Close
Menu

ਬਰਾੜ ਤੇ ਖਹਿਰਾ ਹਵਾ ਵਿੱਚ ਲਟਕੇ

-- 01 March,2015

ਚੰਡੀਗੜ੍, ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਦਾ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਣ ਦੇ ਚਰਚੇ ਬੜੇ ਰੌਚਕ ਦੌਰ ਵਿੱਚ ਸ਼ਾਮਲ ਹੋ ਗਏ ਹਨ। ਸ੍ਰੀ ਬਰਾੜ ਨੇ ਪਿਛਲੇ ਸਮੇਂ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਉਪਰ ਪਰਿਵਾਰਵਾਦ ਸਮੇਤ ਕਈ ਤਰ੍ਹਾਂ ਦੇ ਦੋਸ਼ ਲਾ ਕੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੂਬ ਤਾਰੀਫ ਕੀਤੀ ਸੀ। ਉਨ੍ਹਾਂ ਐਲਾਨ ਕੀਤਾ ਸੀ ਕਿ ਉਹ ਜਲਦ ਹੀ ਆਪਣੇ ਸਮਰਥਕਾਂ ਸਮੇਤ ਸਿਆਸਤ ਦੇ ਨਵੇਂ ਦੌਰ ਵਿੱਚ ਸ਼ਾਮਲ ਹੋਣਗੇ। ਇਸੇ ਲੜੀ ਤਹਿਤ ਉਨ੍ਹਾਂ ਦੇ ਭਰਾ ਰਿਪਜੀਤ ਸਿੰਘ ਬਰਾੜ ਤੇ ਹੋਰ ਸਮਰਥਕਾਂ ਨੇ ਵੀ ਕਾਂਗਰਸ ਤੋਂ ਅਸਤੀਫੇ ਦੇ ਦਿੱਤੇ ਸਨ। ਸ੍ਰੀ ਬਰਾੜ ਨੇ ਤਕਰਬੀਨ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਕਿਸੇ ਵੇਲੇ ਵੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ ਪਰ ਹੁਣ ਲੰਮੇ ਸਮੇਂ ਤੋਂ ਉਹ ਗੁੰਮਸ਼ੁਮ ਹੀ ਚੱਲ ਰਹੇ ਹਨ। ਬਰਾੜ ਖੇਮੇ ਵੱਲੋਂ ਕਦੇ ਭਾਜਪਾ ਵਿੱਚ ਸ਼ਾਮਲ ਹੋਣ ’ਚ ਅਕਾਲੀਆਂ ਵੱਲੋਂ ਅੜਿੱਕਾ ਪਾਉਣ ਅਤੇ ਕਦੇ ਮੁੜ ਕਾਂਗਰਸ ਵਿੱਚ ਬੈਕ ਗੇਅਰ ਲਾਉਣ ਦੀਆਂ ਕਨਸੋਆਂ ਚੱਲਦੀਆਂ ਰਹੀਆਂ ਹਨ। ਅੰਦਰਲੀ ਗੱਲ ਇਹ ਹੈ ਕਿ ਕਈ ਕਾਰਨਾਂ ਕਰਕੇ ਜਿਥੇ ਭਾਜਪਾ ਬਰਾੜ ਨੂੰ ਪਾਰਟੀ ਵਿਚ ਸ਼ਾਮਲ ਕਰਨ ਵਿੱਚ ਝਿਝਕ ਰਹੀ ਹੈ, ਉਥੇ ਬਰਾੜ ਵੀ ਇਸ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕੋਈ ਵਿਸ਼ੇਸ਼ ਰੁਤਬਾ ਹਾਸਲ ਕਰਨਾ ਚਾਹੁੰਦੇ ਹਨ। ਉਹ ਇਸੇ ਦੁਬਿਧਾ ਵਿੱਚ ਫਸੇ ਪਏ ਹਨ। ਭਾਜਪਾ ਦਾ ਦਿੱਲੀ ਚੋਣਾਂ ਦੌਰਾਨ ਸਾਬਕਾ ਆਈਪੀਐਸ ਅਧਿਕਾਰੀ ਕਿਰਨ ਬੇਦੀ ਨੂੰ ਪੈਰਾਸ਼ੂਟ ਰਾਹੀਂ ੳੁਤਾਰਨ ਦਾ ਤਜ਼ਰਬਾ ਕੌੜਾ ਨਿਕਲਣ ਕਾਰਨ ਬਰਾੜ ਦਾ ਇਸ ਪਾਰਟੀ ਵਿੱਚ ਜਾਣ ਦਾ ਰਾਹ ਹੋਰ ਟੇਢਾ ਹੋ ਗਿਆ ਜਾਪਦਾ ਹੈ। ਦੂਸਰੇ ਪਾਸੇ ਕਾਂਗਰਸੀ ਸ੍ਰੀ ਖਹਿਰਾ ਦੇ ਆਪ ਵਿੱਚ ਜਾਣ ਦੀ ਚਰਚਾ ਦੇ ਨਾਲ ਹੀ ਆਪ ਦੇ ਹੀ ਕੁਝ ਆਗੂਆਂ ਵੱਲੋਂ ਉਨ੍ਹਾਂ ਦੇ ਰਸਤੇ ਵਿੱਚ ਦੀਵਾਰ ਖੜ੍ਹੀ ਕਰਨ ਕਾਰਨ ਸਥਿਤੀ ਬੜੀ ਰੌਚਕ ਬਣੀ ਪਈ ਹੈ। ਅਗਲੇ ਦਿਨੀਂ ਇਨ੍ਹਾਂ ਦੋਵਾਂ ਕਾਂਗਰਸੀਆਂ ਦੇ ਨਵੇਂ ਸਿਆਸੀ ਚਿਹਰੇ ਸਾਹਮਣੇ ਆਉਣ ਦੇ ਆਸਾਰ ਹਨ।

Facebook Comment
Project by : XtremeStudioz