Close
Menu

ਬਾਦਲ ਦੱਸਣ ਕੀ ਚਾਹਲ ਦੀਆਂ ਫੈਕਟਰੀਆਂ ਪਾਕਿਸਤਾਨ ਜਾਂ ਅਫ਼ਗਾਨਿਸਤਾਨ ‘ਚ ਹਨ : ਫ਼ਤਿਹ ਬਾਜਵਾ

-- 18 November,2013

bajwa 1910ਚੰਡੀਗੜ੍ਹ ,18 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ‘ਤੇ ਤਿੱਖਾ ਹਮਲਾ ਬੋਲਦਿਆਂ ਸਵਾਲ ਕੀਤਾ ਕਿ ਬਾਦਲ ਦੱਸਣ ਕਿ ਬਹੂ ਕਰੋੜੀ ਸਿੰਥੈਟਿਕ ਡਰੱਗ ਮਾਫੀਆ ਨਾਲ ਜੁੜੇ ਅਕਾਲੀ ਆਗੂ ਜਗਜੀਤ ਚਾਹਲ ਦੀਆਂ ਫੈਕਟਰੀਆਂ ਪਾਕਿਸਤਾਨ ਜਾਂ ਅਫ਼ਗਾਨਿਸਤਾਨ ਦੇ ਕਿਸ ਖੇਤਰ ਵਿੱਚ ਹਨ? ਉਹਨਾਂ ਕਿਹਾ ਕਿ ਸੁਖਬੀਰ ਦੀ ਸੂਬੇ ਵਿੱਚ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦੀ ਵਚਨਬੱਧਤਾ ਕਿੱਥੇ ਗਈ? ਸਕਰੀਨਿੰਗ ਕਰ ਕੇ ਗਲਤ ਅਨਸਰਾਂ ਨੂੰ ਅਕਾਲੀ ਦਲ ‘ਚੋ ਬਾਹਰ ਦਾ ਰਸਤਾ ਦਿਖਾਉਣ ਸੰਬੰਧੀ ਦਾਅਵੇ ਸਿਆਸੀ ਇੱਛਾ ਸ਼ਕਤੀ ਤੋਂ ਸੱਖਣੇ ਸਿੱਧ ਹੋਏ ਹਨ। ਫ਼ਤਿਹ ਨੇ ਕਿਹਾ ਕਿ ਭੋਲਾ ਕੇਸ ਵਿੱਚ ਅਕਾਲੀ ਆਗੂਆਂ ਦੀ ਸ਼ਮੂਲੀਅਤ ਉਜਾਗਰ ਹੋਣ ਨਾਲ ਪੰਜਾਬ ਪੁਲਿਸ ਨਿਰਪੱਖ ਜਾਂਚ ਕਰ ਸਕਣ ਤੋਂ ਅਸਮਰਥ ਹੈ ਲਿਹਾਜ਼ਾ ਉਹਨਾਂ ਉਕਤ ਕੇਸ ਦੀ ਜਾਂਚ ਸੀਬੀਆਈ ਤੋਂ ਕਰਾਏ ਜਾਣ ਦੀ ਰਾਜਪਾਲ ਤੋਂ ਮੰਗ ਕੀਤੀ। ਉਹਨਾਂ ਕਿਹਾ ਕਿ ਲੋੜ ਪੈਣ ਤੇ ਪੰਜਾਬ ਕਾਂਗਰਸ ਕੇਂਦਰੀ ਗ੍ਰਹਿ ਮੰਤਰੀ ਤਕ ਪਹੁੰਚ ਕਰੇਗੀ।
ਉਹਨਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਤੋਂ ਨਸ਼ਿਆਂ ਦੀ ਸਮਗਲਿੰਗ ਹੋਣ ਸੰਬੰਧੀ ਗੁਮਰਾਹਕੁਨ ਬਿਆਨਾਂ ਰਾਹੀਂ ਆਪਣੀ ਜ਼ਿੰਮੇਵਾਰੀ ਤੋਂ ਭਜਣਾ ਚਾਹੁੰਦੇ ਹਨ। ਜਦੋਂ ਕਿ ਆਈਸ ਵਰਗੇ ਘਾਤਕ ਨਸ਼ੇ ਕੁੱਝ ਅਕਾਲੀ ਆਗੂਆਂ ਵੱਲੋਂ ਹੀ ਤਿਆਰ ਕਰਕੇ ਸਪਲਾਈ ਕੀਤੀ ਜਾ ਰਹੀ ਹੈ। ਅਕਾਲੀ ਆਗੂ ਚਾਹਲ ਦੀ ਬਦੀ ਅਤੇ ਡਮਟਾਲ ਸਥਿਤ ਐਮ ਬੀ ਪੀ ਫਾਰਮਾਸਿਊਟੀਕਲ ਲਿਮ: ਅਤੇ ਟਿਊਲਿਪ ਫਾਰਮੂਲੇਸਨਜ ਤੋਂ ਸਿੰਥੈਟਿਕ ਡਰੱਗ ਆਈਸ ਬਣਾਉਣ ਵਿੱਚ ਵਰਤੇ ਜਾਣ ਵਾਲੇ ਕਰੀਬ ੯੦੦ ਕਿਲੋਂ ਐਫੇਡਰਾਈਨ , ਸੂਡੋ ਐਫੇਡਰਾਈਨ ਤੇ ਹੋਰ ਪਦਾਰਥ ਬਰਾਮਦ ਹੋਣਾ ਇਸ ਦਾ ਪੁਖਤਾ ਸਬੂਤ ਹਨ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਸ: ਬਾਦਲ ਕਈ ਅਕਾਲੀ ਆਗੂਆਂ ਦੀਆਂ ਤਾਰਾਂ ਡਰੱਗ ਮਾਫੀਆ ਨਾਲ ਜੁੜੇ ਹੋਣ ਸੰਬੰਧੀ ਖੰਡਨ ਕਰਦਿਆਂ ਕਲੀਨ ਚਿਟ ਦੇ ਕੇ ਦੋਸ਼ੀਆਂ ਨੂੰ ਬਚਾਉਣ ਵਿੱਚ ਲਗਾ ਹੋਇਆ ਹੈ। ਉਹਨਾਂ ਦੱਸਿਆ ਕਿ ਭੋਲਾ ਕੇਸ ਵਿੱਚ ਹਾਲੇ ਤਕ ਘੜੇ ਦੀਆਂ ਡੱਡੀਆਂ ਮੱਛੀਆਂ ਨੂੰ ਹੀ ਹੱਥ ਪਾਇਆ ਜਾ ਰਿਹਾ ਹੈ ਅਸਲ ‘ਚ ਪਰਦੇ ਪਿੱਛੇ ਰਹਿ ਕੇ ਹਿੱਸਾ ਵੰਡਾਉਣ ਵਾਲੇ ਰਸੂਖਦਾਰ ਲੋਕਾਂ ਨੂੰ ਸਰਕਾਰ ਬਚਾਉਣ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਚਾਹਲ ਦੀਆਂ ਫੈਕਟਰੀਆਂ ਦੀ ਨਾਮੀ ਤੇ ਬੇਨਾਮੀ ਹਿੱਸੇਦਾਰਾਂ ਪ੍ਰਤੀ ਜਾਂਚ ਜ਼ਰੂਰੀ ਹੈ।

ਉਹਨਾਂ ਕਿਹਾ ਕਿ ਅਕਾਲੀਆਂ ਦੀ ਆਸ਼ੀਰਵਾਦ ਨਾਲ ਕੌਮਾਂਤਰੀ ਪੱਧਰ ‘ਤੇ ਇਕੱਲੇ ਭੋਲਾ ਗੈਂਗ ਵੱਲੋਂ ਹੀ ੫੦੦੦ ਕਰੋੜ ਦਾ ਨਸ਼ੀਲੇ ਪਦਾਰਥਾਂ ਦਾ ਧੰਦਾ ਕਰ ਚੁੱਕਣ ਦਾ ਖੁਲਾਸਾ ਹੋਇਆ ਹੈ ਤਾਂ ਹੋਰਨਾਂ ਵੱਲੋਂ ਕੀਤੇ ਗਏ ਸਮਗਲਿੰਗ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਹੈ।

ਫ਼ਤਿਹ ਬਾਜਵਾ ਨੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦੀ ਮੰਗ ਕਰਦਿਆਂ ਕਿਹਾ ਸੁਖਬੀਰ ਦੀ ਸੂਬੇ ਵਿੱਚ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦੀ ਵਚਨਬੱਧਤਾ ਅਤੇ ਸਕਰੀਨਿੰਗ ਕਰ ਕੇ ਗਲਤ ਅਨਸਰਾਂ ਨੂੰ ਅਕਾਲੀ ਦਲ ‘ਚੋ ਬਾਹਰ ਦਾ ਰਸਤਾ ਦਿਖਾਉਣ ਸੰਬੰਧੀ ਦਾਅਵੇ ਸਿਆਸੀ ਇੱਛਾ ਸ਼ਕਤੀ ਤੋਂ ਸੱਖਣੇ ਹੋਣ ਕਾਰਨ ਅੱਜ ਹਵਾ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਸੁਖਬੀਰ ਸਿਆਸੀ ਦਬਾਅ ਕਾਰਨ ਗਲਤ ਅਨਸਰਾਂ ਨੂੰ ਪਾਰਟੀ ਤੋਂ ਬਾਹਰ ਕਰਨ ‘ਚ ਨਾਕਾਮ ਰਿਹਾ ਜਾਂ ਫਿਰ ਇਹਨਾਂ ਅਨਸਰਾਂ ਦੀ ਚੋਣਾਂ ਮੌਕੇ ਲੋਕਾਂ ਨੂੰ ਡਰਾਉਣ ਧਮਕਾਉਣ ਲਈ ਵਰਤੋਂ ਕਰਨ ਦੀ ਮਜਬੂਰੀ ਤੋਂ ਨਿਜਾਤ ਨਹੀਂ ਪਾ ਸਕੇ ਹਨ। ਉਹਨਾਂ ਕਿਹਾ ਕਿ ਅਕਾਲੀਆਂ ਵੱਲੋਂ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਤੋਂ ਪ੍ਰਾਪਤ ਪੈਸੇ ਦੀ ਚੋਣਾਂ ਵਿੱਚ ਵੋਟਾਂ ਖਰੀਦਣ ਲਈ ਵਰਤੇ ਜਾਣ ਅਤੇ ਭੋਲਾ ਕੇਸ ‘ਚ ਅਕਾਲੀ ਆਗੂ ਸ਼ਹਿ ਪ੍ਰਾਪਤ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪੰਡੋਰੀ ਗੋਲਾ ਦੇ ਵਸਨੀਕ ਬਲਜਿੰਦਰ ਸਿੰਘ ਵੱਲੋਂ ਲਾਇਸੰਸੀ ਵਿੱਚ ਤਬਦੀਲ ਕੀਤੇ ਗਏ ਅਤੇ ਸਮਗਲਿੰਗ ਰਾਹੀਂ ਲਿਆਂਦੇ ਗਏ ਨਜਾਇਜ਼ ਹਥਿਆਰਾਂ ਨੂੰ ਚੋਣਾਂ ਦੌਰਾਨ ਦਹਿਸ਼ਤ ਦਾ ਮਾਹੌਲ ਬਣਾਉਣ ਲਈ ਵਰਤੇ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Facebook Comment
Project by : XtremeStudioz