Close
Menu

ਬਾਜ਼ ਨਾ ਆਇਆ ਪਾਕਿਸਤਾਨ

-- 11 August,2013

LOC

ਜੰਮੂ,11 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪੰਜ ਭਾਰਤੀ ਫੌਜੀਆਂ ਦੀ ਹੱਤਿਆ ਮਗਰੋਂ ਸਰਹੱਦ ’ਤੇ ਵਧੇ ਤਣਾਅ ਨੂੰ ਘਟਾਉਣ ਦੀ ਥਾਂ ਵਧਾਉਂਦਿਆਂ ‘ਪਾਕਿਸਤਾਨੀ ਫੌਜੀਆਂ ਨੇ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਨਿਯੰਤਰਨ ਰੇਖਾ ’ਤੇ ਸਥਿਤ ਭਾਰਤੀ ਚੌਕੀਆਂ ਉਪਰ ਕੱਲ ਰਾਤ ਕਰੀਬ ਸੱਤ ਘੰਟਿਆਂ ਤਕ ਮੋਰਟਾਰ ਤੇ ਭਾਰੀ ਹਥਿਆਰਾਂ ਨਾਲ 7000 ਗੋਲੀਆਂ ਦਾਗ਼ ਕੇ ਇਕ ਵਾਰ ਫਿਰ ਗੋਲੀਬੰਦੀ ਦੀ ਉਲੰਘਣਾ ਕੀਤੀ।
ਭਾਰਤੀ ਫੌਜ ਨੇ ਇਸ ਨੂੰ ਹਾਲ ਹੀ ਦੇ ਸਮੇਂ ਵਿਚ ਗੋਲੀਬੰਦ ਦੀ ਸਭ ਤੋਂ ‘ਵੱਡੀ ਉਲੰਘਣਾ’ ਕਰਾਰ ਦਿੱਤਾ ਹੈ। ਇਸ ਤੋਂ ਚਾਰ ਦਿਨ ਪਹਿਲਾਂ ਹੀ ਪਾਕਿਸਤਾਨੀ ਫੌਜ ਦੇ ਵਿਸ਼ੇਸ਼ ਦਸਤੇ ਨੇ ਹਮਲਾ ਕਰਕੇ ਪੰਜ ਭਾਰਤੀ ਜਵਾਨ ਸ਼ਹੀਦ ਕਰ ਦਿੱਤੇ ਸਨ। ਭਾਰਤੀ ਫੌਜ ਨੇ ਵੀ ਬੀਤੀ ਰਾਤ ਢੁਕਵਾਂ ਜੁਆਬ ਦਿੱਤਾ। ਇਸ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ।
ਰੱਖਿਆ ਵਿਭਾਗ ਦੇ ਬੁਲਾਰੇ ਐਸ.ਐਨ. ਅਚਾਰੀਆ ਨੇ ਅੱਜ ਕਿਹਾ, ‘‘ਪਾਕਿਸਤਾਨੀ ਫੌਜ ਨੇ ਕੱਲ੍ਹ ਰਾਤ ਕਰੀਬ 10.20 ਵਜੇ ਪੁਣਛ ਜ਼ਿਲ੍ਹੇ ਦੇ ਦੁਰਗਾ ਬਟਾਲੀਅਨ ਇਲਾਕੇ ਵਿਚ ਨਿਯੰਤਰਨ ਰੇਖਾ ’ਤੇ ਸਥਿਤ ਕਈ ਭਾਰਤੀ ਚੌਕੀਆਂ ਉਪਰ ਬਗੈਰ ਕਾਰਨ ਗੋਲੀਬਾਰੀ ਕੀਤੀ। ਪਾਕਿ ਨੇ ਤੜਕੇ ਸਾਢੇ ਚਾਰ ਵਜੇ ਤਕ ਕਈ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਮੋਰਟਾਰ ਤੇ ਭਾਰੀ ਹਥਿਆਰਾਂ ਪਿਕਾ ਨਾਲ 7000 ਗੋਲੀਆਂ ਦਾਗ਼ੀਆਂ ਤਾਂ ਜੋ ਭਾਰੀ ਨੁਕਸਾਨ ਪਹੁੰਚਾਇਆ ਜਾ ਸਕੇ।’’
ਸ੍ਰੀ ਅਚਾਰੀਆ ਨੇ ਦੱਸਿਆ ਕਿ ਸਰਹੱਦ ਦੀ ਰਾਖੀ ਕਰ ਰਹੇ ਭਾਰਤੀ ਜਵਾਨਾਂ ਨੇ ਮੋਰਚਾ ਸੰਭਾਲਦਿਆਂ ਢੁੱਕਵੀਂ ਕਾਰਵਾਈ ਕੀਤੀ। ਉਨ੍ਹਾਂ ਨੇ ਇਨਸਾਸ ਰਾਈਫਲਾਂ, ਕੇ ਪੀ ਡਬਲਿਊ ਟੀ ਮਸ਼ੀਨ ਗੰਨਾਂ ਤੇ ਮੀਡੀਅਮ ਮਸ਼ੀਨ ਗੰਨਾਂ ਐਮ ਐਮ ਜੀ ਨਾਲ 4595 ਗੋਲੀਆਂ ਦਾਗਣ ਤੋਂ ਇਲਾਵਾ 111 ਆਰ ਪੀ ਜੀ, 11 ਰਾਕੇਟ ਤੇ 8 ਐਮ ਐਮ ਦੇ 18 ਮੋਰਟਾਰ ਗੋਲੇ ਦਾਗ਼ੇ।
ਉਨ੍ਹਾਂ ਦੱਸਿਆ ਕਿ ਸਰਹੱਦ ਉਪਰ ਗੋਲੀਬਾਰੀ ਕਾਰਨ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ। ਸਰਹੱਦ ’ਤੇ ਤਣਾਅ ਵਧ ਗਿਆ ਹੈ। ਪੁਣਛ ਸ਼ਹਿਰ ਵਿਚ ਗੋਲੀਬਾਰੀ ਤੇ ਮੋਰਟਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਤੇ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਣ ਕਾਰਨ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਹੈ।
ਪਾਕਿਸਤਾਨੀ ਫੌਜ ਦੀ ਅਗਵਾਈ ਵਿਚ 20 ਹਥਿਆਰਬੰਦ ਲੋਕਾਂ ਦਾ ਸਮੂਹ ਛੇ ਅਗਸਤ ਨੂੰ ਪੁਣਛ ਸੈਕਟਰ ਵਿਚ ਭਾਰਤੀ ਸਰਹੱਦ ਵਿਚ 450 ਮੀਟਰ ਅੰਦਰ ਤਕ ਦਾਖਲ ਹੋ ਗਿਆ ਸੀ ਤੇ ਉਸ ਨੇ ਘਾਤ ਲਗਾ ਕੇ ਹਮਲਾ ਕਰਕੇ ਪੰਜ ਜਵਾਨ ਸ਼ਹੀਦ ਕਰ ਦਿੱਤੇ ਸਨ। ਇਸ ਘਟਨਾ ਮਗਰੋਂ ਦੋਵਾਂ ਮੁਲਕਾਂ ਵਿਚਾਲੇ ਤਣਾਅ ਵਧ ਗਿਆ ਹੈ। ਇਸ ਘਟਨਾ ਦਾ ਅਸਰ ਭਾਰਤ-ਪਾਕਿ ਗੱਲਬਾਤ ਦੀ ਬਹਾਲੀ ਉਪਰ ਵੀ ਪੈ ਸਕਦਾ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਪਾਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਗਲੇ ਮਹੀਨੇ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਆਮ ਸਭਾ ਮੌਕੇ ਮਿਲ ਸਕਦੇ ਹਨ। ਪੁਣਛ ਸੈਕਟਰ ਵਿਚ ਪਾਕਿਸਤਾਨੀ ਫੌਜ ਵੱਲੋਂ 8 ਜਨਵਰੀ ਨੂੰ ਕੀਤੇ ਗਏ ਹਮਲੇ ਮਗਰੋਂ ਦੋ ਭਾਰਤੀ ਜਵਾਨਾਂ ਦੀਆ ਲਾਸ਼ਾਂ ਮਿਲੀਆਂ ਸਨ। ਇਨ੍ਹਾਂ ਵਿੱਚੋਂ ਇਕ ਫੌਜੀ ਦਾ ਸਿਰ ਧੜ ਤੋਂ ਵੱਖ ਸੀ। ਇਸ ਮਗਰੋਂ ਦੁਵੱਲੀ ਗੱਲਬਾਤ ਪ੍ਰਕਿਰਿਆ ਰੋਕ ਦਿੱਤੀ ਗਈ ਸੀ।

Facebook Comment
Project by : XtremeStudioz