Close
Menu

ਬਾਦਲਾਂ ਨੇ ਲੋਕਾਂ ਨੂੰ ਘਸਿਆਰੇ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ : ਫ਼ਤਿਹ ਬਾਜਵਾ

-- 30 October,2013

DSC_0442ਅੰਮ੍ਰਿਤਸਰ,30 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ‘ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਬਾਦਲਾਂ ਨੇ ਲੋਕਾਂ ਨੂੰ ਘਸਿਆਰੇ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਬਾਦਲ ਸਰਕਾਰ ਵੱਲੋਂ ਵਿਦਿਆਰਥਣਾਂ ਨੂੰ ਫਰੀ ਸਾਈਕਲ ਦੇਣ ਦੀ ਸਕੀਮ ‘ਤੇ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਉਸ ਰਾਜ ਲਈ ਇਸ ਤੋਂ ਵੱਧ ਨਮੋਸ਼ੀ ਦੀ ਗਲ ਹੋਰ ਕੀ ਹੋ ਸਕਦੀ ਹੈ ਕਿ ਉਹ ਆਪਣੇ ਸ਼ਹਿਰੀਆਂ ਨੂੰ ਆਰਥਿਕ ਮਜ਼ਬੂਤੀ ਪ੍ਰਦਾਨ ਕਰਨ ਦੀ ਥਾਂ ਬੇਲੋੜੇ ਟੈਕਸਾਂ ਰਾਹੀਂ ਉਹਨਾਂ ਦਾ ਇੰਨਾ ਕਚੂਮਰ ਕੱਢ ਦਿੱਤਾ ਜਾਂਦਾ ਹੈ ਕਿ ਅੱਜ ਕਈਆਂ ਮਾਪਿਆਂ ਲਈ ਆਪਣੀਆਂ ਸਕੂਲੀ ਬਚੀਆਂ ਨੂੰ ਸਾਈਕਲ ਤਕ ਖਰੀਦ ਕੇ ਦੇਣਾ ਔਖਾ ਹੋ ਗਿਆ ਹੈ।
ਅੱਜ ਇੱਥੇ ਸ: ਹਰਮਿੰਦਰ ਸਿੰਘ ਗਿੱਲ ਦੇ ਨਿਵਾਸ ‘ਤੇ ਕੁੱਝ ਚੁਣਵੇਂ ਪੱਤਰਕਾਰਾਂ ਨਾਲ ਗਲ ਕਰਦਿਆਂ ਫ਼ਤਿਹ ਬਾਜਵਾ ਨੇ ਕਿਹਾ ਕਿ ਫਰੀ ਸਾਈਕਲ ਸਕੀਮ ਕੇਂਦਰ ਦੀ ਸਰਵ ਸਿੱਖਿਆ ਅਭਿਆਨ ਵਿਚੋ ਦਿਤਾ ਜਾ ਰਿਹਾ ਹੈ ਜਿਸ ਵਿੱਚ ਕੇਂਦਰ ਦਾ 65 ਫੀਸਦੀ ਯੋਗਦਾਨ ਹੈ।
ਉਹਨਾਂ ਕਿਹਾ ਕਿ ਜਦ ਤਕ ਅਧਿਆਪਕਾਂ ਨੂੰ ਸਮੇਂ ਸਿਰ ਤਨਖ਼ਾਹਾਂ ਦੇ ਕੇ ਉਹਨਾਂ ਨੂੰ ਪ੍ਰੇਸ਼ਾਨੀ ਮੁਕਤ ਨਹੀਂ ਕੀਲਿਆ ਜਾਂਦਾ ਉਹਨਾਂ ਚਿਰ ਸਾਈਕਲ ਆਦਿ ਦੇਣ ਦੀਆਂ ਸਕੀਮਾਂ ਕਿਸੇ ਕੰਮ ਨਹੀਂ ਆਉਣਗੀਆਂ ।
ਫ਼ਤਿਹ ਬਾਜਵਾ ਨੇ ਦੋਸ਼ ਲਾਇਆ ਕਿ ਸਰਕਾਰ ਰਾਜ ਦੇ ਸਕੂਲਾਂ ਕਾਲਜਾਂ ਵਿੱਚ ਵਿੱਦਿਅਕ ਮਾਹੌਲ ਪੈਦਾ ਕਰਨ ਲਈ ਲੋੜੀਂਦਾ ਬੁਨਿਆਦੀ ਢਾਂਚਾ ਮੁਹੱਈਆ ਕਰਨ ਵਿੱਚ ਫੇਲ• ਹੋ ਚੁੱਕੀ ਹੈ। ਜਿਸ ਕਾਰਨ ਪੰਜਾਬ ਸਿੱਖਿਆ ਦੇ ਖੇਤਰ ‘ਚ ਮੋਹਰੀ ਸੂਬੇ ਦੀ ਥਾਂ ਦਿਨੋਂ ਦਿਨ ਨਿਘਾਰ ਵਲ ਜਾ ਰਿਹਾ ਹੈ।
ਉਹਨਾਂ ਬਾਦਲ ਸਰਕਾਰ ਦੀ ਸਿੱਖਿਆ ਨੀਤੀ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਬਾਦਲਾਂ ਦੀ ਉਚੇਰੀ ਤੇ ਮਿਆਰੀ ਸਿੱਖਿਆ ਦੇਣ ਪ੍ਰਤੀ ਵਚਨਬੱਧਤਾ ਦੀ ਫੂਕ ਰਾਜ ਸਰਕਾਰ ਵੱਲੋਂ ਹਾਲ ਹੀ ‘ਚ ਤਿਆਰ ਕੀਤੀ ਗਈ ਇੱਕ ਰਿਪੋਰਟ ਨੇ ਹੀ ਕੱਢ ਦਿੱਤੀ ਹੈ। ਉਹਨਾਂ ਕਿਹਾ ਅਫ਼ਸੋਸ ਦੀ ਗਲ ਹੈ ਕਿ ਰਾਜ ਸਰਕਾਰ ਦੀ ਸਿੱਖਿਆ ਪ੍ਰਤੀ ਅਪਣਾਈ ਗਈ ਉਦਾਸੀਨਤਾ ਕਾਰਨ ਕੇਂਦਰ ਸਰਕਾਰ ਵੱਲੋਂ ਉੱਚ ਸਿੱਖਿਆ ਸੰਬੰਧੀ ਰਾਜਾਂ ਲਈ ਰੱਖੇ ਗਏ 17 ਹਜ਼ਾਰ ਕਰੋੜ ਰੁਪਏ ਦੀ ਗਰਾਂਟ ਵਿੱਚੋਂ ਪੰਜਾਬ ਆਪਣਾ ਹਿੱਸਾ ਲੈਣ ਦੇ ਯੋਗ ਹੀ ਨਹੀਂ ਹੈ।  ਕੇਂਦਰੀ ਸਕੀਮ ਤਹਿਤ ਉਕਤ ਗਰਾਂਟ ਹਾਸਲ ਕਰਨ ਲਈ ਕੁੱਲ ‘ਚੋਂ 85 ਫ਼ੀਸਦ ਅਸਾਮੀਆਂ ‘ਤੇ ਰੈਗੂਲਰ ਅਧਿਆਪਕ ਹੋਣੇ ਲਾਜ਼ਮੀ ਹਨ। ਫ਼ਤਿਹ ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਉੱਚ ਸਿੱਖਿਆ ਦੇ ਮਾਮਲੇ ਵਿੱਚ ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਦੀਆਂ ਹਦਾਇਤਾਂ ਦੀ ਅਣਦੇਖੀ ਕਰ ਰਹੀ ਹੈ। ਕਾਲਜਾਂ ਵਿੱਚ ਅਧਿਆਪਕ ਵਿਦਿਆਰਥੀ ਅਨੁਪਾਤ 1:2੦ ਦੀ ਥਾਂ 1:114 ਹਨ। ਉਹਨਾਂ ਦੱਸਿਆ ਕਿ ਰਾਜ ਵਿੱਚ ਇਸ ਸਮੇਂ 136 ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਹਨ ਜਿਨ•ਾਂ ਵਿੱਚ 1,87,573 ਵਿਦਿਆਰਥੀਆਂ ਨੂੰ ਪੜਾਉਣ ਵਾਲੇ ਰੈਗੂਲਰ ਅਧਿਆਪਕਾਂ ਦੀ ਗਿਣਤੀ 1641 ਹੈ।ਕੇਂਦਰੀ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਕਾਲਜਾਂ ਵਿੱਚ 9378 ਰੈਗੂਲਰ ਅਧਿਆਪਕਾਂ ਦੀ ਲੋੜ ਹੈ ਪਰ ਇਸ ਦੇ ਉਲਟ ਇੱਥੇ ਤਾਂ 3366 ਰੈਗੂਲਰ ਅਸਾਮੀਆਂ ਵਿੱਚੋਂ ਵੀ 1925 ਖ਼ਾਲੀ ਪਈਆਂ ਹਨ।
ਉਹਨਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਕਾਲਜਾਂ ਵਿੱਚ ਕੋਈ ਨਵੀਂ ਭਰਤੀ ਨਹੀਂ ਕੀਤੀ ਅਤੇ ਕੱਚੇ ਅਧਿਆਪਕਾਂ ਨੂੰ ਬਹੁਤ ਘੱਟ ਕਰੀਬ ਸਤ ਹਜ਼ਾਰ ਰੁਪੈ ਮਾਸਿਕ ਤਨਖ਼ਾਹ ‘ਤੇ ਰਖ ਕੇ ਉਹਨਾਂ ਦਾ ਸ਼ੋਸ਼ਣ ਕਰਦਿਆਂ ਡੰਗ ਟਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਾਲਜ ਅਧਿਆਪਕਾਂ ਦੀ ਭਰਤੀ ਨਾਲ ਸੰਬੰਧਿਤ ਜੋ ਕੇਸ ਚਲ ਰਹੇ ਹਨ ਉਹਨਾਂ ਨੂੰ ਵੀ ਸਰਕਾਰ ਵੱਲੋਂ ਲਮਕਾਉਣ ਦੀ ਨੀਤੀ ਅਪਣਾਈ ਜਾ ਰਹੀ ਹੈ।
ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਦੀ ਉੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਕੋਈ ਪਾਲਿਸੀ ਨਹੀਂ ਹੈ। ਜੱਦੋ ਕਿ ਕਾਲਜਾਂ ਨੂੰ ਦਿੱਤੀ ਜਾਣ ਵਾਲੀ 172 ਕਰੋੜ ਰੁਪਏ ਸਾਲਾਨਾ ਗਰਾਂਟ ਅਤੇ ਖ਼ਾਲੀ ਅਸਾਮੀਆਂ ਭਰ ਲੈਣ ਦੀ ਸੂਰਤ ਵਿੱਚ ਸਾਲਾਨਾ ਗਰਾਂਟ 279 ਕਰੋੜ ਰੁਪਏ ਦੇ ਮੁਕਾਬਲੇ ਪੰਜਾਬ ਸਰਕਾਰ ਨੂੰ ਉੱਚ ਸਿੱਖਿਆ ਵਾਸਤੇ ਪੈਟਰੋਲ ਅਤੇ ਸ਼ਰਾਬ ‘ਤੇ ਲਾਏ ਸਿੱਖਿਆ ਸੈੱਸ ਤੋਂ 33੦ ਕਰੋੜ ਰੁਪਏ ਦੀ ਸਾਲਾਨਾ ਆਮਦਨ ਹੋ ਰਹੀ ਹੈ।

ਉਹਨਾਂ ਕਿਹਾ ਕਿ ਬਾਦਲਾਂ ਦੇ ਰਾਜ ਵਿੱਚ ਨੌਜਵਾਨ ਵਰਗ ਲਈ ਰੁਜ਼ਗਾਰ ਦੇ ਮੌਕੇ ਨਾ ਮਿਲਣ ਕਾਰਨ ਰੁਲਨਾ ਪੈ ਰਿਹਾ ਹੈ।  ਉਹਨਾਂ ਕਿਹਾ ਕਿ ਬਾਦਲ ਸਰਕਾਰ ਦੀ ਮਿਆਰੀ ਤੇ ਉੱਚ ਵਿੱਦਿਆ ਪ੍ਰਦਾਨ ਕਰਨ ਦੀ ਵਚਨਬੱਧਤਾ ਅਤੇ ਰਾਜ ਵਿੱਚ ਵਿੱਦਿਅਕ ਕ੍ਰਾਂਤੀ ਲਿਆਉਣ ਦੀਆਂ ਫੋਕੀਆਂ ਗੱਲਾਂ ਕਰਨ ਵਾਲੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੂੰ ਲੋਕਾਂ ਨੂੰ ਗੁਮਰਾਹ ਕਰਨ ਤੋਂ ਤੌਬਾ ਕਰ ਲੈਣੀ ਚਾਹੀਦੀ ਹੈ।

Facebook Comment
Project by : XtremeStudioz