Close
Menu

ਬਾਜਵਾ ਦੇ ਬਰਾਬਰ ਸੰਪਰਕ ਮੁਹਿੰਮ ਛੇਡ਼ੇਗਾ ਕੈਪਟਨ ਧਡ਼ਾ

-- 26 June,2015

ਚੰਡੀਗੜ੍ਹ, 26 ਜੂਨ: ਲੋਕ ਸਭਾ ਵਿੱਚ ਕਾਂਗਰਸ ਦੇ ੳੁਪ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਪਾਰਟੀ ਦੇ 50 ਨੇਤਾਵਾਂ ਨਾਲ ਮੀਟਿੰਗ ਕਰ ਕੇ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਵਿੱਢੇ ਪ੍ਰੋਗਰਾਮ ਦੇ ਬਰਾਬਰ ਇਕ ਜੁਲਾੲੀ ਤੋਂ ਰਾਜ ਵਿੱਚ ਲੋਕ ਸੰਪਰਕ ਮੁਹਿੰਮ ਛੇੜਣ ਦਾ ਫੈਸਲਾ ਕੀਤਾ ਹੈ। ੳੁਨ੍ਹਾਂ ਇਸ ਫੈਸਲੇ ਨਾਲ ਹਾਈ ਕਮਾਂਡ ਨੂੰ ਅਸਿੱਧੇ ਢੰਗ ਨਾਲ ਚੁਣੌਤੀ ਦਿੱਤੀ ਹੈ।
ਸੂਤਰਾਂ ਅਨੁਸਾਰ ਕੈਪਟਨ ਨੇ ਅੱਜ ਇੱਥੇ ਪਾਰਟੀ ਦੇ ਅੱਠ ਵਿਧਾਇਕਾਂ, ਅੱਧੀ ਦਰਜਨ ਦੇ ਕਰੀਬ ਸਾਬਕਾ ਮੰਤਰੀਆਂ ਅਤੇ ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਨਾਲ ਲੰਚ ਮੀਟਿੰਗ ਕਰ ਕੇ ਇਹ ਫੈਸਲਾ ਲਿਆ। ਅੱਜ ਬੇਅੰਤ ਸਿੰਘ ਪਰਿਵਾਰ ਦੇ ਪ੍ਰਮੁੱਖ ਆਗੂ ਤੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਦੇ ਵੀ ਕੈਪਟਨ ਦੀ ਲੰਚ ਡਿਪਲੋਮੇਸੀ ਵਿੱਚ ਸ਼ਾਮਲ ਹੋਣ ਨਾਲ ਇਸ ਧਿਰ ਨੂੰ ਹੋਰ ਤਾਕਤ ਮਿਲੀ। ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਵਿਧਾਇਕ ਪੋਤਰਾ ਗੁਰਕੀਰਤ ਸਿੰਘ ਕੋਟਲੀ ਪਹਿਲਾਂ ਹੀ ਕੈਪਟਨ ਦੇ ਹਰੇਕ ਪ੍ਰੋਗਰਾਮ ਵਿੱਚ ਸ਼ਾਮਲ ਹੋ ਰਿਹਾ ਹੈ, ਜਦੋਂ ਕਿ ਦੂਜਾ ਪੋਤਰਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਖ਼ੁਦ ਪੰਜਾਬ ਦੀ ਪ੍ਰਧਾਨਗੀ ਦੀ ਦੌੜ ਵਿੱਚ ਹੋਣ ਕਾਰਨ ਕੈਪਟਨ ਤੋਂ ਦੂਰੀਆਂ ਬਣਾਈ ਬੈਠਾ ਹੈ।  ਕੈਪਟਨ ਨੇ ਆਪਣੇ ਸਮਰਥਕਾਂ ਨਾਲ ਪਹਿਲਾਂ 17 ਜੂਨ ਨੂੰ ਵੀ ਲੰਚ ਮੀਟਿੰਗ ਕੀਤੀ ਸੀ। ਉਸ ਮੀਟਿੰਗ ਵਿੱਚ ਸ਼ਾਮਲ ਨਾ ਹੋ ਸਕਣ ਵਾਲੇ ਆਗੂ ਅੱਜ ਮਿਲਣ ਆਏ। ੳੁਨ੍ਹਾਂ ਦੀ ਸੈਕਟਰ-10 ਸਥਿਤ ਕੋਠੀ ਵਿੱਚ ਅੱਜ ਲੰਚ ਮੀਟਿੰਗ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਸਵੇਰ ਤੋਂ ਚਹਿਲ-ਪਹਿਲ ਸ਼ੁਰੂ ਹੋ ਗਈ ਸੀ। ਸੂਤਰਾਂ ਅਨੁਸਾਰ ਇਸ ਮੌਕੇ ਕੈਪਟਨ ਨੇ ਆਗੂਆਂ ਦੇ ਵਿਚਾਰ ਸੁਣਨ ਮਗਰੋਂ ਲੋਕਾਂ ਕੋਲ ਪਹੁੰਚ ਕਰਨ ਦਾ ਪ੍ਰੋਗਰਾਮ ਬਣਾਇਆ ਅਤੇ ਇਸ ਦੀ ਸ਼ੁਰੂਆਤ ਇਕ ਜੁਲਾਈ ਨੂੰ ਜਲੰਧਰ ਤੋਂ  ਕੀਤੀ ਜਾਵੇਗੀ। ਇਸ ਤਹਿਤ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਪ੍ਰੋਗਰਾਮ ਉਲੀਕੇ ਜਾਣਗੇ। ਇਨ੍ਹਾਂ ਪ੍ਰੋਗਰਾਮਾਂ ਵਿੱਚ ਕੈਪਟਨ ਹਾਜ਼ਰੀ ਭਰਨਗੇ। ਇਸ ਮੌਕੇ ਸਿੱਧੇ ਤੌਰ ’ਤੇ ਸ੍ਰੀ ਬਾਜਵਾ ਬਾਰੇ ਚਰਚਾ ਨਹੀਂ ਹੋਈ। ਸੂਤਰਾਂ ਅਨੁਸਾਰ ਲੰਚ ਮੀਟਿੰਗਾਂ ਅਤੇ ਪੰਜਾਬ ਵਿੱਚ ਉਲੀਕੇ ਪ੍ਰੋਗਰਾਮ ਰਾਹੀਂ ਹਾਈ ਕਮਾਂਡ ਨੂੰ ਇਹ ਦੱਸਣ ਦਾ ਯਤਨ ਕੀਤਾ ਗਿਆ ਕਿ ਪੰਜਾਬ ਵਿੱਚ ਕੈਪਟਨ ਦੀ ਹੀ ਤੂਤੀ ਬੋਲਦੀ ਹੈ।
ਅੱਜ ਲੰਚ ਮੀਟਿੰਗ ਵਿੱਚ ਵਿਧਾਇਕ ਤਰਲੋਚਨ ਸਿੰਘ ਸੂੰਢ, ਕੇਵਲ ਢਿੱਲੋਂ, ਜੋਗਿੰਦਰ ਸਿੰਘ ਪੰਜਗਰਾਈਂ, ਓ.ਪੀ. ਸੋਨੀ, ਅਮਰੀਕ ਸਿੰਘ ਢਿੱਲੋਂ, ਨਵਤੇਜ ਸਿੰਘ ਚੀਮਾ ਤੇ ਸੁਖਜਿੰਦਰ ਸਿੰਘ ਰੰਧਾਵਾ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ, ਸੰਤੋਸ਼ ਚੌਧਰੀ, ਸਰਦੂਲ ਸਿੰਘ ਬੰਡਾਲਾ, ਅਵਤਾਰ ਹੈਨਰੀ ਵੀ ਪੁੱਜੇ। ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਹੋਰ ਸੀਨੀਅਰ ਆਗੂਆਂ ਵਿੱਚ ਬੀਰਦਵਿੰਦਰ ਸਿੰਘ, ਲਾਲੀ ਮਜੀਠੀਆ, ਗੁਰਪ੍ਰੀਤ ਕਾਂਗੜ, ਹਰਮਿੰਦਰ ਜੱਸੀ, ਹਰਮਿੰਦਰ ਸਿੰਘ ਗਿੱਲ, ਸੀਡੀ ਕੰਬੋਜ, ਮਹਿੰਦਰ ਰਿਣਵਾਂ, ਰਮਨ ਭੱਲਾ, ਜਗਬੀਰ ਸਿੰਘ ਬਰਾੜ, ਰਜੀਆ ਸੁਲਤਾਨਾ, ਸੁਰਜੀਤ ਸਿੰਘ ਧੀਮਾਨ, ਓਪਿੰਦਰ ਸ਼ਰਮਾ, ਵਿਕਰਮਜੀਤ  ਚੌਧਰੀ ਅਤੇ ਰਣਜੀਤ ਸਿੰਘ ਛੱਜਲਵੱਢੀ  ਮੁੱਖ ਹਨ।

Facebook Comment
Project by : XtremeStudioz