Close
Menu

ਬਾਦਲਾਂ ਦੀ ਜੀ-ਹਜ਼ੂਰੀ ਦੇ ਚੱਕਰ ‘ਚ ਐਸਜੀਪੀਸੀ ਨੇ ਸਿੱਖੀ ਸਿਧਾਂਤਾਂ ਤੇ ਅਸਥਾਨਾਂ ਨੂੰ ਭਾਰੀ ਢਾਹ ਲਗਾਈ-ਆਪ

-- 01 April,2019

ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਇਤਿਹਾਸਕ ਡਿਉੜੀ ਢਾਹੁਣ ‘ਤੇ ਲੌਂਗੋਵਾਲ ਦਾ ਮੰਗਿਆ ਅਸਤੀਫ਼ਾ

ਚੰਡੀਗੜ੍ਹ 1 ਅਪ੍ਰੈਲ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਤਰਨਤਾਰਨ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਪੌਣੇ 200 ਸਾਲ ਪੁਰਾਣੀ ਇਤਿਹਾਸਕ ਡਿਉੜੀ (ਪ੍ਰਵੇਸ਼ ਦਵਾਰ) ਢਾਹੇ ਜਾਣ ਉੱਤੇ ਡੂੰਘਾ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਦੀ ਸਿਆਸੀ ਸਰਪ੍ਰਸਤੀ ਹੇਠ ਚੱਲ ਰਹੀ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐੱਸ.ਜੀ.ਪੀ.ਸੀ ਨੇ ਸਿੱਖ ਪੰਥ ਦੇ ਸਿਧਾਂਤਾਂ ਅਤੇ ਇਤਿਹਾਸਕ ਅਸਥਾਨਾਂ ਦਾ ਹੱਦੋਂ ਵੱਧ ਨੁਕਸਾਨ ਕੀਤਾ ਹੈ।
‘ਆਪ’ ਹੈੱਡਕੁਆਟਰ ਵੱਲੋਂ ਜਾਰੀ ਸਾਂਝੇ ਬਿਆਨ ਰਾਹੀਂ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਜੈ ਕਿਸ਼ਨ ਸਿੰਘ ਰੋੜੀ, ਅਮਰਜੀਤ ਸਿੰਘ ਸੰਦੋਆ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਗੁਰੂ ਚਰਨ ਛੋਹ ਪ੍ਰਾਪਤ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਡਿਉੜੀ ਸੰਨ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਕੰਵਰ ਨੌਨਿਹਾਲ ਸਿੰਘ ਨੇ ਬਣਵਾਈ ਸੀ, ਜਿਸ ਨੂੰ ਢਾਹ ਕੇ ਐੱਸ.ਜੀ.ਪੀ.ਸੀ ਦੇ ਪ੍ਰਤੀਨਿਧਾਂ ਨੇ ਆਪਣੀ ਦੀਵਾਲੀਆ ਸੋਚ ਦਿਖਾ ਦਿੱਤੀ ਹੈ।
‘ਆਪ’ ਵਿਧਾਇਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਤੁਰੰਤ ਅਸਤੀਫ਼ੇ ਦੀ ਮੰਗ ਕਰਦੇ ਹੋਏ ਕਿਹਾ ਕਿ ਬਾਦਲਾਂ ਦੀ ਕਠਪੁਤਲੀ ਬਣਨ ਵਿੱਚ ਲੌਂਗੋਵਾਲ ਨੇ ਪਿਛਲੇ ਪ੍ਰਧਾਨਾਂ ਨੂੰ ਵੀ ਮਾਤ ਪਾ ਦਿੱਤੀ।
‘ਆਪ’ ਆਗੂਆਂ ਨੇ ਕਿਹਾ ਕਿ ਐੱਸ.ਜੀ.ਪੀ.ਸੀ ਪ੍ਰਧਾਨ ਆਪਣੀ ਅਣਗਹਿਲੀ ਦਾ ਠੀਕਰਾ ਹੁਣ ਥੱਲੇ ਦੇ ਅਧਿਕਾਰੀਆਂ ਉੱਤੇ ਭੰਨ ਰਹੇ ਹਨ ਪ੍ਰੰਤੂ ਸਵਾਲ ਇਹ ਹੈ ਕਿ ਕੀ ਇੱਕ ਮੈਨੇਜਰ ਪੱਧਰ ਦਾ ਅਧਿਕਾਰੀ ਇੱਕ ਇਤਿਹਾਸਕ ਡਿਉੜੀ ਨੂੰ ਢਾਹੁਣ ਦਾ ਫ਼ੈਸਲਾ ਕਿਵੇਂ ਲੈ ਸਕਦਾ ਹੈ। ਐੱਸ.ਜੀ.ਪੀ.ਸੀ ਦੀ ਪ੍ਰਵਾਨਗੀ ਤੋਂ ਬਗੈਰ ਹਥਿਆਰਬੰਦ ‘ਕਾਰ ਸੇਵਕ’ ਡਿਉੜੀ ਢਾਹੁਣ ਦੀ ਹਿੰਮਤ ਕਿਵੇਂ ਕਰ ਸਕਦੇ ਹਨ।
‘ਆਪ’ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਧਰਮ ਨਿਰਪੱਖ ਪਾਰਟੀ ਹੈ ਅਤੇ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੀ ਹੈ ਅਤੇ ਸਿਆਸਤ ਲਈ ਧਰਮ ਦੇ ਇਸਤੇਮਾਲ ਦੇ ਸਖ਼ਤ ਖ਼ਿਲਾਫ਼ ਹੈ।
‘ਆਪ’ ਆਗੂਆਂ ਨੇ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਨਿੱਜੀ ਸਵਾਰਥਾਂ ਅਤੇ ਆਪਣੀ ਸਿਆਸਤ ਨੂੰ ਚਮਕਾਉਣ ਲਈ ਸਿੱਖ ਪੰਥ ਦੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਐੱਸਜੀਪੀਸੀ ਦਾ ਜਿੰਨਾ ਦੁਰਉਪਯੋਗ ਕੀਤਾ ਗਿਆ ਹੈ। ਉਸ ਦੀ ਮਿਸਾਲ ਅਕਾਲੀ ਦਲ ਅਤੇ ਐੱਸ.ਜੀ.ਪੀ.ਸੀ ਦੇ ਇੱਕ ਸਦੀ ਪੁਰਾਣੇ ਇਤਿਹਾਸ ਵਿੱਚੋਂ ਕਿਤੇ ਨਹੀਂ ਮਿਲਦੀ।
‘ਆਪ’ ਆਗੂਆਂ ਨੇ ਦਰਸ਼ਨੀ ਡਿਉੜੀ ਢਾਹੁਣ ਲਈ ਜ਼ਿੰਮੇਵਾਰ ਐੱਸ.ਜੀ.ਪੀ.ਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਮੈਨੇਜਰ ਅਤੇ ‘ਕਾਰ ਸੇਵਕਾਂ’ ਵਿਰੁੱਧ ਮੁਕੱਦਮਾ ਦਰਜ ਕੀਤਾ ਜਾਵੇ, ਇਸ ਸਮੁੱਚੇ ਮਸਲੇ ਦੀ ਮਾਨਯੋਗ ਹਾਈਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਵੇ ਬਾਦਲ ਪਰਿਵਾਰ ਅਤੇ ‘ਕਾਰ ਸੇਵਾ’ ਵਾਲਿਆਂ ਦੀ ਭੂਮਿਕਾ ਦੀ ਜਾਂਚ ਹੋਵੇ।
‘ਆਪ’ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਢਾਹੀ ਗਈ ਦਰਸ਼ਨੀ ਡਿਉੜੀ ਦੀ ਉਸੇ ਪੁਰਾਤਨ ਤਰੀਕੇ ਨਾਲ ਮੁਰੰਮਤ ਅਤੇ ਮੁੜ ਉਸਾਰੀ ਹੋਵੇ, ਕਿਉਂਕਿ ਅਜਿਹਾ ਇਤਿਹਾਸਕ ਇਮਾਰਤਾਂ ਨਾਲ ਕਰੋੜਾਂ ਪੰਜਾਬੀਆਂ ਖ਼ਾਸ ਕਰ ਕੇ ਸਿੱਖਾਂ ਦੀ ਆਸਥਾ ਜੁੜੀ ਹੋਈ ਹੈ।

Facebook Comment
Project by : XtremeStudioz