਰਕਾਰ ਹਵਾਲੇ

-- 25 December,2018

ਬਠਿੰਡਾ, 25 ਦਸੰਬਰ
ਜ਼ਿਲ੍ਹੇ ਦੇ ਤਿੰਨ ਪ੍ਰਾਈਵੇਟ ਅਦਾਰੇ ਬਠਿੰਡਾ ਵਿਚ ਸਥਾਪਿਤ ਕੀਤੇ ਜਾਣ ਵਾਲੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਆਰਜ਼ੀ ਕੈਂਪਸ ਲਈ ਇਮਾਰਤ ਦੇਣ ਲਈ ਸਹਿਮਤ ਹੋ ਗਏ ਹਨ। ਏਮਜ਼ ਨੇ ਇੱਥੇ ਸਥਾਪਤ ਕੀਤੇ ਜਾਣ ਵਾਲੇ ਕੈਂਪਸ ਵਿਚ ਅਗਲੇ ਵਿਦਿਅਕ ਵਰ੍ਹੇ ਦੀ ਐਮਬੀਬੀਐੱਸ ਦਾਖ਼ਲਾ ਪ੍ਰਕਿਰਿਆ ਆਰੰਭ ਦਿੱਤੀ ਹੈ। 2019 ਵਿਚ ਕਲਾਸਾਂ ਸ਼ੁਰੂ ਹੋਣ ’ਤੇ ਹੁਣ ਆਰਜ਼ੀ ਕੈਂਪਸ ਦੀ ਚੋਣ ਦਾ ਮਸਲਾ ਹੀ ਬਾਕੀ ਰਹਿ ਗਿਆ ਹੈ। ਇਸ ਬਾਰੇ ਫ਼ੈਸਲਾ ਸਿਹਤ ਮਹਿਕਮੇ ਦੀ ਕਮੇਟੀ ਵੱਲੋਂ ਲਿਆ ਜਾਣਾ ਹੈ। ਦੱਸਣਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਚ ਆਰਜ਼ੀ ਕੈਂਪਸ ਬਣਾਏ ਜਾਣ ਦੀ ਗੱਲ ਵੀ ਤੁਰੀ ਹੈ, ਪਰ ਇਕ ਪੱਖ ਇਹ ਉੱਭਰ ਰਿਹਾ ਹੈ ਕਿ ਏਮਜ਼ ਬਠਿੰਡਾ ਦਾ ਆਰਜ਼ੀ ਕੈਂਪਸ ਜ਼ਿਲ੍ਹੇ ਵਿਚ ਹੀ ਸ਼ੁਰੂ ਕੀਤਾ ਜਾਵੇ। ਇਸ ਲਈ ਇਹ ਤਰਕ ਵੀ ਦਿੱਤਾ ਜਾ ਰਿਹਾ ਹੈ ਕਿ ਸਹੂਲਤਾਂ ਦੇ ਪੱਖ ਤੋਂ ਵੀ ਫ਼ਰੀਦਕੋਟ ਜ਼ਿਲ੍ਹਾ ਛੋਟਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਨੂੰ ਏਮਜ਼ ਦੇ ਆਰਜ਼ੀ ਕੈਂਪਸ ਲਈ ਪੰਜ ਸਥਾਨਾਂ ਦੀ ਸੂਚੀ ਭੇਜ ਦਿੱਤੀ ਹੈ। ਇਸ ’ਤੇ ਸਰਕਾਰ ਨੇ ਫ਼ਿਲਹਾਲ ਕੋਈ ਫ਼ੈਸਲਾ ਨਹੀਂ ਕੀਤਾ। ਆਰਜ਼ੀ ਕੈਂਪਸ ਦੇਣ ਲਈ ਆਦੇਸ਼ ਯੂਨੀਵਰਸਿਟੀ, ਗੁਰੂ ਕਾਸ਼ੀ ਯੂਨੀਵਰਸਿਟੀ ਤੇ ਪਿੰਡ ਜੈ ਸਿੰਘ ਵਾਲਾ ਵਿਚ ਬੰਦ ਹੋਏ ਇਕ ਪ੍ਰਾਈਵੇਟ ਪੌਲੀਟੈਕਨਿਕ ਕਾਲਜ ਨੇ ਸਹਿਮਤੀ ਦਿੱਤੀ ਹੈ। ਇਸ ਤੋਂ ਇਲਾਵਾ ਸਨਅਤੀ ਗਰੋਥ ਸੈਂਟਰ ਵਿਚ ਨਵੇਂ ਬਣੇ ਐਡਵਾਂਸਡ ਕੈਂਸਰ ਇੰਸਟੀਚਿਊਟ ਨੂੰ ਵੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇੱਥੇ ਲੈਬਜ਼ ਵਗ਼ੈਰਾ ਵੀ ਹਨ ਤੇ ਹੋਰ ਜਗ੍ਹਾ ਵੀ ਖਾਲੀ ਪਈ ਹੈ। ਇਹ ਇਮਾਰਤ ਸਰਕਾਰੀ ਮਾਲਕੀ ਵਾਲੀ ਹੈ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਰਿਜਨਲ ਕੈਂਪਸ ਨੂੰ ਵੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਨੂੰ ਆਰਜ਼ੀ ਕੈਂਪਸ ਲਈ ਢੁੱਕਵਾਂ ਦੱਸਿਆ ਹੈ। ਇੱਥੇ ਕੋਰਸ ਲਈ ਹਰ ਲੋੜੀਂਦੀ ਸਹੂਲਤ ਮੌਜੂਦ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਆਰਜ਼ੀ ਕੈਂਪਸ ਚਾਲੂ ਕਰਨ ਦੇ ਇੱਛੁਕ ਜਾਪਦੇ ਹਨ।
ਡਿਪਟੀ ਕਮਿਸ਼ਨਰ ਪ੍ਰਨੀਤ ਭਾਰਦਵਾਜ ਦਾ ਕਹਿਣਾ ਸੀ ਕਿ ਉਨ੍ਹਾਂ ਸੂਚੀ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਹੈ। ਆਰਜ਼ੀ ਕੈਂਪਸ ਲਈ ਜਗ੍ਹਾ ਲੀਜ਼ ’ਤੇ ਲਈ ਜਾਣੀ ਹੈ। ਕੇਂਦਰ ਸਰਕਾਰ ਨੇ ਬਠਿੰਡਾ ਏਮਜ਼ ਲਈ 925 ਕਰੋੜ ਰੁਪਏ ਮਨਜ਼ੂਰ ਕੀਤੇ ਹਨ, ਜਿਨ੍ਹਾਂ ਵਿਚੋਂ 134.41 ਕਰੋੜ ਰੁਪਏ ਰਿਲੀਜ਼ ਕਰ ਦਿੱਤੇ ਗਏ ਹਨ। ਏਮਜ਼ ਬਠਿੰਡਾ ਨੂੰ ਜੂਨ 2020 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਏਮਜ਼ ਵਿਚ 750 ਬੈੱਡ ਹੋਣਗੇ ਤੇ 20 ਸੁਪਰ ਸਪੈਸ਼ਲਿਟੀ ਵਿੰਗ ਬਣਾਏ ਜਾਣੇ ਹਨ। ਇਸ ਵਿਚ 100 ਸੀਟਾਂ ਐਮਬੀਬੀਐੱਸ ਅਤੇ 60 ਸੀਟਾਂ ਬੀਐੱਸਸੀ ਨਰਸਿੰਗ ਦੀਆਂ ਹੋਣਗੀਆਂ।

Facebook Comment
Project by : XtremeStudioz