Close
Menu

ਬਾਜਵਾ ਦੀ ਹਾਲਤ ਬੇਹੱਦ ਤਰਸਯੋਗ ‑ ਸੁਖਬੀਰ ਸਿੰਘ ਬਾਦਲ

-- 10 August,2013

 

ਮਲੋਟ,10 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਪ੍ਰਦੇਸ਼ ਕਾਂਗਸਰ ਕਮੇਟੀ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਦੀ ਹਾਲਤ ਬੇਹੱਤ ਤਰਸਯੋਗ ਬਣੀ ਹੋਈ ਹੈ ਕਿਉਂਕਿ ਨਾ ਤਾਂ ਕਾਂਗਰਸ ਹਾਈਕਮਾਂਡ ਉਸਦੀ ਕੋਈ ਗੱਲ ਸੁਣਦੀ ਹੈ ਅਤੇ ਨਾ ਹੀ ਪ੍ਰਦੇਸ਼ ਕਾਂਗਰਸ ਇਕਾਈ ਉਸਦੀ ਕੋਈ ਪ੍ਰਵਾਹ ਕਰਦੀ ਹੈ।

ਸ: ਬਾਦਲ ਨੇ ਇੱਥੇ ਜ਼ਿਲ੍ਹੇ ਦੇ 269 ਸਰਪੰਚਾਂ ਅਤੇ 2029 ਪੰਚਾਂ ਨੂੰ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਉਣ ਦੇ ਸਮਾਗਮ ਤੋਂ ਬਾਅਦ ਇੱਥੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਸ: ਬਾਜਵਾ ਦੁਰਗਾ ਸ਼ਕਤੀ ਨਾਗਪਾਲ ਦੇ ਮਾਮਲੇ ਵਿਚ ਅਤੇ ਰੇਤ ਮਾਇਨਿੰਗ ਦੇ ਮਾਮਲੇ ਵਿਚ ਕੁਝ ਨਾ ਹੀ ਬੋਲਣ ਤਾਂ ਚੰਗਾ ਹੈ ਕਿਉਂਕਿ ਅਜੇ ਕੱਲ ਹੀ ਕਾਂਗਰਸ ਦੀ ਸੱਤਾ ਵਾਲੇ ਹਿਮਾਚਲ ਪ੍ਰਦੇਸ਼ ਵਿਚ ਰੇਤ ਮਾਫੀਏ ਨੇ ਨਾਲਾਗੜ੍ਹ ਦੇ ਐਸ.ਡੀ.ਐਮ. ਯੂਨਿਸ ਖਾਨ, ਜੋ ਕਿ ਦੁਰਗਾ ਸ਼ਕਤੀ ਨਾਗਪਾਲ ਦੇ ਬੈਚ ਵਿਚੋਂ ਹੈ, ਨੂੰ ਕੁਚਲ ਕੇ ਮਾਰਨ ਦੀ ਕੋਸਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਖੁਦ ਘੋਟਾਲਿਆਂ ਅਤੇ ਰੇਤ ਮਾਇਨਿੰਗ ਦੇ ਘਪਲਿਆਂ ਵਿਚ ਦੇਸ਼ ਭਰ ਵਿਚ ਘਿਰੀ ਹੋਈ ਹੈ। ਉਨ੍ਹਾਂ ਕਿ ਹਰਿਆਣ, ਹਿਮਾਚਲ ਪ੍ਰਦੇਸ਼, ਉਤਰਾਂਚੰਲ, ਕਰਨਾਟਕ ਆਦਿ ਸਭ ਸੂਬਿਆਂ ਵਿਚ ਕਾਂਗਰਸ ਦੀ ਛੱਤਰ ਛਾਇਆ ਹੇਠ ਮਾਇਨਿੰਗ ਮਾਫੀਆ ਸਰਗਰਮ ਹੈ ਜੋ ਕਿ ਕਾਂਗਰਸ ਦੀਆਂ ਲੁਕਵੀਆਂ ਹਦਾਇਤਾਂ ਤੇ ਮੁਲਕ ਵਿਚ ਰੇਤ ਦੀਆਂ ਕੀਮਤਾਂ ਵਿਚ ਬਣਾਉਟੀ ਵਾਧਾ ਕਰ ਰਿਹਾ ਹੈ। ਉਨ੍ਹਾਂ ਸ੍ਰੀ ਬਾਜਵਾ ਨੂੰ ਕਿਹਾ ਕਿ ਉਹ ਵਾਤਾਵਰਨ ਮੰਤਰਾਲੇ ਤੋਂ ਮਾਇੰਨਿੰਗ ਲਈ ਬਕਾਇਆ ਪਏ ਕੇਸ ਪਾਸ ਕਰਵਾਉਣ ਲਈ ਭਾਰਤ ਸਰਕਾਰ ਦੇ ਵਾਤਾਵਰਨ ਮੰਤਰਾਲੇ ਅੱਗੇ ਧਰਨਾ ਲਗਾ ਕੇ ਲੋਕ ਸਭਾ ਮੈਂਬਰ ਹੋਣ ਦੇ ਆਪਣੇ ਫਰਜ ਪੂਰੇ ਕਰਨ।

ਜਦੋਂ ਉਨ੍ਹਾਂ ਤੋਂ ਕਾਂਗਰਸ ਦੀ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਦੇ ਸੰਗਤ ਦਰਸ਼ਨ ਸਮਾਗਮਾਂ ਵਿਚ ਆਉਣ ਸਬੰਧੀ ਪੁਛਿਆ ਗਿਆ ਤਾਂ ਸ: ਬਾਦਲ ਨੇ ਕਿਹਾ ਕਿ ਇਸ ਨਾਲ ਇਹ ਸਿੱਧ ਹੁੰਦਾ ਹੈ ਕਿ ਕਾਂਗਰਸੀ ਵਿਧਾਇਕ ਵੀ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਵੱਲੋਂ ਲੋਕਾਂ ਦੇ ਵਿਚ ਬੈਠ ਕੇ ਲੋਕਾਂ ਦੇ ਮਸਲੇ ਹੱਲ ਕਰਨ ਦੇ ਸੰਗਤ ਦਰਸ਼ਨ ਪ੍ਰੋਗਰਾਮ ਦੀ ਸਫਲਤਾ ਨੂੰ ਕਬੂਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਿਧਾਇਕਾਂ ਦੀ ਹਾਈਕਮਾਂਡ ਕੋਈ ਸੁਣਵਾਈ ਨਹੀਂ ਕਰਦੀ ਅਤੇ ਇਸੇ ਲਈ ਉਹ ਵੀ ਹੁਣ ਸਮਝਣ ਲੱਗੇ ਹਨ ਕਿ ਜੇਕਰ ਉਹ ਮੁੱਖ ਮੰਤਰੀ ਕੋਲ ਆਪਣੀਆਂ ਮੁਸਕਿਲਾਂ ਲੈ ਕੇ ਆਉਣਗੇ ਤਾਂ ਉਨ੍ਹਾਂ ਦੇ ਵਿਧਾਨ ਸਭਾ ਖੇਤਰਾਂ ਦੇ ਮਸਲੇ ਅਸਾਨੀ ਨਾਲ ਮੁੱਖ ਮੰਤਰੀ ਹੱਲ ਕਰ ਦੇਣਗੇ। ਉਨ੍ਹਾਂ ਕਿਹਾ ਕਿ ਹਰ ਇਕ ਦਾ ਸੰਗਤ ਦਰਸ਼ਨ ਸਮਾਗਮਾਂ ਵਿਚ ਸਵਾਗਤ ਹੈ ਬਸ਼ਰਤੇ ਉਹ ਮੀਡੀਆ ਦੀਆਂ ਸੁਰਖ਼ੀਆਂ ਬਣਨ ਅਤੇ ਖਲਲ ਪਾਉਣ ਦੇ ਇਰਾਦੇ ਨਾਲ ਨਾ ਆਇਆ ਹੋਵੇ। ਉਨ੍ਹਾਂ ਕਾਂਗਰਸੀ ਵਿਧਾਇਕਾਂ ਨੂੰ ਕਿਹਾ ਕਿ ਉਹ ਕੇਂਦਰ ਸਰਕਾਰ ਕੋਲ ਪੰਜਾਬ ਦੇ ਜਾਣਬੁਝ ਕੇ ਰੋਕੇ ਹੋਏ ਪ੍ਰੋਜੈਕਟਾਂ ਨੂੰ ਛੇਤੀ ਮਜੂੰਰ ਕਰਵਾਉਣ ਲਈ ਚਾਰਾਜੋਈ ਕਰਨ।

ਸ: ਬਾਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ.ਕੇ. ਨਾਲ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਦੀ ਜਨਮ ਭੂਮੀ ਇਟਲੀ ਦੇ ਹਵਾਈ ਅੱਡੇ ਤੇ ਉਨ੍ਹਾਂ ਦੀ ਪੱਗ ਲਾਹੁਣ ਦੀ ਘਟਨਾ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸ: ਜੀ.ਕੇ. ਨੇ ਪੁਰੀ ਮਜਬੁਤੀ ਨਾਲ ਹਵਾਈ ਅੱਡੇ ਤੇ ਆਪਣਾ ਵਿਰੋਧ ਜਤਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਵਿਦੇਸ਼ਾਂ ਵਿਚ ਸਿੱਖਾਂ ਦੇ ਧਾਰਮਿਕ ਮਸਲਿਆਂ ਦੀ ਰਾਖੀ ਕਰਨ ਵਿਚ ਪੁਰੀ ਤਰਾਂ ਨਾਕਾਮ ਰਹੀ ਹੈ । ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਸਮਾਂ ਰਹਿੰਦੇ ਯਤਨ ਕੀਤੇ ਹੁੰਦੇ ਤਾਂ ਸਿੱਖਾਂ ਦੀ ਪੱਗ ਸਬੰਧੀ ਵਿਦੇਸ਼ਾਂ ਵਿਚ ਪੈਦਾ ਹੋ ਰਹੇ ਮਸਲੇ ਉਪਜਣੇ ਹੀ ਨਹੀਂ ਸਨ।

ਪੀਪਲਜ਼ ਪਾਰਟੀ ਆਫ ਪੰਜਾਬ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਇਸ ਬੀ ਟੀਮ ਦਾ ਪੰਜਾਬ ਵਿਚ ਹੁਣ ਕੋਈ ਵਜੂਦ ਨਹੀਂ ਹੈ ਅਤੇ ਇਸ ਦੀਆਂ ਸਾਰੀਆਂ ਵਿਕਟਾਂ ਡਿੱਗ ਚੁੱਕੀਆਂ ਹਨ। ਮਨਪ੍ਰੀਤ ਦੇ ਪਾਰਟੀ ਵਿਚ ਵਾਪਸੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਸ: ਬਾਦਲ ਨੇ ਕਿਹਾ ਕਿ ਇਸ ਸਬੰਧੀ ਫੈਸਲਾ ਪਾਰਟੀ ਨੇ ਕਰਨਾ ਹੋਵੇਗਾ।

ਇਸ ਤੋਂ ਪਹਿਲਾਂ ਪੰਚਾਂ ਸਰਪੰਚਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿਚ ਰਾਜ ਦੇ ਪਿੰਡਾਂ ਦਾ ਵੱਡੇ ਪੱਧਰ ਤੇ ਸਰਵ ਪੱਖੀ ਵਿਕਾਸ ਕਰਨ ਲਈ ਸੂਬਾ ਸਰਕਾਰ ਨੇ 10 ਹਜਾਰ ਕਰੋੜ ਰੁਪਏ ਰਾਖਵੇਂ ਰੱਖੇ ਹਨ। ਉਨ੍ਹਾਂ ਕਿਹਾ ਕਿ ਪੰਚਾਇਤਾਂ ਦੇ ਕੰਮਕਾਜ ਨੂੰ ਹੋਰ ਪ੍ਰਭਾਵੀ ਅਤੇ ਪਾਰਦਰਸ਼ੀ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਈ.‑ਪੰਚਾਇਤ ਪ੍ਰੋਜੈਕਟ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਸੜਕਾਂ ਦੀ ਮੁਰਮੰਤ ਤੇ 1700 ਕਰੋੜ ਰੁਪਏ ਖਰਚੇ ਜਾ ਰਹੇ ਹਨ। ਉਨ੍ਹਾਂ ਪੰਚਾਇਤਾਂ ਨੂੰ ਪਿੰਡਾ ਦੇ ਵਿਕਾਸ ਲਈ ਉਪਰਾਲੇ ਤੇਜ ਕਰਨ ਲਈ ਕਿਹਾ।

ਇਸ ਤੋਂ ਪਹਿਲਾਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ: ਸੁਰਜੀਤ ਸਿੰਘ ਰਖੜਾ, ਲੋਕ ਸਭਾ ਮੈਂਬਰ ਸ: ਸ਼ੇਰ ਸਿੰਘ ਘੁਬਾਇਆ, ਹਲਕਾ ਵਿਧਾਇਕ ਸ: ਹਰਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਸ: ਮਨਜੀਤ ਸਿੰਘ ਬਰਕੰਦੀ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ,  ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਮੈਂਬਰ ਐਸ.ਜੀ.ਪੀ.ਸੀ., ਚੇਅਰਮੈਨ ਸ: ਤਜਿੰਦਰ ਸਿੰਘ ਮਿੱਡੂਖੇੜਾ, ਸ: ਹਰਦੀਪ ਸਿੰਘ ਢਿੱਲੋਂ, ਸ: ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਸ: ਅਵਤਾਰ ਸਿੰਘ ਵਨਵਾਲਾ, ਸ: ਬਸੰਤ ਸਿੰਘ ਕੰਗ, ਸ: ਰਾਮ ਸਿੰਘ ਆਰੇਵਾਲਾ, ਸ: ਬਲਦੇਵ ਸਿੰਘ ਬਲਮਗੜ੍ਹ, ਵੀਰਪਾਲ ਕੌਰ ਤਰਮਾਲਾ, ਸ: ਬਖਸ਼ੀਸ ਸਿੰਘ ਵਿੱਕੀ ਮਿੱਡੂਖੇੜਾ, ਜੱਥੇਦਾਰ ਨਵਤੇਜ ਸਿੰਘ ਕਾਉਣੀ, ਜੱਥੇਦਾਰ ਗੁਰਪਾਲ ਸਿੰਘ ਗੋਰਾ, ਸ: ਰਣਜੋਧ ਸਿੰਘ ਲੰਬੀ, ਭਾਜਪਾ ਪ੍ਰਧਾਨ ਸ੍ਰੀ ਰਾਕੇਸ ਧੀਂਗੜਾ ਆਦਿ ਵੀ ਹਾਜਰ ਸਨ।

 

Facebook Comment
Project by : XtremeStudioz