Close
Menu

ਬਾਜਵਾ ਨੇ ਅਮਰਿੰਦਰ ਵਿਰੁੱਧ ਖੋਲ੍ਹਿਆ ਮੋਰਚਾ

-- 13 April,2015

ਚੰਡੀਗੜ੍ਹ, ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਰਾਹੁਲ ਗਾਂਧੀ ਦੀ ਪਾਰਟੀ ਪ੍ਰਧਾਨ ਵਜੋਂ ਤਾਜਪੋਸ਼ੀ ਦੇ ਰਾਹ ਵਿੱਚ ਰੁਕਾਵਟ ਪਾਉਣ ਲਈ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਸਤਿਕਾਰਯੋਗ ਆਗੂ ਹਨ, ਉਹ ਸਾਨੂੰ ਦਿਸ਼ਾ ਨਿਰਦੇਸ਼ ਦਿੰਦੇ ਰਹਿਣਗੇ, ਜਦੋਂ ਕਿ ਰਾਹੁਲ ਗਾਂਧੀ ਸਮਾਜ ਦੇ ਸਾਰੇ ਵਰਗਾਂ ਅਤੇ ਖਾਸ ਕਰ ਕੇ ਨੌਜਵਾਨਾਂ ਨੂੰ ਨਵੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਰਗਰਮ ਕਰਨਗੇ ਤੇ  ਉਸੇ ਮੁਤਾਬਕ ਦੇਸ਼ ਦੇ ਇਸ ਪੁਰਾਣੇ ਸੰਗਠਨ ਨੂੰ ਰੂਪ ਦੇਣਗੇ। ਪੀੜ੍ਹੀ ਦਾ ਬਦਲਾਅ ਇਕ ਕ੍ਰਾਂਤੀਕਾਰੀ ਪ੍ਰੀਕਿਰਿਆ ਹੈ ਅਤੇ ਕਾਂਗਰਸ ਨੇ ਸਮੇਂ ਸਮੇਂ ਇਸ ਨੂੰ ਅਪਣਾਇਆ ਹੈ। ਕੈਪਟਨ  ਦੀ ਟਿੱਪਣੀ ਕਿ ਕੋਈ ਵੀ ਚਾਕੂ ਨਾਲ ਕੱਟ ਕੇ ਪੀੜ੍ਹੀ ਵਿੱਚ ਬਦਲਾਅ ਨਹੀਂ ਕਰ ਸਕਦਾ, ੳੁਤੇ ਸਖ਼ਤ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ੳੁਨ੍ਹਾਂ ਕਿਹਾ ਕਿ ੳੁਹ ਪਿਛਲੇ ਪੰਦਰਵਾੜੇ ਤੋਂ ਰਾਹੁਲ ਦੀ ਤਾਜਪੋਸ਼ੀ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।
ਸ੍ਰੀ ਬਾਜਵਾ ਨੇ ਸਾਬਕਾ ਮੁੱਖ ਮੰਤਰੀ ਨੂੰ ਯਾਦ ਦਿਵਾਇਆ ਕਿ ਰਾਹੁਲ ਗਾਂਧੀ ਲੰਬੇ ਸਮੇਂ ਤੋਂ ਲੋਕ ਸਭਾ ਵਿੱਚ ਹਨ ਅਤੇ ਇਹ ਤਜਰਬਾ ਹਾਸਲ  ਕਰਨ ਲਈ ਕਾਫੀ ਹੈ ਅਤੇ ਉਹ ਆਧੁਨਿਕ ਭਾਰਤ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਚੁਣੌਤੀਆਂ ਤੋਂ ਚੰਗੀ ਤਰ੍ਹਾਂ ਜਾਣੂੰ ਹਨ। ੳੁਨ੍ਹਾਂ ੲਿਸ ਸੰਦਰਭ ਵਿੱਚ ਬਿਲ ਕਲਿੰਟਨ, ਬਰਾਕ ਓਬਾਮਾ ਤੇ ਡੇਵਿਡ ਕੈਮਰੌਨ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਛੋਟੀ ੳੁਮਰ ਵਿੱਚ ਹੀ ਅਾਪਣੇ ਦੇਸ਼ਾਂ ਦੀ ਕਮਾਂਡ ਸੰਭਾਲੀ।  ਉਨ੍ਹਾਂ ਕਿਹਾ ਕਿ ਕੈਪਟਨ ਨੇ ੳੁਸ ਸਮੇਂ ਅਾਪਣੀ ਸ਼ਾਗਿਰਦੀ ਵੀ ਪੂਰੀ ਨਹੀਂ ਕੀਤੀ ਸੀ ਜਦੋਂ 14 ਸਾਲ ਅਕਾਲੀ ਦਲ ਵਿੱਚ ਰਹਿਣ ਤੋਂ ਬਾਅਦ ਸਾਲ 1998 ਵਿੱਚ ਮੁੜ ਕਾਂਗਰਸ ਵਿੱਚ ਸ਼ਾਮਲ ਹੋਣ ਮਗਰੋਂ ਚਾਰ ਮਹੀਨਿਆਂ ਅੰਦਰ ਹੀ ਸੂਬਾੲੀ ਪ੍ਰਧਾਨ ਬਣਾ ਦਿੱਤਾ ਗਿਆ ਸੀ। ਇਸ ਲਈ ਬਿਹਤਰ ਹੋਵੇਗਾ ਕਿ ਪਹਿਲਾਂ ਕੈਪਟਨ ਅਮਰਿੰਦਰ ਆਪਣੇ ਇਤਿਹਾਸ ਵੱਲ ਝਾਤ ਮਾਰਨ। ਸੂਬਾੲੀ ਪ੍ਰਧਾਨ ਨੇ ਕਿਹਾ ਕਿ ਇੰਦਰਾ ਗਾਂਧੀ ਨੂੰ ਪਾਰਟੀ ਵਿੱਚ ਬਤੌਰ ਪ੍ਰਧਾਨ ਦੀ ਜ਼ਿੰਮੇਵਾਰੀ 1959 ਵਿੱਚ ਮਿਲੀ ਸੀ, ਜਦੋਂ ਉਹ ਸਿਰਫ਼ 42 ਸਾਲਾਂ ਦੇ ਸਨ ਅਤੇ ਉਨ੍ਹਾਂ 49 ਸਾਲ ਦੀ ਉਮਰ ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਕੈਪਟਨ ਨੂੰ ਘੱਟੋ ਘੱਟ ਪਾਰਟੀ ਦੇ ਇਤਿਹਾਸ ਬਾਰੇ ਆਪਣੀ ਜਾਣਕਾਰੀ ਵਧਾਉਣ ਦੀ ਲੋੜ ਹੈ।
ਜਲੰਧਰ, (ਨਿੱਜੀ ਪੱਤਰ ਪ੍ਰੇਰਕ) ਪੰਜਾਬ ਕਾਂਗਰਸ ਦੇ ਸੂਬਾੲੀ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਧਡ਼ੇ ਨੇ ਸਾਬਕਾ ਮੁੱਖ ਮੰਤਰੀ ਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਵਿਰੁੱਧ  ਮੋਰਚਾ ਖੋਲ੍ਹਦਿਆਂ ਉਨ੍ਹਾਂ ਨੂੰ ਪਾਰਟੀ ਅਨੁਸ਼ਾਸਨ ਵਿੱਚ ਰਹਿ ਕੇ ਬੋਲਣ ਦੀ ਸਲਾਹ ਦਿੱਤੀ ਹੈ। ਪਾਰਟੀ ਦੀ ਸੂਬਾਈ ਤਰਜਮਾਨ ਨਿਮਿਸ਼ਾ ਮਹਿਤਾ ਨੇ ਇੱਥੋਂ ਜਾਰੀ ਬਿਆਨ ਵਿੱਚ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਦੇ ਨਿਰਵਿਵਾਦ ਆਗੂ ਹਨ, ਉਨ੍ਹਾਂ ਬਾਰੇ ਟਿੱਪਣੀਆਂ ਕਰਨ ਤੋਂ ਪਹਿਲਾ  ਕੈਪਟਨ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਨੇ ਕਿਹਾ ਸੀ ਕਿ ਕਾਂਗਰਸ ਦੀ ਅਗਵਾਈ ਸੋਨੀਆ ਗਾਂਧੀ ਨੂੰ ਹੀ ਕਰਨੀ ਚਾਹੀਦੀ ਹੈ ਅਤੇ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਨ ਲਈ ਹੋਰ
ਇੰਤਜ਼ਾਰ ਕਰਨਾ ਚਾਹੀਦਾ ਹੈ। ਇਸ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਹੋਰ ਘੜਮੱਸ ਪੈਦਾ ਹੋਣ ਦੀਆਂ ਸੰਭਾਵਨਾਵਾਂ ਹਨ।

Facebook Comment
Project by : XtremeStudioz