Close
Menu

ਬਾਦਲਾਂ ਦੀ ਕੰਪਨੀ ਦੀ ਬੱਸ ਨਾਲ ਹਾਦਸਾ, ਇਕ ਮੌਤ

-- 10 July,2015

ਰੂਪਨਗਰ, ਬਾਦਲ ਪਰਿਵਾਰ ਨਾਲ ਸਬੰਧਤ ਡੱਬਵਾਲੀ ਟਰਾਂਸਪੋਰਟ ਕੰਪਨੀ ਦੀ ਬੱਸ (ਪੀਬੀ 03 ਵੀ 1900) ਵੱਲੋਂ ਕਥਿਤ ਤੌਰ ’ਤੇ ਫੇਟ ਮਾਰਨ ਕਾਰਨ ਪਿੰਡ ਬਹਿਰਾਮਪੁਰ ਜ਼ਿਮੀਦਾਰਾ ਦੇ ਵਸਨੀਕ ਦੀ ਮੌਤ ਹੋ ਗੲੀ। ਪੁਲੀਸ ਨੇ ਬੱਸ ਡਰਾੲੀਵਰ ਨੂੰ ਬਚਾੳੁਣ ਲੲੀ ਇਸ ਹਾਦਸੇ ਦੀ ਲਪੇਟ ਵਿੱਚ ਆੲੀ ਕਾਰ ਦੇ ਡਰਾੲੀਵਰ ਬ੍ਰਹਮ ਪ੍ਰਕਾਸ਼ ਖ਼ਿਲਾਫ਼ ਹੀ ਆੲੀਪੀਸੀ ਦੀ ਧਾਰਾ 304 ਤਹਿਤ ਕੇਸ ਦਰਜ ਕਰ ਦਿੱਤਾ।
ਇਹ ਹਾਦਸਾ ਸਵੇਰੇ ਤਕਰੀਬਨ 6.15 ਵਜੇ ਕੌਮੀ ਸ਼ਾਹਰਾਹ ’ਤੇ ਪਿੰਡ ਚੱਕਲਾਂ ਨੇੜੇ  ਵਾਪਰਿਆ, ਜਿਸ ਵਿੱਚ ਸਵਰਨ ਸਿੰਘ (34) ਦੀ ਮੌਤ ਹੋ ਗਈ, ਜੋ ਚਨਾਲੋਂ ਦੀ ਇਕ ਫੈਕਟਰੀ ਵਿੱਚੋਂ ਰਾਤ ਦੀ ਡਿਊਟੀ ਕਰਨ ਤੋਂ ਬਾਅਦ ਸਕੂਟਰ ’ਤੇ ਵਾਪਸ ਆ ਰਿਹਾ ਸੀ। ਇਸ ਤੋਂ ਰੋਹ ਵਿੱਚ ਆਏ ਲੋਕਾਂ ਨੇ ਪਿੰਡ ਬਹਿਰਾਮਪੁਰ ਜਿਮੀਦਾਰਾ ਵਿੱਚ ਕੌਮੀ ਸ਼ਾਹਰਾਹ ੳੁਤੇ ਜਾਮ ਲਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਡੱਬਵਾਲੀ ਟਰਾਂਸਪੋਰਟ ਕੰਪਨੀ ਦੀ ਬੱਸ ਨੇ ਸਵਰਨ ਨੂੰ ਦਰੜਿਆ ਹੈ। ਇਹ ਬੱਸ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੀ ਸੀ। ਪ੍ਰਦਰਸ਼ਨਕਾਰੀਆਂ ਨੇ ਸੰਪਰਕ ਸੜਕਾਂ ’ਤੇ ਵੀ ਰੋਕਾਂ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਬਾਦਲ ਪਰਿਵਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਾਮ ਕਾਰਨ ਪੁਲੀਸ ਨੂੰ ਆਵਾਜਾਈ ਬਦਲਵੇਂ ਰੂਟਾਂ ਰਾਹੀਂ ਚਲਾੳੁਣੀ ਪਈ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਬੱਸ ਡਰਾਈਵਰ ਅਤੇ ਉਸ ਦੇ ਮਾਲਕਾਂ ਖ਼ਿਲਾਫ਼ ਗ਼ੈਰ ਜ਼ਮਾਨਤੀ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਜਾਵੇ, ਮ੍ਰਿਤਕ ਦੇ ਪਰਿਵਾਰ ਨੂੂੰ 50 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਪੀਡ਼ਤ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

ਬੱਸ ਕੰਪਨੀ ਦੇ ਡਾਇਰੈਕਟਰਾਂ ਖ਼ਿਲਾਫ਼ ਕੇਸ ਦਰਜ ਹੋਵੇ: ਬਾਜਵਾਇਸ ਮੌਕੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ, ਕਾਰਜਕਾਰੀ ਵਧੀਕ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਐਸਪੀ (ਜਾਂਚ) ਹਰਮੀਤ ਸਿੰਘ ਹੁੰਦਲ ਅਤੇ ਅਧਿਕਾਰੀ ਮੌਕੇ ’ਤੇ ਪੁੱਜੇ। ਡੀਆਈਜੀ ਰੂਪਨਗਰ ਰੇਂਜ ਆਰਕੇ ਜਸਵਾਲ ਅਤੇ ਐਸਐਸਪੀ ਰੂਪਨਗਰ ਵਰਿੰਦਰਪਾਲ ਸਿੰਘ ਸਿੰਘ-ਭਗਵੰਤਪੁਰ ਥਾਣੇ ਵਿੱਚ ਬੈਠ ਕੇ ਜਾਂਚ ਦੀ ਨਿਗਰਾਨੀ ਕਰਦੇ ਰਹੇ। ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ਵਿੱਚ ਤੁਰੰਤ ਕੇਸ ਦਰਜ ਕੀਤਾ ਜਾਵੇਗਾ ਪਰ ਲੋਕ ਆਪਣੀਆਂ ਮੰਗਾਂ ’ਤੇ ਅੜੇ ਰਹੇ ਅਤੇ ਧਰਨਾ ਚੁੱਕਣ ਤੋਂ ਨਾਂਹ ਕਰ ਦਿੱਤੀ।
ਇਸ ਹਾਦਸੇ ਦੇ ਇਕ ਚਸ਼ਮਦੀਦ ਸਰਪੰਚ ਢਾਬੇ ਦੇ ਭਾਈਵਾਲ ਜਗਤਾਰ ਸਿੰਘ ਨੇ ਦੱਸਿਆ ਕਿ ਬੱਸ ਵੱਲੋਂ ਸਕੂਟਰ ਨੂੰ ਪਿੱਛੋਂ ਟੱਕਰ ਮਾਰਨ ਕਾਰਨ ਸਵਰਨ ਸਿੰਘ ਦੀ ਮੌਤ ਹੋਈ ਹੈ। ਉਸ ਨੇ ਦੱਸਿਆ ਕਿ ਸੜਕ ’ਤੇ ਡਿਵਾਈਡਰ ਵਾਲੇ ਪਾਸੇ ਇਕ ਕਾਰ ਜਾ ਰਹੀ ਸੀ, ਜਦੋਂ ਕਿ ਖੱਬੇ ਪਾਸੇ ਸਵਰਨ ਸਿੰਘ ਆਪਣੇ ਸਕੂਟਰ ’ਤੇ  ਜਾ ਰਿਹਾ ਸੀ। ਬੱਸ ਨੇ ਸਕੂਟਰ ਨੂੰ ਟੱਕਰ ਮਾਰਨ ਪਿੱਛੋਂ ਜਦੋਂ ਕਾਰ ਵਾਲੇ ਪਾਸੇ ਕੱਟ ਮਾਰਿਆ ਤਾਂ ਕਾਰ ਡਰਾਈਵਰ ਨੇ ਕਾਰ ਨੂੰ ਸੱਜੇ ਪਾਸੇ ਮੋੜਨ ਦੀ ਕੋੋਸ਼ਿਸ਼ ਕੀਤੀ। ਇਸ ਦੌਰਾਨ ਕਾਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਖਤਾਨ ਵਿੱਚ ਜਾ ਡਿੱਗੀ।
ਦੂਜੇ ਪਾਸੇ ਐਸਐਸਪੀ ਵਰਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਭਾਵੇਂ ਇਸ ਮਾਮਲੇ ਵਿੱਚ ਮੁਕੰਮਲ ਜਾਂਚ ਤੋਂ ਬਾਅਦ ਦੀ ਹਾਦਸੇ ਬਾਰੇ ਪੂਰੀ ਜਾਣਕਾਰੀ ਮਿਲ ਸਕੇਗੀ ਪਰ ਹਾਲਾਤ ਤੋਂ ਇੰਝ ਜਾਪਦਾ ਹੈ ਕਿ ਇਹ ਹਾਦਸਾ ਕਾਰ ਵੱਲੋਂ ਟੱਕਰ ਮਾਰਨ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਪੁਲੀਸ ਵੱਲੋਂ ਬੱਸ ਦੀ ਵੀਡੀਓਗਰਾਫੀ ਕਰਵਾਈ ਗਈ ਹੈ ਅਤੇ ਮੁਸਾਫਰਾਂ ਨਾਲ ਵੀ ਗੱਲਬਾਤ ਕੀਤੀ ਗਈ ਪਰ ਕਿਸੇ ਨੇ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਬੱਸ ਨੇ ਸਕੂਟਰ ਨੂੰ ਟੱਕਰ ਮਾਰੀ ਹੈ।
ਪੁਲੀਸ ਨੇ ਕਾਰ ਸਵਾਰਾਂ ਨੂੰ ਥਾਣੇ ਵਿੱਚ ਬਿਠਾਈ ਰੱਖਿਆ, ਜਿਨ੍ਹਾਂ ਦੋਸ਼ ਲਾਇਆ ਕਿ ਪੁਲੀਸ ਇਹ ਹਾਦਸਾ ਉਨ੍ਹਾਂ ਸਿਰ ਮੜਨ ਦੀ ਕੋਸ਼ਿਸ਼ ਕਰ ਰਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪੁਲੀਸ ਨੇ ਫੋਰੈਂਸਿਕ ਮਾਹਰਾਂ ਦੀ ਟੀਮ ਨੂੰ ਵੀ ਮੌਕੇ ’ਤੇ ਸੱਦ ਲਿਆ।
ਧਰਨੇ ਨੂੰ ਪੰਜਾਬ ਕਾਂਗਰਸ (ਕਿਸਾਨ ਸੈੱਲ) ਦੇ ਚੇਅਰਮੈਨ ਇੰਦਰਜੀਤ ਸਿੰਘ ਜ਼ੀਰਾ, ਵਿਧਾਇਕ ਕੁਲਜੀਤ ਸਿੰਘ ਨਾਗਰਾ, ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਪ੍ਰਧਾਨ ਹਰਭਾਗ ਸਿੰਘ ਸੈਣੀ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਕਨਵੀਨਰ ਗੁਰਮੇਲ ਸਿੰਘ ਬਾੜਾ ਨੇ ਸੰਬੋਧਨ ਕੀਤਾ।


ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ
ਨੇ  ਮੰਗ ਕੀਤੀ ਹੈ ਕਿ ਡੱਬਵਾਲੀ ਟਰਾਂਸਪੋਰਟ ਕੰਪਨੀ ਦੇ ਸਾਰੇ ਡਾਇਰੈਕਟਰਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ੳੁਨ੍ਹਾਂ ਕਿਹਾ ਕਿ ਇਸ ਕੰਪਨੀ ਦੇ ਡਰਾਈਵਰ ਨੇ ਬਹਿਰਾਮਪੁਰ ਪਿੰਡ ਦੇ ਸਵਰਨ ਸਿੰਘ ਨੂੰ ਦਰੜਨ ਤੋਂ ਬਾਅਦ ਬੱਸ ਰੋਕਣ ਦੀ ਲੋੜ ਹੀ ਨਹੀਂ ਸਮਝੀ ਤੇ ਨਾ ਪੁਲੀਸ ਨੇ ਮੁਲਜ਼ਮ ਵਿਰੁੱਧ ਕੋਈ ਕਾਰਵਾਈ ਕੀਤੀ। ਉਨ੍ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦਾ ਆਪਣੇ ਤੌਰ ’ਤੇ ਨੋਟਿਸ ਲਏ ਤੇ ਬਾਦਲ ਪਰਿਵਾਰ ਦੀਆਂ ਬੱਸਾਂ ਚੱਲਣ ’ਤੇ ਰੋਕ ਲਾਈ ਜਾਵੇ। ਉਨ੍ਹਾਂ ਮੰਗ ਕੀਤੀ ਪੀੜਤ ਪਰਿਵਾਰ ਨੂੰ ਮੋਗਾ ਕਾਂਡ ਦੀ ਤਰਜ਼ ’ਤੇ 30 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

Facebook Comment
Project by : XtremeStudioz