Close
Menu

ਬਰਤਾਨਵੀ ਸਿੱਖਾਂ ਦੇ ਮਾਮਲਿਆਂ ਬਾਰੇ ਬਣੇ ਆਲ-ਪਾਰਲੀਮੈਂਟਰੀ ਗਰੁੱਪ ਦੇ ਰੌਬ ਮੌਰਿਸ ਬਣੇ ਚੇਅਰਮੈਨ

-- 03 July,2015

ਲੰਡਨ, ਸਿੱਖ ਮਾਮਲਿਆਂ ਸਬੰਧੀ ਬਣੇ ਆਲ-ਪਾਰਲੀਮੈਂਟਰੀ ਗਰੁੱਪ ਫ਼ਾਰ ਬਿ੍ਟਿਸ਼ ਸਿੱਖ (ਏ. ਪੀ. ਪੀ. ਜੀ.) ਦੇ ਸੰਸਦ ਮੈਂਬਰ ਰੌਬ ਮੌਰਿਸ ਨੂੰ ਚੇਅਰਮੈਨ ਬਣਾਇਆ ਗਿਆ | ਦੱਖਣ-ਪੱਛਮੀ ਵੁਲਵਰਹੈਂਪਟਨ ਹਲਕੇ ਤੋਂ ਸੰਸਦ ਮੈਂਬਰ ਬਣੇ ਰੌਬ ਮੌਰਿਸ ਸਿੱਖ ਮਾਮਲਿਆਂ ਸਬੰਧੀ ਹਮੇਸ਼ਾ ਆਵਾਜ਼ ਬੁਲੰਦ ਕਰਦੇ ਆ ਰਹੇ ਹਨ | ਸਿੱਖ ਫੈੱਡਰੇਸ਼ਨ ਯੂ.ਕੇ. ਵੱਲੋਂ ਚੋਣਾਂ ਦੌਰਾਨ ਕੀਤੀ ਖੁੱਲ੍ਹੀ ਹਮਾਇਤ ਕਾਰਨ ਹੀ ਉਹ ਸੰਸਦ ਮੈਂਬਰ ਬਣੇ ਹਨ, ਕਿਉਂਕਿ ਉਨ੍ਹਾਂ ਇਸ ਦੌਰਾਨ ਆਪਣੇ ਨਿਕਟ ਵਿਰੋਧੀ ਸਿੱਖ ਐਮ.ਪੀ. ਪੋਲ ਉੱਪਲ ਨੂੰ ਬਹੁਤ ਘੱਟ ਫ਼ਰਕ ਨਾਲ ਹਰਾਇਆ ਸੀ | ਏ.ਪੀ.ਪੀ.ਜੀ. ਦੀ ਪਹਿਲੀ ਏ.ਜੀ.ਐੱਮ. ਦੀ ਮੀਟਿੰਗ 30 ਜੁਲਾਈ ਨੂੰ ਹੋਣ ਜਾ ਰਹੀ ਹੈ | ਸਿੱਖ ਮਾਮਲਿਆਂ ਸਬੰਧੀ ਇਸ ਗਰੁੱਪ ਦੀ ਸਥਾਪਨਾ 10 ਵਰ੍ਹੇ ਪਹਿਲਾਂ ਸਿੱਖ ਫੈੱਡਰੇਸ਼ਨ ਯੂ.ਕੇ. ਵੱਲੋਂ ਕੀਤੀ ਗਈ ਸੀ | ਇਸ ਸਬੰਧੀ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਅਸੀਂ ਰੌਬ ਮੌਰਿਸ ਦੇ ਮੁੜ ਸੰਸਦ ‘ਚ ਆਉਣ ਤੋਂ ਬੇਹੱਦ ਖੁਸ਼ ਹਾਂ ਕਿਉਂਕਿ ਉਨ੍ਹਾਂ ਨੇ ਹਮੇਸ਼ਾ ਸਿੱਖਾਂ ਦੇ ਹੱਕਾਂ ਦੀ ਗੱਲ ਕੀਤੀ ਹੈ | ਉਨ੍ਹਾਂ ਕਿਹਾ ਕਿ ਸਿੱਖ ਚੋਣ ਮਨੋਰਥ ਪੱਤਰ ‘ਚ ਸ਼ਾਮਿਲ ਸਿੱਖਾਂ ਦੀਆਂ ਤਿੰਨ ਮੰਗਾਂ ਬਾਰੇ ਏ.ਪੀ.ਪੀ.ਜੀ. ਵੱਲੋਂ ਪਹਿਲ ਦੇਣਾ ਸਵੀਕਾਰ ਕੀਤਾ ਗਿਆ ਹੈ, ਜਿਸ ਵਿਚ ਜਨ-ਗਨਣਾ ਮੌਕੇ ਸਿੱਖਾਂ ਦੀ ਗਿਣਤੀ ਲਈ ਵੱਖਰਾ ਖ਼ਾਨਾ, ਲੰਡਨ ‘ਚ ਸੰਸਾਰ ਜੰਗ ਵਿਚ ਸਿੱਖਾਂ ਦੀਆਂ ਕੁਰਬਾਨੀਆਂ ਸਬੰਧੀ ਯਾਦਗਾਰ ਸਥਾਪਿਤ ਕਰਨਾ ਅਤੇ ਫਰਾਂਸ ਵਿਚ ਦਸਤਾਰ ‘ਤੇ ਪਾਬੰਦੀ ਖ਼ਤਮ ਕਰਵਾਉਣ ਲਈ ਫਰਾਂਸ ਅਤੇ ਬੈਲਜੀਅਮ ਸਰਕਾਰਾਂ ‘ਤੇ ਦਬਾਅ ਪਾਉਣਾ ਸ਼ਾਮਿਲ ਹੈ | ਇਸ ਦੇ ਨਾਲ ਹੀ ਬਰਤਾਨਵੀ ਸੰਸਦ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹਰ ਸਾਲ ਮਨਾਉਣ ਲਈ ਵੀ.ਏ.ਪੀ.ਪੀ.ਜੀ. ਨੇ ਸਹਿਮਤੀ ਪ੍ਰਗਟਾਈ ਹੈ, ਜਿਸ ਤਹਿਤ ਬਰਤਾਨਵੀ ਸੰਸਦ ‘ਚ ਇਸ ਵਰ੍ਹੇ ਨਵੰਬਰ ਵਿਚ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ |

Facebook Comment
Project by : XtremeStudioz