Close
Menu

ਬਾਦਲਾਂ ਦੀ ਬੱਸ ਹੇਠ ਬੰਦੇ ਨੂੰ ਦਰੜ ਕੇ ਭੱਜ ਜਾਣ ਦੀ ਘਟਨਾ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਹੋਵੇ-ਮਨਪ੍ਰੀਤ

-- 10 July,2015

ਚੰਡੀਗ੍ਹੜ, 10 ਜੁਲਾਈ: ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਥੇ ਮੰਗ ਕੀਤੀ ਹੈ ਕਿ ਰੋਪੜ ਟੋਲ ਪਲਾਜ਼ਾ ਨੇੜੇ ਅੱਜ ਸਵੇਰੇ ਬਾਦਲ ਪਰਿਵਾਰ ਦੀ ਬੱਸ ਹੇਠ ਸਵਰਣ ਸਿੰਘ ਨਾਮੀ ਵਿਅਕਤੀ ਨੂੰ ਦਰੜ ਕੇ ਮਾਰਨ ਤੋਂ ਬਾਅਦ ਬੱਸ ਭਜਾ ਕੇ ਲੈ ਜਾਣ ਦੀ ਦਰਦਨਾਕ ਘਟਨਾ ਲਈ ਜ਼ਿਮੇਂਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।         ਮਨਪ੍ਰੀਤ ਬਾਦਲ ਨੇ ਆਪਣੇ ਪ੍ਰੈਸ ਬਿਆਨ ਵਿਚ ਕਿਹਾ ਕਿ ਇਸ ਘਟਨਾ ਦਾ ਸਭ ਤੋਂ ਗੰਭੀਰ ਪੱਖ ਇਹ ਹੈ ਕਿ ਹਾਦਸੇ ਤੋਂ ਬਾਅਦ ਦਰੜੇ ਗਏ ਵਿਅਕਤੀ ਨੂੰ ਸੰਭਾਲਣ ਦੀ ਥਾਂ ਡਰਾਈਵਰ ਸੂਬੇ ਦੀ ਪ੍ਰਮੁੱਖ ਤੇ ਹਰ ਵੇਲੇ ਵਗਦੀ ਰਹਿਣ ਵਾਲੀ ਸੜਕ ਉੱਤੋਂ ਵੀ ਬੱਸ ਭਜਾ ਕੇ ਲੈ ਗਿਆ ਅਤੇ ਪੁਲੀਸ ਨੇ ਉਸ ਨੂੰ ਫੜ੍ਹਣ ਲਈ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਮਜ਼ਬੂਰ ਹੋ ਕੇ ਲੋਕਾਂ ਨੂੰ ਸੜਕ ਉੱਤੇ ਜਾਮ ਲਾਉਣਾ ਪਿਆ।         ਉਹਨਾਂ ਲੋਕਾਂ ਵਲੋਂ ਰੱਖੀ ਗਈ ਇਸ ਮੰਗ ਦੀ ਹਿਮਾਇਤ ਕੀਤੀ ਕਿ ਪੀੜਤ ਪਰਿਵਾਰ ਨੂੰ ਬੱਸ ਕੰਪਨੀ ਦੇ ਮਾਲਕ ੩੦ ਲੱਖ ਰੁਪਏ ਦੀ ਰਾਸ਼ੀ ਦੇਣ ਦੇ ਨਾਲ ਨਾਲ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ।  ਮਨਪ੍ਰੀਤ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਬਾਦਲ ਪਰਿਵਾਰ ਦੀ ਇੱਕ ਬੱਸ ਵਿਚੋਂ ਮੋਗਾ ਨੇੜੇ ਦਲਿਤ ਲੜਕੀ ਨੂੰ ਧੱਕਾ ਦੇ ਕੇ ਮਾਰਨ ਦੀ ਘਟਨਾ ਤੋਂ ਬਾਅਦ ਕੰਪਨੀ ਦੇ ਸਾਰੇ ਸਟਾਫ ਨੂੰ ਦਿੱਤੀ ਗਈ ਵਿਸ਼ੇਸ ਸਿਖਲਾਈ ਤੋਂ ਬਾਅਦ ਵੀ ਸੂਬੇ ਦੇ ਹੁਕਮਰਾਨ ਪਰਿਵਾਰ ਦੀਆਂ ਬੱਸਾਂ ਦੇ ਸਟਾਫ ਨੇ ਗੁੰਡਾਗਰਦੀ ਕਰਨੀ ਨਹੀਂ ਛੱਡੀ।  ਉਹਨਾਂ ਕਿਹਾ ਕਿ ਬਾਦਲ ਪਰਿਵਾਰ ਦੀਆਂ ਬੱਸ ਕੰਪਨੀਆਂ ਅਤੇ ਇਨਹਾਂ ਦੇ ਸਟਾਫ ਉੱਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਉਹਨਾਂ ਕਿਹਾ ਕਿ ਕਿਸੇ ਨੂੰ ਨਹੀਂ ਪਤਾ ਕਿ ਮੋਗਾ ਬੱਸ ਕਾਂਡ ਦੀ ਜਾਂਚ ਲਈ ਬਣਾਏ ਗਏ ਕਮਿਸ਼ਨ ਨੇ ਹੁਣ ਤੱਕ ਕੀ ਕਾਰਵਾਈ ਕੀਤੀ।  ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਹਿਲਾਂ ਹੀ ਬਾਦਲ ਪਰਿਵਾਰ ਦੀਆਂ ਬੱਸ ਕੰਪਨੀਆਂ ਵਲੋਂ ਸੂਬਾ ਸਰਕਾਰ ਦੇ ਖ਼ਜ਼ਾਨੇ ਨੂੰ ਚੂਨਾ ਲਾ ਕੇ ਕਮਾਏ ਜਾ ਰਹੇ ਪੈਸੇ ਦੇ ਸਬੰਧ ਵਿਚ ਕਿਸੇ ਗੁੰਮਨਾਮ ਵਿਅਕਤੀ ਵਲੋਂ ਲਿਖੀ ਗਈ ਚਿੱਠੀ ਨੂੰ ਅਧਾਰ ਬਣਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹਨਾਂ ਹਾਈਕੋਰਟ ਨੂੰ ਅਪੀਲ ਕੀਤੀ ਕਿ ਉਹ ਮੋਗਾ ਅਤੇ ਰੋਪੜ ਦੀਆਂ ਘਟਨਾਵਾਂ ਦੀ ਆਪਣੀ ਨਿਗਰਾਨੀ ਵਿਚ ਜਾਂਚ ਕਰਵਾਵੇ ਤਾਂ ਕਿ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ।

Facebook Comment
Project by : XtremeStudioz