Close
Menu

ਬਾਦਲ ਦੇ ਸੰਗਤ ਦਰਸ਼ਨ ਵਿੱਚ ਰਾਜਾ ਵੜਿੰਗ ਨੂੰ ਧੱਕੇ

-- 07 August,2013

6ptnw15

ਗਿੱਦੜਬਾਹਾ, 7 ਅਗਸਤ (ਦੇਸ ਪ੍ਰਦੇਸ ਟਾਈਮਜ਼)-ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਗਿੱਦੜਬਾਹਾ ਹਲਕੇ ਦੇ ਕੀਤੇ ਜਾ ਰਹੇ ਤਿੰਨ ਦਿਨਾਂ ਸੰਗਤ ਦਰਸ਼ਨ ਪ੍ਰੋਗਰਾਮ ਦੇ ਅੱਜ ਪਹਿਲੇ ਦਿਨ ਹਲਕੇ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਅਕਾਲੀ ਦਲ ਦੇ ਵਰਕਰ ਹੱਥੋਪਾਈ ਹੋ ਗਏ। ਸ੍ਰੀ ਵੜਿੰਗ ਨੇ ਅਕਾਲੀ ਆਗੂਆਂ ’ਤੇ ਧੱਕੇ ਮਾਰਨ ਦਾ ਦੋਸ਼ ਲਾਇਆ ਹੈ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਵੱਲੋਂ ਅੱਜ ਪਿੰਡ ਖਿੜਕੀਆਂਵਾਲਾ ਤੋਂ ਸੰਗਤ ਦਰਸ਼ਨ ਸ਼ੁਰੂ ਕੀਤਾ ਗਿਆ ਜਿੱਥੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਕਾਂਗਰਸੀ ਵਰਕਰਾਂ ਸਮੇਤ ਪੁੱਜੇ। ਸ੍ਰੀ ਬਾਦਲ ਨੇ ਵਿਧਾਇਕ ਨੂੰ ਆਪਣੇ ਕੋਲ ਕੁਰਸੀ ’ਤੇ ਬੈਠਣ ਲਈ ਕਿਹਾ ਪਰ ਉਹ ਲੋਕਾਂ ਵਿੱਚ ਜ਼ਮੀਨ ’ਤੇ ਹੀ ਬੈਠ ਗਏ। ਸ੍ਰੀ ਵੜਿੰਗ ਨੇ ਸਟੇਜ ’ਤੇ ਬੋਲਣ ਦੀ ਮੰਗ ਕੀਤੀ ਜਿਸ ਨੂੰ ਪ੍ਰਸ਼ਾਸਨ ਨੇ ਮਨਜ਼ੂਰੀ ਨਾ ਦਿੱਤੀ। ਮੁੱਖ ਮੰਤਰੀ ਜਦੋਂ ਸੰਗਤ ਦਰਸ਼ਨ ਖਤਮ ਕਰਕੇ ਜਾਣ ਲੱਗੇ ਤਾਂ ਸ੍ਰੀ ਵੜਿੰਗ ਨੇ ਕੁਝ ਫਾਈਲਾਂ ਮੁੱਖ ਮੰਤਰੀ ਨੂੰ ਵਿਖਾਉਣ ਦੀ ਪੇਸ਼ਕਸ਼ ਕੀਤੀ ਪਰ ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਇਸ ’ਤੇ ਕਾਂਗਰਸੀ ਅਤੇ ਅਕਾਲੀ ਧੱਕੋ-ਮੁੱਕੀ ਹੋ ਗਈ ਅਤੇ ਰਾਜਾ ਵੜਿੰਗ ਨੂੰ ਪੰਡਾਲ ਤੋਂ ਬਾਹਰ ਕੱਢ ਦਿੱਤਾ ਗਿਆ। ਇਸ ਦੇ ਰੋਸ ਵਿੱਚ  ਕਾਂਗਰਸੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਅਕਾਲੀਆਂ ਅਤੇ ਪੁਲੀਸ ਪ੍ਰਸ਼ਾਸਨ ਦੀ ਕਾਰਜਸ਼ੈਲੀ ’ਤੇ ਸਵਾਲ ਉਠਾਏ। ਪੰਡਾਲ ਤੋਂ ਬਾਹਰ ਵੀ ਅਕਾਲੀਆਂ ਅਤੇ ਕਾਂਗਰਸੀਆਂ ਵਿੱਚ ਗਾਲੀ ਗਲੋਚ ਹੋਇਆ। ਪੁਲੀਸ ਨੇ ਬੜੀ ਮੁਸ਼ਕਲ ਹਾਲਾਤ ’ਤੇ ਕਾਬੂ ਪਾਇਆ।
ਇਸ ਬਾਅਦ ਜਦੋਂ ਮੁੱਖ ਮੰਤਰੀ ਪਿੰਡ ਆਸਾ ਬੁੱਟਰ ਵਿਖੇ ਸੰਗਤ ਦਰਸ਼ਨ ਕਰਨ ਗਏ ਤਾਂ ਪੁਲੀਸ ਨੇ ਰਾਜਾ ਵੜਿੰਗ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਇਸ ’ਤੇ ਵਿਧਾਇਕ ਦੀ ਅਗਵਾਈ ਵਿੱਚ ਕਾਂਗਰਸੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਫਿਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਰਾਜਾ ਵੜਿੰਗ ਨੇ ਕਿਹਾ ਕਿ ਉਹ ਮੁੱਖ ਮੰਤਰੀ ਦੇ ਸੰਗਤ ਦਰਸ਼ਨ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਆਏ ਹਨ। ਮਾਹੌਲ ਖਰਾਬ ਕਰਨ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਸੰਗਤ ਦਰਸ਼ਨ ਦੌਰਾਨ ਜਦੋਂ ਉਹ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਬਾਰੇ ਮੁੱਖ ਮੰਤਰੀ ਨੂੰ ਦੱਸਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਅਕਾਲੀਆਂ ਅਤੇ ਪੁਲੀਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਪਾਸੇ ਕਰ ਦਿੱਤਾ ਅਤੇ ਅਕਾਲੀ ਆਗੂਆਂ ਨੇ ਉਨ੍ਹਾਂ ਨੂੰ ਧੱਕੇ ਮਾਰੇ ਅਤੇ ਪੰਡਾਲ ਵਿੱਚੋਂ ਬਾਹਰ ਕੱਢ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸੰਗਤ ਦਰਸ਼ਨ ਵਿੱਚ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਪ੍ਰਤੀ ਗੁੰਮਰਾਹ ਕਰ ਰਹੇ ਹਨ ਜਦੋਂ ਕਿ ਆਪਣੇ ਚੋਣ ਮੈਨੀਫੈਸਟੋ ਨੂੰ ਅਣਦੇਖਾ ਕਰ ਰਹੇ ਹਨ, ਜਿਸ ਵਿੱਚ ਮੁੱਖ ਮੰਤਰੀ ਨੇ ਪੈਨਸ਼ਨਾਂ, ਸ਼ਗਨ ਸਕੀਮ ਅਤੇ ਹੋਰ ਬਹੁਤ ਸਾਰੀਆਂ ਸਕੀਮਾਂ ਨੂੰ ਦੁਗਣਾ ਕਰਨ ਬਾਰੇ ਕਿਹਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਵਿੱਚ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਵਿਕਾਸ ਕਾਰਜਾਂ ਲਈ ਉਨ੍ਹਾਂ ਨੂੰ ਖਾਲੀ ਚੈੱਕ ਦੇਣ ਦੀ ਗੱਲ ਕਹੀ ਸੀ, ਜਿਸ ਨੂੰ ਮੁੱਖ ਮੰਤਰੀ ਨੇ ਅੱਜ ਤੱਕ ਪੂਰਾ ਨਹੀਂ ਕੀਤਾ।
ਇਸ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਸੰਗਤ ਦਰਸ਼ਨ ਕਰਨ ਆਏ ਹਨ ਪਰ ਹਲਕਾ ਵਿਧਾਇਕ ਜਾਣਬੁੱਝ ਕੇ ਮਾਹੌਲ ਖਰਾਬ ਕਰ ਰਿਹਾ ਹੈ। ਵਿਧਾਨ ਸਭਾ ਸੈਸ਼ਨ ਦੌਰਾਨ ਸ੍ਰੀ ਵੜਿੰਗ ਨੂੰ ਚੈੱਕ ਦੇਣ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਵਿਧਾਇਕ ਦੱਸੇ ਕੇ ਉਨ੍ਹਾਂ ਨੂੰ ਕਿਸ ਕੰਮ ਲਈ ਚੈੱਕ ਚਾਹੀਦਾ ਹੈ, ਉਹ ਦੇ ਦੇਣਗੇ। ਉਨ੍ਹਾਂ ਕਿਹਾ ਕਿ ਉਹ ਵਿਧਾਇਕ ਦੇ ਘਰ ਜਾ ਕੇ ਵੀ ਸੰਗਤ ਦਰਸ਼ਨ ਕਰਨ ਨੂੰ ਤਿਆਰ ਹਨ ਪਰ ਮਾਹੌਲ ਖਰਾਬ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Facebook Comment
Project by : XtremeStudioz