Close
Menu

ਬਾਦਲ ਅਤੇ ਮੀਆਂ ਸ਼ਹਿਬਾਜ਼ ਸ਼ਰੀਫ਼ ਨੇ ‘ਪ੍ਰੋਟੋਕਾਲ ਸਮਝੌਤੇ’ ‘ਤੇ ਸਹਿਮਤੀ ਪ੍ਰਗਟਾਈ

-- 15 December,2013

pic 31ਲੁਧਿਆਣਾ,15 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਦੋਵਾਂ ਪੰਜਾਬਾਂ ਵਿਚਾਲੇ ਸਬੰਧਾਂ ਨੇ ਅੱਜ ਉਸ ਵੇਲੇ ਨਵੀਂ ਪੁਲਾਂਘ ਭਰੀ ਜਦੋਂ ਭਾਰਤੀ ਤੇ ਪਾਕਿਸਾਤਨੀ ਪੰਜਾਬ ਦੇ ਮੁੱਖ ਮੰਤਰੀਆਂ, ਸ. ਪਰਕਾਸ਼ ਸਿੰਘ ਬਾਦਲ ਅਤੇ ਮੀਆਂ ਸ਼ਹਿਬਾਜ਼ ਸ਼ਰੀਫ਼ ਨੇ ਦੋਵਾਂ ਸੂਬਿਆਂ ਦੇ ਆਪਸੀ ਹਿੱਤਾਂ ਅਤੇ ਸਹਿਕਾਰਤਾ ਦੇ ਖੇਤਰਾਂ ਵਿੱਚ ‘ਪ੍ਰੋਟੋਕਾਲ ਸਮਝੌਤਾ’ ਸਹੀਬੰਦ ਕਰਨ ‘ਤੇ ਸਹਿਮਤੀ ਪ੍ਰਗਟਾਈ।

ਦੋਵਾਂ ਮੁੱਖ ਮੰਤਰੀਆਂ ਵੱਲੋਂ ਇਸ ਸਮਝੌਤੇ ਨੂੰ ਅੰਤਮ ਰੂਪ ਦੇਣ ਲਈ ਅਧਿਕਾਰੀਆਂ ਅਤੇ ਵਾਈਸ ਚਾਂਸਲਰਾਂ ਦੀ ਇੱਕ ਉੱਚ ਪੱਧਰੀ ਕਮੇਟੀ ਵੀ ਬਣਾਈ ਗਈ।  ਮੀਆਂ ਸ਼ਰੀਫ਼ ਵੱਲੋਂ ‘ਪ੍ਰੋਟੋਕੋਲ  ਸਮਝੌਤੇ’ ਦਾ ਪ੍ਰਸਤਾਵ ਪੰਜਾਬ ਖੇਤੀਬਾੜੀ ਯੂਨੀਵਸਿਟੀ (ਪੀ.ਏ.ਯੂ.) ਵਿਖੇ ਗੱਲਬਾਤ ਦੌਰਾਨ ਰੱਖਿਆ ਜਿਸ ਨੂੰ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਦਿਲੋਂ ਪ੍ਰਵਾਨ ਕੀਤਾ। ਦੋਵੇਂ ਸਰਕਾਰਾਂ ਨੇ ਲੋਕਾਂ ਦੀ ਆਪਸੀ ਸਾਂਝ ਨੂੰ ਵਧਾਉਣਾ ਇਸ ਸਮਝੌਤੇ ਦਾ ਹਿੱਸਾ ਬਣਾਉਂਦਿਆ ਇਸ ਗੱਲ ‘ਤੇ ਵੀ ਸਹਿਮਤੀ ਪ੍ਰਗਟਾਈ ਕਿ ਖੇਤੀਬਾੜੀ, ਪਸ਼ੂ ਪਾਲਣ, ਐਗਰੋ-ਪ੍ਰੋਸੈਸਿੰਗ ਅਤੇ ਉਤਦਯੋਗਿਕ ਤੇ ਵਪਾਰਕ ਸਾਂਝਾਂ ਵਿੱਚ ਵੀ ਸਹਿਯੋਗ ਵਧਾਇਆ ਜਾਵੇ।

ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਨੇ ਪੂਰਬੀ ਤੇ ਪੱਛਮੀ ਪੰਜਾਬ ਵਿਚਾਲੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਫ਼ਦ ਲਿਜਾ ਕੇ ਨਿਵੇਕਲੀ ਪਹਿਲਕਦਮੀ ਕਰਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸੁਝਾਅ ਦਿੱਤਾ ਕਿ ਅਜਿਹੇ ਵਫ਼ਦ ਦੋਵਾਂ ਪਾਸਿਆਂ ਵੱਲ ਆਮ ਵਿਚਰਨੇ ਚਾਹੀਦੇ ਹਨ ਤਾਂ ਜੋ ਸਨਅਤੀ, ਖੇਤੀਬਾੜੀ, ਐਗਰੋ-ਪ੍ਰੋਸੈਸਿੰਗ, ਟੈਕਸਟਾਈਲ ਅਤੇ ਬੁਨਿਆਦੀ ਢਾਂਚੇ ਵਿੱਚ ਅਥਾਹ ਸੰਭਾਵਨਾਵਾਂ ਨੂੰ ਤਰਾਸ਼ਿਆ ਜਾ ਸਕੇ।

ਦੋਵਾਂ ਮੁਲਕਾਂ ਅਤੇ ਇਸ ਦੇ ਅਵਾਮ ਨੂੰ ਭੂਗੌਲਿਕ ਹੱਦਾਂ ਨਾਲ ਵੱਖ ਕਰਨ ‘ਤੇ ਦੁੱਖ ਪ੍ਰਗਟਾਉਂਦਿਆਂ ਸ੍ਰੀ ਸ਼ਰੀਫ਼ ਨੇ ਭਰੇ ਦਿਲ ਨਾਲ ਆਖਿਆ, ‘ਸਾਰੀਆਂ ਰੋਕਾਂ ਖ਼ਤਮ ਕਰ ਦਿਓ ਜਿਹੜੀਆਂ ਦੋਵਾਂ ਸੂਬਿਆਂ ਦੀ ਖੁਸ਼ਹਾਲੀ ਅਤੇ ਪ੍ਰਗਤੀ ਵਿੱਚ ਅੜਿੱਕਾ ਬਣਦੀਆਂ ਹਨ।’ ਉਨ੍ਹਾਂ ਕਿਹਾ ਕਿ ਦੋਵਾਂ ਪੰਜਾਬਾਂ ਨੂੰ ਯੂਰਪੀਅਨ ਯੂਨੀਅਨ ਦੇ ਉਨ੍ਹਾਂ ਦੇਸ਼ਾਂ ਤੋਂ ਸਬਕ ਲੈਣਾ ਚਾਹੀਦਾ ਹੈ, ਜਿਨ੍ਹਾਂ ਦੀਆਂ ਦੁਸ਼ਮਣੀਆਂ ਕਾਰਨ ਮਾਨਵੀ ਘਾਣ ਹੋਇਆ, ਹੁਣ ਆਪਸ ਵਿੱਚ ਹੱਥ ਮਿਲਾ ਕੇ ਆਪਣੇ ਮੁਲਕਾਂ ਨੂੰ ਵਿਕਾਸ ਦੇ ਨਵੇਂ ਦਿਸਹੱਦਿਆਂ ਵੱਲ ਤੋਰਿਆ ਹੈ ਭਾਵੇਂ ਕਿ ਉਨ੍ਹਾਂ ਦੇ ਲੋਕਾਂ ਦੀ ਵੀ ਮੁਸ਼ਕਿਲ ਨਾਲ ਹੀ ਕੋਈ ਸਾਂਝ ਸੀ। ਉਨ੍ਹਾਂ ਕਿਹਾ ਕਿ ਇਸ ਦੇ ਉਲਟ, ਪੰਜਾਬੀਆਂ ਦਾ ਆਪੋ ਵਿੱਚ ਸਭ ਕੁੱਝ ਸਾਂਝਾ ਹੈ ਅਤੇ ਸਮੇਂ ਦੀ ਲੋੜ ਹੈ ਕਿ ਸਦਭਾਵਨਾ ਅਤੇ ਅਮਨ ਦੀਆਂ ਸੰਭਾਵਨਾਵਾਂ ਨੂੰ ਪਛਾਣਨ ਦੀ ਤਾਂ ਜੋ ਲਾਮਿਸਾਲ ਵਿਕਾਸ ਦਾ ਨਵਾਂ ਯੁੱਗ ਦੋਵੇਂ ਬੰਨੇ ਸ਼ੁਰੂ ਕੀਤਾ ਜਾ ਸਕੇ। ਉਨ੍ਹਾਂ ਨਾਲ ਹੀ ਆਖਿਆ ‘ਅਤੀਤ ਵਿੱਚ ਅਸੀਂ ਇਸ ਪਾਸੇ ਵੱਲ ਬਹੁਤ ਧੀਮੀ ਚਾਲ ਨਾਲ ਤੁਰੇ ਹਾਂ ਪਰ ਹੁਣ ਸਮਾਂ ਹੈ ਕਿ ਪੂਰੀ ਗਰਮਜੋਸ਼ੀ ਅਤੇ ਅਪਣੱਤ ਨਾਲ ਇਨ੍ਹਾਂ ਸਬੰਧਾਂ ਅਤੇ ਸਾਂਝ ਨੂੰ ਵਧਾਇਆ ਜਾਵੇ।’

ਮੁੱਖ ਮੰਤਰੀ ਪੰਜਾਬ ਸ. ਬਾਦਲ ਵੱਲੋਂ ਆਪਣੇ ਰਾਜ ਦੇ ਕਿਸਾਨਾਂ ਨੂੰ 6000 ਕਰੋੜ ਰੁਪਏ ਦੀ ਸਲਾਨਾ ਬਿਜਲੀ ਮੁਫ਼ਤ ਦੇਣ ਦੀ ਦ੍ਰਿੜ ਵਨਬੱਧਤਾ ਨੂੰ ਸਰਾਹੁੰਦਿਆਂ ਸ੍ਰੀ ਸ਼ਰੀਫ਼ ਨੇ ਕਿਹਾ ਕਿ ਇਸ ਸ਼ਲਾਘਾਯੋਗ ਕਦਮ ਦਾ ਦੇ ਨਤੀਜੇ ਵਜੋਂ ਹੀ ਦੇਸ਼ ਨੂੰ ਖੁਰਾਕ ਉਤਪਾਦਨ ਵਿੱਚ ਆਤਮ ਨਿਰਭਰ ਬਣਾਉਣ ਵਿੱਚ ਕਿਸਾਨਾਂ ਨੂੰ ਪ੍ਰੇਰਨਾ ਮਿਲੀ ਹੈ। ਪੱਛਮੀ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਨ੍ਹਾਂ ਵੀ ਆਪਣੇ ਸੂਬੇ ਵਿੱਚ ਇਸ ਨਿਰਣੇ ਨੂੰ ਲਾਗੂ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਪਰ ਇਸ ਨੂੰ ਆਪਣੇ ਸੂਬੇ ਵਿੱਚ ਲਾਗੂ ਕਰਨ ਵਿੱਚ ਸਫ਼ਲ ਨਾ ਹੋ ਸਕੇ। ਸ੍ਰੀ ਸ਼ਰੀਫ਼ ਨੇ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੇ ਪ੍ਰਸ਼ਾਸ਼ਕੀ ਸੁਧਾਰਾਂ, ਸੇਵਾ ਦਾ ਅਧਿਕਾਰ ਐਕਟ, ਜ਼ਮੀਨੀ ਰਿਕਾਰਡ ਦਾ ਕੰਪਿਊਟ੍ਰੀਕਰਣ ਅਤੇ ਹੋਰ ਲੋਕ ਹਿੱਤੂ ਕਦਮ ਚੁੱਕ ਕੇ ਆਮ ਆਦਮੀ ਨੂੰ ਲਾਭ ਪਹੁੰਚਾਉਣ ਦੇ ਬਾਕਮਾਲ ਸੁਧਾਰਾਂ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਵਧੇਰੇ ਸਹਾਇਤਾ ਅਤੇ ਸਹਿਯੋਗ ਦੀ ਉਮੀਦ ਜਤਾਉਂਦਿਆਂ ਆਖਿਆ ਕਿ ਇਸ ਨਾਲ ਦੋਵਾਂ ਮੁਲਕਾਂ ਵਿੱਚ ਖੇਤੀਬਾੜੀ ਅਤੇ ਸਹਾਇਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ।

ਗੱਲਬਾਤ ਵਿੱਚ ਭਾਗ ਲੈਂਦਿਆਂ, ਮੁੱਖ ਮੰਤਰੀ ਪੰਜਾਬ ਪਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਇਹ ਆਮਦਾਂ ਕੇਵਲ ਰਸਮੀ ਨਹੀਂ ਹੋਣੀਆ ਚਾਹੀਦੀਆਂ ਬਲਕਿ ਇਹ ਨਤੀਜਾ ਮੁੱਖੀ ਵੀ ਹੋਣ ਤਾਂ ਜੋ ਪੂਰੇ ਖਿੱਤੇ ਨੂੰ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਇਹ ਕਵਾਇਦ ਬਹੁਤ ਪਹਿਲਾਂ ਤੁਰਨੀ ਚਾਹੀਦੀ ਸੀ ਜਿਸ ਨਾਲ ਸਰਹੱਦਾਂ ਦੇ ਆਰ-ਪਾਰ ਬੇਮਿਸਾਲ ਵਿਕਾਸ ਦੇ ਨਵੇਂ ਅਧਿਆਇ ਨੂੰ ਸ਼ੁਰੂ ਕਰਨ ਵਿੱਚ ਮੱਦਦ ਮਿਲਦੀ। ਦੋਵਾਂ ਦੇਸ਼ਾਂ ਵਿਚਾਲੇ ਵੀਜ਼ਾ ਪ੍ਰਣਾਲੀ ਦੇ ਸਰਲੀਕਰਣ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਸਰਹੱਦਾਂ ਦੇ ਆਰ-ਪਾਰ ਜਾਣ ਵਿੱਚ ਬੇਲੋੜੇ ਅੜਿੱਕੇ ਮੁਕਣਗੇ, ਜਿਸ ਦੀ ਕਿ ਮੌਜੂਦਾ ਮਾਹੌਲ ਵਿੱਚ ਪਿਆਰ ਅਤੇ ਭਾਈਚਾਰਕ ਤੰਦਾਂ ਨੂੰ ਮਜ਼ਬੂਤ ਕਰਨ ਦੀ ਬਹੁਤ ਲੋੜ ਹੈ।

ਮੁੱਖ ਮੰਤਰੀ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਬਾਵਜੂਦ ਇਸ ਦੇ ਕਿ ਦੋਵੇਂ ਸੂਬਿਆਂ ਵਿੱਚ ਬੋਲੀ, ਖਾਣ-ਪੀਣ ਅਤੇ ਸਭਿਆਚਾਰ ਦੀ ਅਮੀਰ ਸਾਂਝ ਹੈ ਪਰ ਤਾਂ ਵੀ ਦੋਵਾਂ ਨੂੰ ਦੇਸ਼ ਦੀ ਵੰਡ ਕਾਰਨ ਇੱਕ ਦੂਸਰੇ ਤੋਂ ਦੂਰ ਜਾਣਾ ਪਿਆ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੋਵੇਂ ਸੂਬਾ ਸਰਕਾਰਾਂ ਅਤੇ ਭਾਰਤ ਤੇ ਪਾਕਿਸਤਾਨ ਦੀਆਂ ਸੰਘ ਸਰਕਾਰਾਂ ਦੋਵਾਂ ਦੇਸ਼ਾਂ ਵਿਚਾਲੇ ਦੂਰੀਆਂ ਘਟਾਉਣ ਦੇ ਸਾਰੇ ਸੰਭਵ ਯਤਨ ਕਰਨ। ਸ੍ਰੀ ਬਾਦਲ ਨੇ ਆਸ ਪ੍ਰਗਟਾਈ ਕਿ ਪੱਛਮੀ ਪੰਜਾਬ ਦੇ ਮੁੱਖ ਮੰਤਰੀ ਦੀ ਇਹ ਫ਼ੇਰੀ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਸੁਧਾਰਨ ਵਿੱਚ ਹੀ ਸਹਾਈ ਨਹੀਂ ਹੋਵੇਗੀ ਬਲਕਿ ਸਰਹੱਦ ਦੇ ਦੋਵੇਂ ਪਾਸੇ ਸਥਿਤ ਪੰਜਾਬਾਂ ਲਈ ਬਹੁਤ ਲਾਭਦਾਇਕ ਸਿੱਧ ਹੋਵੇਗੀ।

ਮੁੱਖ ਮੰਤਰੀ ਨੇ ਦੋਵਾਂ ਸੂਬਿਆਂ ਦੇ ਲੋਕਾਂ ਵਿੱਚ ਸਬੰਧਾਂ ਨੂੰ ਹੋਰ ਨਿੱਘੇ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਆਖਿਆ ਕਿ ਸਰਕਾਰੀ ਵਫ਼ਦਾਂ ਨਾਲ ਕਿਸਾਨਾਂ, ਕਲਾਕਾਰਾਂ ਅਤੇ ਹੋਰ ਅਹਿਮ ਸ਼ਖਸੀਅਤਾਂ ਦੀਆਂ ਆਮ ਫ਼ੇਰੀਆਂ ਇਸ ਵਿੱਚ ਮਹੱਤਵਪੂਰਣ ਰੋਲ ਅਦਾ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੂਰਬੀ ਅਤੇ ਪੱਛਮੀ ਪੰਜਾਬ ਦੀਆਂ ਸੂਬਾ ਸਰਕਾਰਾਂ ਨੂੰ ਆਪਣੀਆਂ ਕੌਮੀ ਸਰਕਾਰਾਂ ‘ਤੇ ਜ਼ੋਰ ਪਾ ਕੇ, ਦੋਵਾਂ ਦੇਸ਼ਾਂ ਵਿਚਾਲੇ ਪਿਆਰ ਅਤੇ ਅਪਣੱਤ ਦੇ ਵਾਧੇ ਵਿੱਚ ਰੁਕਾਵਟਾਂ ਨੂੰ ਖ਼ਤਮ ਕਰਨ ਲਈ ਪਹਿਲ ਕਰਨੀ ਚਾਹੀਦੀ ਹੈ।

ਇਸ ਤੋਂ ਪਹਿਲਾਂ, ਆਪਣੇ ਸੰਬੋਧਨ ਵਿੱਚ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ੍ਰੀ ਸ਼ਰੀਫ਼ ਨੂੰ ਜੀ ਆਇਆਂ ਆਖਦਿਆਂ, ਦੋਵਾਂ ਦੇਸ਼ਾਂ ਵਿਚਾਲੇ ਸੁਧਾਰਨ ਦੀ ਸਾਰਥਿਕ ਪਹੁੰਚ ਦੀ ਸ਼ਲਾਘਾ ਕੀਤੀ। ਸ੍ਰੀ ਬਾਦਲ ਨੇ ਪੱਛਮੀ ਪੰਜਾਬ ਦੇ ਮੁੱਖ ਮੰਤਰੀ ਨੂੰ ਪੀ.ਏ.ਯੂ. ਦੀ ਅਮੀਰ ਵਿਰਾਸਤ ਬਾਰੇ ਜਾਣੂ ਕਰਵਾਉਂਦਿਆਂ ਆਖਿਆ ਕਿ ਪੰਜਾਬ ਅੱਜ ਜੋ ਕੁੱਝ ਹੈ, ਉਹ ਇਸ ਅਹਿਮ ਖੇਤੀਬਾੜੀ ਯੂਨੀਵਰਸਿਟੀ ਕਰਕੇ ਹੈ। ਉਨ੍ਹਾਂ ਕਿਹਾ ਕਿ ਪੀ.ਏ.ਯੂ. ਦੀ ਡੂੰਘੀ ਖੋਜ ਸਦਕਾ ਹੀ ਪੰਜਾਬ ਦਾ ਕਿਸਾਨ ਦੇਸ਼ ਨੂੰ ਅੰਨ ਸੁਰੱਖਿਆ ਵਿੱਚ ਸਵੈ-ਨਿਰਭਰ ਬਣਾਉਣ ਵਿੱਚ ਕਾਮਯਾਬ ਹੋਇਆ। ਉੱਪ ਮੁੱਖ ਮੰਤਰੀ ਨੇ ਸ੍ਰੀ ਸ਼ਰੀਫ਼ ਨੂੰ ਸੂਬੇ ਵਿੱਚ ਲੋਕਾਂ ਦੇ ਸਰਕਾਰੀ ਦਫ਼ਤਰਾਂ ਵਿੱਚ ਰੋਜ਼ਾਨਾ ਦੇ ਕੰਮ-ਕਾਰ ਨੂੰ ਸੁਖਾਲਾ ਬਣਾਉਣ ਵਿੱਚ ਸੂਬਾ ਸਰਕਾਰ ਵੱਲੋਂ ਲਾਗੂ ਕੀਤੇ ਪ੍ਰਸ਼ਾਸਕੀ ਸੁਧਾਰਾਂ ਬਾਰੇ ਵੀ ਜਾਣੂ ਕਰਵਾਇਆ।

ਇਸ ਮੌਕੇ ਮੌਜੂਦ ਅਹਿਮ ਸ਼ਖਸੀਅਤਾਂ ਵਿੱਚ ਕੈਬਿਨਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਤੇ ਸ. ਸ਼ਰਨਜੀਤ ਸਿੰਘ ਢਿੱਲੋਂ, ਮੀਡੀਆ ਅਤੇ ਕੌਮੀ ਮਾਮਲਿਆਂ ‘ਤੇ ਮੁੱਖ ਮੰਤਰੀ ਦੇ ਸਲਾਹਕਾਰ ਸ੍ਰੀ ਹਰਚਰਨ ਬੈਂਸ, ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ ਇੰਦਰ ਸਿੰਘ ਗਰੇਵਾਲ, ਵਿੱਤ ਕਮਿਸ਼ਨਰ ਮਾਲ ਸ੍ਰੀ ਐਨ.ਐਸ. ਕੰਗ, ਵਿੱਤ ਕਮਿਸ਼ਨਰ ਵਿਕਾਸ ਸ੍ਰੀ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ.ਸੰਧੂ, ਵਿੱਤ ਕਮਿਸ਼ਨਰ ਪਸ਼ੂ ਪਾਲਣ ਸ੍ਰੀ ਜੀ. ਵਜਰਾਲਿੰਗਮ, ਪੀ.ਏ.ਯੂ. ਦੇ ਉੱਪ ਕੁਲਪਤੀ ਡਾ. ਬੀ.ਐਸ. ਢਿੱਲੋਂ ਅਤੇ ਗੁਰੂ ਅੰਗਦ ਦੇਵ ਐਨੀਮਲ ਹਸਬੈਂਡਰੀ ਤੇ ਵੈਟਰਨਰੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਵੀ.ਕੇ. ਤਨੇਜਾ ਮੌਜੂਦ ਸਨ। ਪਾਕਿਸਤਾਨੀ ਵਫ਼ਦ ਵਿੱਚ ਸਿੱਖਿਆ ਮੰਤਰੀ ਰਾਣਾ ਮੁਹੰਮਦ ਖਾਨ ਤੇ ਭਾਰਤ ਵਿੱਚ ਰਾਜਦੂਤ ਜਨਾਬ ਸਲਮਾਨ ਬਸ਼ੀਰ ਵੀ ਮੌਜੂਦ ਸਨ।

Facebook Comment
Project by : XtremeStudioz