Close
Menu

ਬਾਦਲ-ਟੌਹੜਾ ਦਾ ਇਤਿਹਾਸ ਦੁਹਰਾਏਗੀ ਸੁਖਬੀਰ-ਹਰਮੇਲ ਦੀ ਜੋੜੀ

-- 21 April,2019

ਪਟਿਆਲਾ, 21 ਅਪਰੈਲ
ਆਪਸੀ ਸਾਂਝ ਦੀਆਂ ਗੰਢਾਂ ਪੀਡੀਆਂ ਕਰਨ ਦੇ ਮਾਮਲੇ ਨੂੰ ਲੈ ਕੇ ਬਾਦਲ ਤੇ ਟੌਹੜਾ ਪਰਿਵਾਰ ਡੇਢ ਦਹਾਕੇ ਮਗਰੋਂ ਵੀਹ ਅਪਰੈਲ ਨੂੰ ਇਤਿਹਾਸ ਦੁਹਰਾਉਣ ਜਾ ਰਹੇ ਹਨ। ਜਿਵੇਂ ਅਕਾਲੀ ਦਲ ਤੋਂ ਵੱਖ ਹੋਏ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਨੂੰ ਮੁੜ ਪਾਰਟੀ ਨਾਲ਼ ਤੋਰਨ ਲਈ ਉਸ ਵੇਲ਼ੇ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਖ਼ੁਦ ਚੱਲ ਕੇ ਪਟਿਆਲਾ ਸਥਿਤ ਉਨ੍ਹਾਂ ਦੇ ਘਰ ਪੁੱਜੇ ਸਨ, ਉਸੇ ਤਰਜ਼ ’ਤੇ ਭਲ਼ਕੇ ਅਕਾਲੀ ਦਲ ਦੇ ਵਰਤਮਾਨ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਰਹੂਮ ਟੌਹੜਾ ਦੇ ਦਾਮਾਦ ਹਰਮੇਲ ਸਿੰਘ ਟੌਹੜਾ ਨੂੰ ਮੁੜ ਤੋਂ ਪਾਰਟੀ ਵਿਚ ਸ਼ਾਮਲ ਕਰਨ ਲਈ ਉਨ੍ਹਾਂ ਦੇ ਘਰ ਪੁੱਜ ਰਹੇ ਹਨ।
ਵਰਤਮਾਨ ਸਮੇਂ ਦੌਰਾਨ ਹਲਕਾ ਸਨੌਰ ਨਾਲ ਜੁੜਿਆ ਟੌਹੜਾ ਪਰਿਵਾਰ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਛੱਡ ਗਿਆ ਸੀ। ਮਰਹੂਮ ਟੌਹੜਾ ਦੀ ਧੀ ਕੁਲਦੀਪ ਕੌਰ ਟੌਹੜਾ ਨੇ ਹਲਕਾ ਸਨੌਰ ਤੋਂ ‘ਆਪ’ ਉਮੀਦਵਾਰ ਵਜੋਂ ਚੋਣ ਲੜੀ ਸੀ। ਉਹ ਸਨੌਰ ਤੋਂ ਹੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਹਨ।
ਬਾਦਲ-ਟੌਹੜਾ ਦੀ ਜੋੜੀ 1998 ਵਿਚ ਉਦੋਂ ਵੱਖ ਹੋ ਗਈ ਸੀ, ਜਦੋਂ ਕੰਮ ਦਾ ਭਾਰ ਹੌਲਾ ਕਰਨ ਲਈ ਟੌਹੜਾ ਨੇ ਸ੍ਰੀ ਬਾਦਲ ਨੂੰ ਆਪਣੇ ਨਾਲ਼ ਐਕਟਿੰਗ ਪ੍ਰਧਾਨ ਬਣਾ ਲੈਣ ਦਾ ਸੁਝਾਅ ਦਿੱਤਾ ਸੀ। ਟੌਹੜਾ ਨੂੰ ਇਸ ਵਿਵਾਦ ਦੌਰਾਨ ਬਹੁਤ ਮਾਰ ਪਈ ਸੀ। ਇਸ ਦਾ ਖਮਿਆਜ਼ਾ ਅਕਾਲੀ ਦਲ ਨੂੰ ਵੀ ਭੁਗਤਣਾ ਪਿਆ ਸੀ। ਪੰਥ ਦੇ ਭਲੇ ਦੇ ਨਾਂ ’ਤੇ ਬਾਦਲ-ਟੌਹੜਾ ਮੁੜ ਇਕੱਠੇ ਹੋ ਗਏ ਸਨ।
13 ਜੂਨ 2003 ਨੂੰ ਬਾਦਲ ਖ਼ੁਦ ਟੌਹੜਾ ਦੇ ਘਰ ਪੁੱਜੇ ਤੇ ਦੋਵੇਂ ਫੇਰ ਜੋੜੀਦਾਰ ਬਣ ਗਏ। ਹੁਣ ਸੁਖਬੀਰ ਬਾਦਲ ਤੇ ਹਰਮੇਲ ਟੌਹੜਾ ਦੀ ਮੁੜ ਪੈਣ ਵਾਲ਼ੀ ਸਾਂਝ ਵੀ ਇਤਿਹਾਸ ਨੂੰ ਹੀ ਦੁਹਰਾਏਗੀ।

Facebook Comment
Project by : XtremeStudioz