Close
Menu

ਬਠਿੰਡਾ ਜੇਲ੍ਹ ਅੰਦਰ ਅਪਰਾਧੀਅਾਂ ਵਿਚਾਲੇ ਚੱਲੀ ਗੋਲੀ ; ਦੋ ਜ਼ਖ਼ਮੀ

-- 17 April,2015

ਬਠਿੰਡਾ, ਕੇਂਦਰੀ ਜੇਲ੍ਹ ਬਠਿੰਡਾ ਅੱਜ ਗੈਂਗਸਟਰਾਂ ਵਿੱਚ ਚੱਲੀ ਗੋਲੀ ਨਾਲ ਦੋ ਕੈਦੀ ਜ਼ਖਮੀ ਹੋ ਗਏ ਹਨ ਜਿਸ ’ਚੋਂ ਇੱਕ ਦੀ ਹਾਲਤ ਗੰਭੀਰ ਦੱਸੀ। ਗੈਂਗਸਟਰਾਂ ਵੱਲੋਂ ਇੱਕ ਦੇਸੀ ਪਿਸਤੌਲ ਨਾਲ ਫਾਈਰਿੰਗ ਕੀਤੀ ਗਈ। । ਡਿਪਟੀ ਕਮਿਸ਼ਨਰ ਬਠਿੰਡਾ ਨੇ ਮੈਜਿਸਟਰੇਟੀ ਜਾਂਚ ਦੇ ਹੁਕਮ ਕਰ ਦਿੱਤੇ ਹਨ। ਅੱਜ ਸਵੇਰੇ ਜੇਲ੍ਹ ਅੰਦਰ ਕਰੀਬ ਪੌਣੇ ਸੱਤ ਵਜੇ ਦੋ ਗੈਂਗਸਟਰਾਂ ਦਰਮਿਆਨ ਪਹਿਲਾਂ ਝੜਪ ਹੋਈ ਅਤੇ ਉਸ ਮਗਰੋਂ ਗੈਂਗਸਟਰ ਕੁਲਬੀਰ ਨਰੂਆਣਾ ਨੇ 12 ਬੋਰ ਦੇ ਦੇਸੀ ਪਿਸਤੌਲ ਨਾਲ ਫਾਈਰਿੰਗ ਕਰ ਦਿੱਤੀ ਜਿਸ ਵਿਚ ਦੂਸਰੇ ਗੈਂਗਸਟਰ ਧੜੇ ਦਾ ਗੁਰਦੀਪ ਸਿੰਘ ਮਾਹਣਾ ਵਾਸੀ ਮਹਿਲਕਲਾਂ ਜ਼ਖਮੀ ਹੋ ਗਿਆ। ਇੱਕ ਫਾਇਰ ਸਿੱਧਾ ਮਾਹਣਾ ਦੇ ਪੇਟ ਵਿੱਚ ਲੱਗਾ ਅਤੇ ਦੂਸਰਾ ਉਪਰੋਂ ਲੰਘ ਗਿਆ। ਪੁਲੀਸ ਨੇ ਹਥਿਆਰ ਅਤੇ ਕਾਰਤੂਸ ਬਰਾਮਦ ਕਰ ਲਏ ਹਨ। ਘਟਨਾ ਮਗਰੋਂ ਹੀ ਮਾਹਣਾ ਧੜੇ ਦੇ ਮੈਂਬਰਾਂ ਨੇ ਨਰੂਆਣਾ ਗਰੁੱਪ ਦੇ ਜਤਿੰਦਰ ਸਿੰਘ ਉਰਫ ਲਾਡੀ ਵਾਸੀ ਜੀਦਾ ’ਤੇ ਹਮਲਾ ਕਰ ਦਿੱਤਾ। ਜਤਿੰਦਰ ਸਿੰਘ ਨੂੰ ਵੀ ਸਿਵਲ ਹਸਪਤਾਲ ਬਠਿੰਡਾ ਭਰਤੀ ਕਰਾਇਆ ਗਿਆ ਹੈ। ਗੁਰਦੀਪ ਸਿੰਘ ਮਾਹਣਾ ਦੀ ਹਾਲਤ ਗੰਭੀਰ ਹੋਣ ਕਰਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਭੇਜ ਦਿੱਤਾ ਹੈ।
ਗੈਂਗਸਟਰ ਕੁਲਬੀਰ ਨਰੂਆਣਾ ’ਤੇ 12 ਜਨਵਰੀ ਨੂੰ ਪੁਲੀਸ ਦੇ ਮੁਨਸੀ ’ਤੇ ਹਮਲਾ ਕਰਨ ਦੇ ਮਾਮਲੇ ਵਿੱਚ ਕੇਸ ਦਰਜ ਹੋਇਆ ਸੀ ਅਤੇ ਉਹ ਜੇਲ੍ਹ ਅੰਦਰ ਸੱਤ ਨੰਬਰ ਚੱਕੀ ਵਿਚ ਬੰਦ ਸੀ। ਦੂਸਰੀ ਤਰਫ ਗੁਰਦੀਪ ਸਿੰਘ ਮਾਹਣਾ ਵੀ ਤਿੰਨ ਸਾਲ ਦੀ ਸਜ਼ਾ ਭੁਗਤ ਰਿਹਾ ਹੈ ੳੁਸ ’ਤੇ ਕਰੀਬ 14 ਕੇਸ ਚੱਲ ਰਹੇ ਹਨ। ਗੁਰਦੀਪ ਸਿੰਘ ਮਾਹਣਾ ਇਸ ਵੇਲੇ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਦੇ ਗੈਂਗ ਵਿੱਚ ਹੈ। ਇੱਕ ਹਫਤੇ ਤੋਂ ਇਨ੍ਹਾਂ ਦੋਹਾਂ ਗੈਂਗਾਂ ਦਰਮਿਆਨ ਕਸ਼ਮਕਸ਼ ਚੱਲ ਰਹੀ ਸੀ। ਕੱਲ ਸੇਖੋਂ ਗਰੁੱਪ ਦਾ ਵਿਕਾਸ ਮੋਟਾ ਬਠਿੰਡਾ ਕਚਹਿਰੀ ਵਿਚ ਪੇਸ਼ੀ ਭੁਗਤਣ ਗਿਆ ਸੀ ਜਿਸ ਦੀ ਨਰੂਆਣਾ ਗਰੁੱਪ ਨੇ ਕੁੱਟਮਾਰ ਕਰ ਦਿੱਤੀ । ਜਦੋਂ ਵਿਕਾਸ ਮੋਟਾ ਨੇ ਸੇਖੋਂ ਗਰੁੱਪ ਨੂੰ ਕੁੱਟਮਾਰ ਦੀ ਗੱਲ ਦੱਸੀ ਤਾਂ ਅੰਦਰੋਂ ਅੰਦਰੀ ਅੱਗ ਭੜਕ ਉਠੀ। ਅੱਜ ਸਵੇਰੇ ਜਦੋਂ ਬੰਦੀ ਖੋਲ੍ਹੀ ਗਈ ਤਾਂ ਗੁਰਦੀਪ ਸਿੰਘ ਮਾਹਣਾ ਨੇ ਨਰੂਆਣਾ ਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਹੱਥੋਪਾਈ ਹੋ ਗਈ ਅਤੇ ਮਾਹਣਾ ਨੇ ਆਪਣੇ ਹਮਾਇਤ ਬੁਲਾ ਲਏ। ਉਸ ਦੇ ਹਮਾਇਤੀ ਪੁੱਜਣ ਤੋਂ ਪਹਿਲਾਂ ਹੀ ਕੁਲਬੀਰ ਨਰੂਆਣਾ ਨੇ ਫਾਈਰਿੰਗ ਕਰ ਦਿੱਤੀ। ਡੀ.ਐਸ.ਪੀ (ਸ਼ਹਿਰੀ) ਸੁਖਦੇਵ ਸਿੰਘ ਬਰਾੜ। ਜੋ ਘਟਨਾ ਦਾ ਜਾਇਜ਼ਾ ਲੈਣ ਪੁੱਜੇ, ਨੇ ਦੱਸਿਆ ਕਿ ਪੁਲੀਸ ਨੇ ਦੋ ਚੱਲੇ ਅਤੇ ਦੋ ਅਣਚੱਲੇ ਕਾਰਤੂਸਾਂ ਸਮੇਤ ਹਥਿਆਰ ਬਰਾਮਦ ਕਰ ਲਿਆ ਹੈ। ਮੈਜਿਸਟਰੇਟੀ ਜਾਂਚ ਵਾਸਤੇ ਪੁੱਜੇ ਐਸ.ਡੀ.ਐਮ ਬਠਿੰਡਾ ਦਮਨਜੀਤ ਸਿੰਘ ਮਾਨ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਮੁਢਲੇ ਹਾਲਾਤ ਵੇਖ ਲਏ ਹਨ। ਉਹ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਅਤੇ ਮੌਕੇ ’ਤੇ ਹਾਜ਼ਰ ਮੁਲਾਜ਼ਮਾਂ ਦੇ ਬਿਆਨ ਲੈਣ ਮਗਰੋਂ ਆਪਣੀ ਰਿਪੋਰਟ ਦੇਣਗੇ।
ਉਧਰ ਜੇਲ੍ਹ ਵਿਭਾਗ ਪੰਜਾਬ ਨੇ ਡੀ.ਆਈ.ਜੀ ਲਖਵਿੰਦਰ ਸਿੰਘ ਜਾਖੜ ਨੂੰ ਪੜਤਾਲ ਵਾਸਤੇ ਬਠਿੰਡਾ ਜੇਲ੍ਹ ਭੇਜ ਦਿੱਤਾ ਜਿਨ੍ਹਾਂ ਨੇ ਅੱਜ ਪੂਰਾ ਦਿਨ ਜੇਲ੍ਹ ਅੰਦਰ ਪੜਤਾਲ ਕੀਤੀ। ਜੇਲ੍ਹ ਵਿਭਾਗ ਨੇ ਚਾਰ ਗੈਂਗਸਟਰ ਅੱਜ ਦੂਸਰੀਆਂ ਜੇਲ੍ਹਾਂ ਵਿਚ ਸਿਫਟ ਕਰ ਦਿੱਤੇ ਗਏ ਹਨ। ਅੱਜ ਵਾਰਦਾਤ ਮਗਰੋਂ ਵੱਡੀ ਗਿਣਤੀ ਵਿੱਚ ਜੇਲ੍ਹ ਦੇ ਬਾਹਰ ਕਮਾਂਡੋਜ ਦੀ ਤਾਇਨਾਤੀ ਕਰ ਦਿੱਤੀ ਗਈ ਅਤੇ ਪੁਲੀਸ ਦਾ ਸਖਤ ਪਹਿਰਾ ਲਗਾ ਦਿੱਤਾ ਗਿਆ। ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਬਠਿੰਡਾ ਘਟਨਾ ਦਾ ਸਖਤ ਨੋਟਿਸ ਲੈਂਦੇ ਹੋਏ ਜੇਲ੍ਹ ਵਿਭਾਗ ਪੰਜਾਬ ਤੋਂ ਰਿਪੋਰਟ ਮੰਗ ਲਈ ਹੈ। ਜਿਲ੍ਹਾ ਮੈਜਿਸਟਰੇਟ ਬਠਿੰਡਾ ਡਾ.ਬਸੰਤ ਗਰਗ ਨੇ ਦੱਸਿਆ ਕਿ ਉਨ੍ਹਾਂ ਨੇ ਘਟਨਾ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਦੋ ਦਿਨਾਂ ਵਿੱਚ ਜਾਂਚ ਮੁਕੰਮਲ ਹੋ ਜਾਵੇਗੀ।

Facebook Comment
Project by : XtremeStudioz