Close
Menu

ਬਠਿੰਡਾ ਦੇ ਲੋਕ ਹਰਸਿਮਰਤ ਬਾਦਲ ਨੂੰ ਉਸ ਦੀ ਹੈਂਕੜਬਾਜ਼ੀ, ਬੇਅਦਬੀ ਦੇ ਮਾਮਲਿਆਂ ਅਤੇ ਪੰਜਾਬ ਨਾਲ ਧ੍ਰੋਹ ਕਮਾਉਣ ਲਈ ਸਬਕ ਸਿਖਾਉਣਗੇ – ਕੈਪਟਨ ਅਮਰਿੰਦਰ ਸਿੰਘ

-- 25 April,2019

 ਪੰਜਾਬ ਵਿੱਚੋਂ ਬਾਦਲਾਂ ਦਾ ਸਫਾਇਆ ਕਰਨ ਦਾ ਅਹਿਦ

– ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੋਕ ਭੁੱਲੇ ਨਹੀਂ

ਬਠਿੰਡਾ, 25 ਅਪ੍ਰੈਲ

ਪੰਜਾਬ ਵਿੱਚੋਂ ਬਾਦਲਾਂ ਦਾ ਸਫਾਇਆ ਕਰਨ ਦਾ ਅਹਿਦ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਬਠਿੰਡਾ ਦੇ ਲੋਕ ਹਰਸਿਮਰਤ ਬਾਦਲ ਨੂੰ ਉਸ ਦੀ ਹੈਂਕੜਬਾਜ਼ੀ ਅਤੇ ਅਕਾਲੀਆਂ ਦੇ ਸ਼ਾਸਨ ਦੌਰਾਨ ਵੱਡੀ ਪੱਧਰ ’ਤੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਉਨਾਂ ਨੂੰ ਕਰਾਰਾ ਸਬਕ ਸਿਖਾਉਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨਾਲ ਜੁੜੇ ਵੱਖ-ਵੱਖ ਮਸਲਿਆਂ ਅਤੇ ਮੌਕਿਆਂ ’ਤੇ ਕੇਂਦਰ ਸਰਕਾਰ ਕੋਲ ਸੂਬੇ ਦੇ ਹੱਕ ਵਿੱਚ ਆਵਾਜ਼ ਉਠਾਉਣ ਦੀ ਬਜਾਏ ਚੁੱਪ ਵੱਟ ਕੇ ਹਰਸਿਮਰਤ ਕੌਰ ਨੇ ਪੰਜਾਬ ਤੇ ਇੱਥੋਂ ਦੇ ਲੋਕਾਂ ਨਾਲ ਦਗਾ ਕਮਾਇਆ ਹੈ। ਉਨਾਂ ਕਿਹਾ ਕਿ ਲੋਕ ਹੁਣ ਬਠਿੰਡਾ ਤੋਂ ਬਾਦਲਾਂ ਨੂੰ ਸਬਕ ਸਿਖਾਉਣਗੇ।

ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਡਿਪਟੀ ਕਮਿਸ਼ਨਰ ਦਫ਼ਤਰ ’ਚ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਤੋਂ ਤੁਰੰਤ ਬਾਅਦ ਕੈਪਟਨ ਅਮਰਿੰਦਰ ਸਿੰਘ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਮੁੱਖ ਮੰਤਰੀ ਨਾਲ ਵਿੱਤ ਮੰਤਰੀ ਮੰਤਰੀ ਮਨਪ੍ਰੀਤ ਸਿੰਘ ਬਾਦਲ, ਰਾਜਾ ਵੜਿੰਗ ਅਤੇ ਸੀਨੀਅਰ ਕਾਂਗਰਸੀ ਨੇਤਾ ਵੀ ਹਾਜ਼ਰ ਸਨ।

ਇਨਾਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀ ਹੂੰਝਾ ਫੇਰ ਜਿੱਤ ਲਈ ਭਰੋਸੇ ਨਾਲ ਲਬਰੇਜ਼ ਮੁੱਖ ਮੰਤਰੀ ਨੇ ਕਿਹਾ ਕਿ ਬਰਗਾੜੀ ਅਤੇ ਕੋਟਕਪੂਰਾ ਦੀਆਂ ਘਟਨਾਵਾਂ ਲੋਕ ਦੇ ਚੇਤਿਆਂ ’ਚ ਅਜੇ ਵੀ ਤਾਜ਼ਾ ਹਨ ਜੋ ਬਾਦਲਾਂ ਵੱਲੋਂ ਫਿਰਕੂ ਤਣਾਅ ਪੈਦਾ ਕਰਨ ਦੇ ਯਤਨਾਂ ਦਾ ਸਿੱਟਾ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਬਰਗਾੜੀ ਜਾਂਚ ਵਿੱਚ ਦਖ਼ਲ ਦੇਣਾ ਬਾਦਲਾਂ ਦਾ ਕੀ ਕੰਮ ਸੀ ਅਤੇ ਇੱਥੋਂ ਤੱਕ ਕਿ ਜਾਂਚ ਕਰ ਰਹੀ ਵਿਸ਼ੇਸ਼ ਟੀਮ ਦੇ ਅਫ਼ਸਰ ਦਾ ਤਬਾਦਲਾ ਕਰਕੇ ਚੋਣ ਕਮਿਸ਼ਨ ਨੇ ਵੀ ਆਪਣੀ ਸੀਮਾ ਪਾਰ ਕੀਤੀ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਅਜੇ ਇਹ ਗੱਲ ਭੁੱਲੀ ਨਹੀਂ ਕਿ ਬਾਦਲਾਂ ਨੇ ਸੂਬੇ ਨੂੰ ਫਿਰਕੂ ਲੀਹਾਂ ’ਤੇ ਵੰਡਣ ਲਈ ਕੀ-ਕੀ ਹੱਥਕੰਡੇ ਅਪਣਾਏ।  ਉਨਾਂ ਕਿਹਾ, ‘‘ਲੋਕ ਬੇਅਦਬੀ ਨੂੰ ਕਿਵੇਂ ਭੁੱਲ ਸਕਦੇ ਹਨ?’’ 

ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਬਾਦਲਾਂ ਨੂੰ ਆਪਣੀਆਂ ਕੀਤੀਆਂ ਹੋਈਆਂ ਭੁਗਤਣੀਆਂ ਪੈਣਗੀਆਂ। ਉਨਾਂ ਕਿਹਾ ਕਿ ਉਨਾਂ ਦੇ ਪਿਛਲੇ ਕਾਰਜਕਾਲ ਦੌਰਾਨ ਵੀ ਅਦਾਲਤਾਂ ਨੇ ਹੀ ਬਾਦਲਾਂ ਨੂੰ ਜੇਲ ਵਿੱਚ ਭੇਜਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਕਾਨੂੰਨ ਅਤੇ ਨਿਆਂ ਵਿੱਚ ਪੂਰਨ ਵਿਸ਼ਵਾਸ ਹੈ ਅਤੇ ਇਸ ਮਾਮਲੇ ਵਿੱਚ ਵੀ ਕਾਨੂੰਨ ਆਪਣਾ ਰਾਹ ਅਖ਼ਤਿਆਰ ਕਰੇਗਾ। 

ਉਨਾਂ ਐਲਾਨ ਕੀਤਾ, ‘‘ਅਸੀਂ ਪੰਜਾਬ ਵਿੱਚੋਂ ਬਾਦਲਾਂ ਦਾ ਸਫਾਇਆ ਕਰਾਂਗੇ।’’ ਮੁੱਖ ਮੰਤਰੀ ਨੇ ਕਿਹਾ ਕਿ ਉਹ ਦੋ ਦਿਨ ਹਰਸਿਮਰਤ ਕੌਰ ਦੇ ਹਲਕੇ ਬਠਿੰਡਾ ਵਿੱਚ ਅਤੇ ਦੋ ਦਿਨ ਫ਼ਿਰੋਜ਼ਪੁਰ ਵਿੱਚ ਲਾਉਣਗੇ ਜਿੱਥੇ ਉਸ ਦਾ ਪਤੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੋਣ ਲੜ ਰਿਹਾ ਹੈ ਅਤੇ ਇਨਾਂ ਦੋਵਾਂ ਹਲਕਿਆਂ ਵਿੱਚ ਉਹ ਬਾਦਲਾਂ ਵਿਰੁੱਧ ਚੋਣ ਪ੍ਰਚਾਰ ਕਰਨਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਸ਼ਿਆਂ ਅਤੇ ਹੋਰ ਮਾਮਲਿਆਂ ਵਿੱਚ ਉਹ ਬਾਦਲਾਂ ਦੇ ਝੂਠ ਦਾ ਪਰਦਾਫਾਸ਼ ਕਰਨਗੇ ਅਤੇ ਇਸ ਗੱਲ ਨੂੰ ਵੀ ਯਕੀਨੀ ਬਣਾਉਣਗੇ ਕਿ ਲੋਕ ਬਾਦਲਾਂ ਦੇ ਗੁੰਮਰਾਹਕੁਨ ਪ੍ਰਚਾਰ ਦੇ ਝਾਂਸੇ ਵਿੱਚ ਨਾ ਆਉਣ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਆਪਣੇ ਵਾਅਦੇ ਮੁਤਾਬਕ ਨਸ਼ਿਆਂ ਦਾ ਲੱਕ ਤੋੜ ਦਿੱਤਾ ਹੈ ਅਤੇ ਸੂਬਾ ਸਰਕਾਰ ਵੱਖ-ਵੱਖ ਮੋਰਚਿਆਂ ਖਾਸ ਕਰਕੇ ਆਈ.ਐਸ.ਆਈ. ਵੱਲੋਂ ਪੰਜਾਬ ਦੀ ਨੌਜਵਾਨੀ ਤਬਾਹ ਕਰਨ ਲਈ ਕਸ਼ਮੀਰ, ਗੁਜਰਾਤ ਅਤੇ ਹੋਰ ਸੂਬਿਆਂ ਰਾਹੀਂ ਨਸ਼ਿਆਂ ਦੀ ਖੇਪ ਭੇਜਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਰੁੱਧ ਲੜਾਈ ਲੜ ਰਹੀ ਹੈ। 

ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਦੀ ਚੋਣਾਂ ਵਿੱਚ ਕਾਰਗੁਜ਼ਾਰੀ ਬਾਰੇ ਜ਼ਿੰਮੇਵਾਰੀ ਤੈਅ ਕਰਨ ਦੇ ਲਏ ਫੈਸਲੇ ਵਿਰੁੱਧ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤੀ ਟਿੱਪਣੀ ਬਾਰੇ ਪੁੱਛੇ ਜਾਣ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਜਿੱਤ ਜਾਂ ਹਾਰ ਦੀ ਜ਼ਿੰਮੇਵਾਰੀ ਸਮੁੱਚੀ ਪਾਰਟੀ ਦੀ ਹੁੰਦੀ ਹੈ ਪਰ ਸੀਨੀਅਰ ਲੀਡਰ ਵਧੇਰੇ ਜਵਾਬਦੇਹ ਹੁੰਦੇ ਹਨ। ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਸੀਨੀਅਰ ਪਾਰਟੀ ਲੀਡਰ ਕਿਸੇ ਵੀ ਉਮੀਦਵਾਰ ਦੀ ਜਿੱਤ ਦੀਆਂ ਸੰਭਾਵਨਾਵਾਂ ਵਿੱਚ ਰੋੜੇ ਅਟਕਾਉਣ ਦੀ ਕੋਸ਼ਿਸ਼ ਕਰਦਾ ਪਾਇਆ ਗਿਆ ਤਾਂ ਉਸ ਨੂੰ ਆਪਣੀਆਂ ਕਾਰਵਾਈਆਂ ਦਾ ਖਾਮਿਆਜ਼ਾ ਭੁਗਤਣਾ ਪਵੇਗਾ। 

ਮੌੜ ਬੰਬ ਧਮਾਕੇ ਦੀ ਜਾਂਚ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਵਿਸ਼ੇਸ਼ ਜਾਂਚ ਟੀਮ ਇਸ ਕੇਸ ਦੀ ਪੜਤਾਲ ਕਰ ਰਹੀ ਹੈ। 

ਗੁਰਦਾਸਪੁਰ ਹਲਕੇ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵਿਰੁੱਧ ਭਾਜਪਾ ਵੱਲੋਂ ਸੰਨੀ ਦਿਓਲ ਨੂੰ ਚੋਣ ਮੈਦਾਨ ਵਿੱਚ ਉਤਾਰਨ ਨਾਲ ਪੈਣ ਵਾਲੇ ਅਸਰ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਿਪੋਰਟਾਂ ਮੁਤਾਬਕ ਜ਼ਮੀਨੀ ਪੱਧਰ ’ਤੇ ਹਵਾ ਕਾਂਗਰਸ ਦੇ ਹੱਕ ਵਿੱਚ ਵਗ ਰਹੀ ਹੈ ਅਤੇ ਉਨਾਂ ਦੀ ਪਾਰਟੀ ਚੋਣਾਂ ’ਚ ਜਿੱਤ ਹਾਸਲ ਕਰੇਗੀ। 

Facebook Comment
Project by : XtremeStudioz