Close
Menu

ਬਾਜਵਾ ਨੂੰ ਬਦਲਣ ਦੀ ਕੋਈ ਤਜਵੀਜ਼ ਨਹੀਂ: ਅਹਿਮਦ

-- 10 December,2014

ਪਠਾਨਕੋਟ,‘‘ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਤਬਦੀਲ ਕਰਨ ਦਾ ਫਿਲਹਾਲ ਕੋਈ ਪ੍ਰਸਤਾਵ ਨਹੀਂ।’’ ਇਹ ਪ੍ਰਗਟਾਵਾ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਤੇ ਬੁਲਾਰੇ ਡਾ. ਸ਼ਕੀਲ ਅਹਿਮਦ ਨੇ ਅੱਜ ਇਥੇ ਪੱਤਰਕਾਰਾਂ ਦੇ ਸਵਾਲਾਂ ਦੇ ਜੁਆਬਾਂ ਦਿੰਦਿਆਂ ਕੀਤਾ। ਉਹ ਇਥੇ ਸੂਬੇ ’ਚ ਕਾਂਗਰਸ ਦੇ ਸੰਗਠਨ ਦੀ ਮੈਂਬਰਸ਼ਿਪ ਦੀ ਭਾਜਪਾ ਦੇ ਗੜ੍ਹ ਮੰਨੇ ਜਾਂਦੇ ਪਠਾਨਕੋਟ ਤੋਂ ਸ਼ੁਰੂਆਤ ਕਰਨ ਆਏ ਸਨ। ਇਸ ਮੌਕੇ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੰਤਰੀ ਰਮਨ ਭੱਲਾ, ਸਾਬਕਾ ਵਿਧਾਇਕ ਰਾਮ ਸਰੂਪ ਬਾਗੀ ਤੇ ਅਸ਼ੋਕ ਸ਼ਰਮਾ, ਜ਼ਿਲ੍ਹਾ ਪ੍ਰਧਾਨ ਅਨਿਲ ਵਿੱਜ, ਨਰੇਸ਼ ਪੁਰੀ, ਚੌਧਰੀ ਰਾਜਬੀਰ ਸਿੰਘ, ਸੁਖਦੇਵ ਵਡੈਹਰਾ ਅਤੇ ਹੋਰ ਆਗੂ ਮੌਜੂਦ ਸਨ। ਜਦ ਕਿ ਅਹਿਮਦ ਦਾ ਬਿਆਨ ਇਸ ਗੱਲ ਵੱਲ ਦਿਵਾਇਆ ਗਿਆ ਕਿ ਗੁਰਦਾਸਪੁਰ ਨਾਲ ਸਬੰਧਤ ਰਾਜ ਸਭਾ ਮੈਂਬਰ ਅਸ਼ਵਨੀ ਕੁਮਾਰ ਇਹ ਕਹਿ ਚੁੱਕੇ ਹਨ ਕਿ ਪ੍ਰਦੇਸ਼ ਦੀ ਲੀਡਰਸ਼ਿਪ ਜਲਦੀ ਤਬਦੀਲ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਪ੍ਰਦੇਸ਼ ਪ੍ਰਧਾਨ ਦੀ ਤਬਦੀਲੀ ਬਾਰੇ ਬਿਆਨ ਦੇਣ ਦਾ ਹੱਕ ਸਿਰਫ ਪਾਰਟੀ ਦੀ ਕੌਮੀ ਪ੍ਰਧਾਨ ਜਾਂ ਹਾਈ ਕਮਾਂਡ ਨੂੰ ਹੈ ਅਤੇ ਹਾਈ ਕਮਾਂਡ ਦੀ ਅਜੇ ਕੋਈ ਅਜਿਹੀ ਯੋਜਨਾ ਨਹੀਂ ਹੈ।
ਸ੍ਰੀ ਅਹਿਮਦ ਨੇ ਮੋਦੀ ਸਰਕਾਰ ’ਤੇ ਹਮਲੇ ਕਰਦਿਆਂ ਕਿਹਾ ਕਿ ਦੇਸ਼ ਐਸੇ ਹੱਥਾਂ ’ਚ ਚਲਾ ਗਿਆ ਹੈ ਜੋ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਹਨ। ਭਾਰਤੀ ਜਨਤਾ ਪਾਰਟੀ ਹਮੇਸ਼ਾ ਫਿਰਕੂ ਦੰਗੇ ਕਰਵਾਉਂਦੀ ਰਹੀ ਹੈ ਅਤੇ ਹੁਣ ਵੀ ਫਿਰਕੂ ਭਾਵਨਾਵਾਂ ਭੜਕਾ ਕੇ ਦੇਸ਼ ਦੀ ਏਕਤਾ ਨੂੰ ਖਤਰੇ ’ਚ ਪਾਏਗੀ। ਉਨ੍ਹਾਂ ਮੋਦੀ ਸਰਕਾਰ ਨੂੰ ‘ਪਲਟੀ ਸਰਕਾਰ’ ਕਰਾਰ ਦਿੰਦਿਆਂ ਕਿਹਾ ਕਿ ਇਸ ਦੇ ਆਗੂ ਸਰਕਾਰ ਬਣਨ ਤੋਂ ਪਹਿਲਾਂ ਕੁਝ ਕਹਿੰਦੇ ਸਨ ਤੇ ਸਰਕਾਰ ਬਣਨ ਬਾਅਦ ਹਰ ਗੱਲ ਉਲਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਤਾ ’ਚ ਆਉਣ ਤੋਂ ਪਹਿਲਾਂ ਆਪਣੀ ਛਾਤੀ ਦਾ ਮਾਪ 56 ਇੰਚ ਦੱਸਦੇ ਸਨ ਜਦਕਿ ਇਨ੍ਹਾਂ ਦੇ ਰਾਜ ’ਚ ਇਹ ਪਹਿਲੀ ਵਾਰ ਹੋÇੀÂਆ ਹੈ ਕਿ ਸੰਨ 1971 ਦੀ ਜੰਗ ਤੋਂ ਬਾਅਦ ਇੰਨੀ ਜ਼ਿਆਦਾ ਵਾਰ ਪਾਕਿਸਤਾਨ ਨੇ ਅੰਤਰਰਾਸ਼ਟਰੀ ਸਰਹੱਦ ਦਾ ਉਲੰਘਣ ਕੀਤਾ ਹੋਵੇ ਤੇ ਗੋਲੀਬਾਰੀ ਕੀਤੀ ਹੋਵੇ। ਕੇਂਦਰ ’ਚ ਸਰਕਾਰ ਬਣ ਜਾਣ ਬਾਅਦ ਸ੍ਰੀ ਮੋਦੀ ਦੇ ਨੱਕ ਹੇਠ ਦਿੱਲੀ ’ਚ ਹੀ ਔਰਤਾਂ ਦੇ 15 ਪ੍ਰਤੀਸ਼ਤ ਬਲਾਤਕਾਰ ਵਧ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਲੋਕ ਸਰਕਾਰ ਬਣਨ ਦੇ 100 ਦਿਨਾਂ ’ਚ ਦੇਸ਼ ਦਾ ਵਿਦੇਸ਼ਾਂ ’ਚ ਜਮ੍ਹਾਂ ਕਾਲਾ ਧਨ ਵਾਪਸ ਲਿਆਉਣ ਦੀਆਂ ਗੱਲਾਂ ਕਰਦੇ ਸਨ ਪਰ ਹੁਣ ਤਾਂ 200 ਦਿਨ ਹੋ ਗਏ ਹਨ। ਇਕ ਸਵਾਲ ਦੇ ਜਵਾਬ ’ਚ ਸ੍ਰੀ ਅਹਿਮਦ ਨੇ ਕਿਹਾ ਕਿ ਮੋਦੀ ਦੇ ਕਾਰਜਕਾਲ ’ਚ ਗੁਜਰਾਤ ਵਿੱਚ 25 ਹਜ਼ਾਰ ਕਰੋੜ ਰੁਪਏ ਦਾ ‘ਅਦਾਨੀ’ ਤੇ ‘ਅੰਬਾਨੀ’ ਨੂੰ ਫਾਇਦਾ ਪਹੁੰਚਾਉਣ ਬਾਰੇ ੈਕੈਗ ਦੀ ਰਿਪੋਰਟ ’ਚ ਦਰਜ ਹਵਾਲੇ ਬਾਰੇ ਉਹ ਚੁੱਪ ਹਨ ਅਤੇ ਕੋਈ ਕਾਰਵਾਈ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਜੀਐਸਟੀ (ਟੈਕਸ) ਇਕਸਾਰ ਦੇਸ਼ ਅੰਦਰ ਅਸੀਂ ਲਿਆ ਰਹੇ ਸੀ ਪਰ ਉਸ ਸਮੇਂ ਭਾਜਪਾ ਨੇ ਵਿਰੋਧ ਕੀਤਾ ਅਤੇ ਹੁਣ ਖੁਦ ਇਹ ਸਰਕਾਰ ਲਿਆ ਰਹੀ ਹੈ। ਬੀਮਾ ਸੈਕਟਰ ’ਚ ਅਸੀਂ ਐਫਡੀਆਈ 36 ਪ੍ਰਤੀਸ਼ਤ ਤੋਂ ਵਧਾ ਕੇ 49 ਪ੍ਰਤੀਸ਼ਤ ਲਿਆਉਣਾ ਚਾਹੁੰਦੇ ਸੀ, ਜਿਸ ਦਾ ਭਾਜਪਾ ਨੇ ਪਹਿਲਾਂ ਵਿਰੋਧ ਕੀਤਾ।
ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਅੰਦਰ 3 ਸਾਲ ਪਹਿਲਾਂ ਪਾਰਟੀ ਦੀ ਮੈਂਬਰਸ਼ਿਪ ਕੀਤੀ ਗਈ ਸੀ ਜੋ ਕਿ 27 ਲੱਖ ਸੀ ਅਤੇ ਇਸ ਵਾਰ ਇਸ ਤੋਂ ਵੱਧ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਵਿਧਾਨ ਸਭਾ ਹਲਕੇ ’ਚ 20-25 ਹਜ਼ਾਰ ਮੈਂਬਰਸ਼ਿਪ ਕਰਨ ਦਾ ਟੀਚਾ ਹੈ।
ਸ੍ਰੀ ਬਾਜਵਾ ਨੇ ਅਕਾਲੀ-ਭਾਜਪਾ ਸਰਕਾਰ ’ਤੇ ਹੱਲਾ ਬੋਲਦਿਆਂ ਕਿਹਾ ਕਿ ਇਸ ਦੇ ਰਾਜ ’ਚ 6 ਹਜ਼ਾਰ ਕਰੋੜ ਰੁਪਏ ਦੀ ਸਿੰਥੈਟਿਕ ਡਰੱਗ ਤਸਕਰੀ ਹੋਈ ਅਤੇ ਇਕ ਤਸਕਰ ਗਾਬਾ ਦੀ ਡਾਇਰੀ ’ਚੋਂ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਦੇ ਲੜਕੇ ਦਾ ਨਾਂ ਸਾਹਮਣੇ ਆਉਣ ’ਤੇ ਮੰਤਰੀ ਪਦ ਦਾ ਅਸਤੀਫਾ ਲੈ ਲਿਆ ਗਿਆ ਪਰ ਜਦ ਇਸੇ ਹੀ ਤਸਕਰੀ ’ਚ ਬਿਕਰਮ ਮਜੀਠੀਆ ਦਾ ਨਾਂ ਆ ਰਿਹਾ ਹੈ ਤਾਂ ਸਾਰੇ ਚੁੱਪ ਧਾਰੀ ਬੈਠੇ ਹਨ। ਉਨ੍ਹਾਂ ਕਿਹਾ ਕਿ ਜੇਕਰ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ੍ਰੀ ਮਜੀਠੀਆ ਨੂੰ ਸੰਮਨ ਨਾ ਭੇਜੇ ਤਾਂ ਉਹ ਦੇਸ਼ ਦੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਗੇ।

Facebook Comment
Project by : XtremeStudioz