Close
Menu

ਬਰੈਂਪਟਨ ਵਿੱਚ ‘ਕੌਮਾਗਾਟਾ ਮਾਰੂ’ ਯਾਦਗਾਰੀ ਪਾਰਕ ਤੇ ਲਾਇਬ੍ਰੇਰੀ ਦਾ ਉਦਘਾਟਨ

-- 08 March,2018

ਟੋਰਾਂਟੋ, ਪੰਜਾਬੀਆਂ ਦੇ ਗੜ੍ਹ ਬਰੈਂਪਟਨ ਵਿੱਚ ਅੱਜ ਇੱਕ ਭਾਵਪੂਰਤ ਸਮਾਗਮ ਦੌਰਾਨ ‘ਕੌਮਾਗਾਟਾ ਮਾਰੂ’ ਯਾਦਗਾਰੀ ਪਾਰਕ ਅਤੇ ਲਾਇਬ੍ਰੇਰੀ ਲੋਕ ਅਰਪਣ ਕੀਤੇ ਗਏ। ਇਸ ਮੌਕੇ ਸ਼ਹਿਰ ਦੀ ਮੇਅਰ ਬੀਬੀ ਲਿੰਡਾ ਜੈਫਰੀ, ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਰੀਜਨਲ ਕੌਂਸਲਰ ਜੌਹਨ ਸੁਪਰਾਵਰੀ, ਇਲਾਕੇ ਦੇ ਪਤਵੰਤੇ ਅਤੇ ਵਿਦਿਆਰਥੀਆਂ ਨੇ ਰਿਬਨ ਕੱਟ ਕੇ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਵਿਸ਼ਾਲ ਅਤੇ ਸ਼ਾਨਦਾਰ ਇਮਾਰਤ ਵਾਲੀ ਲਾਇਬ੍ਰੇਰੀ ਦੇ ਨਾਲ ਲੱਗਦੇ ਪਾਰਕ ਦਾ ਨਾਂ ਵੈਨਕੂਵਰ ਦੀ ਧਰਤੀ ’ਤੇ 104 ਵਰ੍ਹੇ ਪਹਿਲਾਂ ਵਾਪਰੇ ਦੁਖਾਂਤ ਦੀ ਯਾਦ ਵਿੱਚ ‘ਕੌਮਾਗਾਟਾ ਮਾਰੂ’ ਜਹਾਜ਼ ਦੇ ਨਾਂ ’ਤੇ ਰੱਖਿਆ ਗਿਆ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਢਿੱਲੋਂ ਨੇ ਆਖਿਆ ਕਿ ਲਾਇਬ੍ਰੇਰੀਆਂ ਦੀ ਨੌਜਵਾਨ ਪੀੜ੍ਹੀ ਲਈ ਬਹੁਤ ਮਹੱਤਤਾ ਹੈ ਤੇ ਇਸ ਲਾਇਬ੍ਰੇਰੀ ਤੇ ਪਾਰਕ ਬਹਾਨੇ ਸਾਰੇ ਭਾਈਚਾਰਿਆਂ ਦੇ ਲੋਕ ਇੱਕ-ਦੂਜੇ ਨਾਲ ਘੁਲ ਮਿਲ ਸਕਣਗੇ। ਜ਼ਿਕਰਯੋਗ ਹੈ ਕਿ ਲਾਇਬ੍ਰੇਰੀ ਅਤੇ ਪਾਰਕ ਲਈ ਸ੍ਰੀ ਢਿੱਲੋਂ ਦਾ ਵਿਸ਼ੇਸ਼ ਯੋਗਦਾਨ ਹੈ। ਦੱਸਣਯੋਗ ਹੈ ਕਿ ਬਰੈਂਪਟਨ ਦੀ ਆਬਾਦੀ 6 ਲੱਖ ਦੇ ਕਰੀਬ ਹੈ। 2011 ਦੀ ਜਨਗਣਨਾ ਅਨੁਸਾਰ ਬਰੈਂਪਟਨ ਦੀ ਆਬਾਦੀ ਦਾ ਦੋ-ਤਿਹਾਈ ਹਿੱਸਾ ਘੱਟ ਗਿਣਤੀ ਭਾਈਚਾਰੇ ਹਨ, ਜਿਨ੍ਹਾਂ ਵਿੱਚ ਤਕਰੀਬਨ 40 ਫ਼ੀਸਦ ਦੱਖਣ ਭਾਰਤ ਦੇ ਲੋਕ ਹਨ ਅਤੇ 20 ਫ਼ੀਸਦ ਸਿੱਖ ਵਸੋਂ ਹੈ।

Facebook Comment
Project by : XtremeStudioz