Close
Menu

ਬਾਦਲ ਨੂੰ ਹਰਸਿਮਰਤ ਨੂੰ ਕੈਬਿਨੇਟ ਤੋਂ ਵਾਪਿਸ ਲੈਣਾ ਚਾਹੀਦੈ: ਬਾਜਵਾ

-- 01 October,2015

ਚੰਡੀਗੜ੍ਹ, ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਹੈਰਾਨੀਜਨਕ ਕਿਸਾਨ ਵਿਰੋਧੀ ਬਿਆਨ ਦੇਣ ਵਾਲੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ‘ਤੇ ਵਰ੍ਹਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਨ੍ਹਾਂ ਨੂੰ ਤੁਰੰਤ ਕੇਂਦਰੀ ਕੈਬਿਨੇਟ ਤੋਂ ਵਾਪਿਸ ਲੈਣ ਲਈ ਕਿਹਾ ਹੈ।

ਹਰਸਿਮਰਤ ਦੇ ਬਿਆਨ ਕਿ ਪੰਜਾਬ ‘ਚ ਕਪਾਹ ਦੀ ਫਸਲ ਨੂੰ ਹੋਇਆ ਨੁਕਸਾਨ ਕੁਦਰਤੀ ਹੈ ਤੇ ਸੂਬੇ ਨੂੰ ਕੇਂਦਰ ਤੋਂ ਕਿਸਾਨਾਂ ਲਈ ਕਿਸੇ ਵਿੱਤੀ ਪੈਕੇਜ ਦੀ ਲੋੜ ਨਹੀਂ ਹੈ, ‘ਤੇ ਸਖ਼ਤ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਬਾਜਵਾ ਨੇ ਕਿਹਾ ਕਿ ਇਹ ਨਾ ਸਿਰਫ ਤਰਕਹੀਣ ਹੈ, ਬਲਕਿ ਇਸ ਨਾਲ ਬਾਦਲ ਪਰਿਵਾਰ ਦਾ ਅਸਲੀ ਚੇਹਰਾ ਵੀ ਸਾਹਮਣੇ ਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਕਿਸਾਨ ਪਿੱਛੇ 15 ਦਿਨਾਂ ਤੋਂ ਵੱਧ ਸਮੇਂ ਤੋਂ ਬਠਿੰਡਾ ‘ਚ ਧਰਨੇ ‘ਤੇ ਬੈਠੇ ਹਨ ਤੇ ਇਹ ਉਸ ਹਲਕੇ ਦੀ ਨੁਮਾਇੰਦਗੀ ਕਰਦੀ ਹਨ। ਹਾਲਾਤ ਇੰਨੇ ਗੰਭੀਰ ਹਨ ਕਿ ਇਕ ਕਿਸਾਨ ਨੇ ਮੌਕੇ ‘ਤੇ ਹੀ ਆਤਮ ਹੱਤਿਆ ਕਰ ਲਈ ਸੀ। ਹੈਰਾਨੀਜਨਕ ਹੈ ਕਿ ਇਨ੍ਹਾਂ ਦੇ ਮੁੱਦੇ ਚੁੱਕਣ ਦੀ ਬਜਾਏ ਉਨ੍ਹਾਂ ਨੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਇਸ ਲੜੀ ਹੇਠ ਜੇ ਪਿੰਡਾਂ ਦੇ ਪਿੰਡ ਇਨ੍ਹਾਂ ਨੂੰ ਆਪਣੇ ਇਲਾਕਿਆਂ ‘ਚ ਵੜਨ ਨਹੀਂ ਦੇ ਰਹੇ, ਤਾਂ ਉਹ ਪੂਰੀ ਤਰ੍ਹਾਂ ਨਿਆਂ ਕਰ ਰਹੇ ਹਨ।

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬਠਿੰਡਾ ‘ਚ ਅਜਿਹੇ ਹਾਲਾਤ ਹਨ ਕਿ ਭਿੱਖੀ ‘ਚ ਉਹ ਦੋ ਸਮਾਰੋਹਾਂ ‘ਚ ਗਈ, ਪਰ ਪੀੜਤ ਲੋਕਾਂ ਤੋਂ ਇਨ੍ਹਾਂ ਨੇ ਦੂਰੀ ਬਣਾਏ ਰੱਖੀ, ਜਿਨ੍ਹਾਂ ਵਾਸਤੇ ਹਰਸਿਮਰਤ ਨੇ ਕੁਝ ਨਹੀਂ ਕੀਤਾ ਹੈ ਅਤੇ ਹੁਣ ਇਨ੍ਹਾਂ ਦੀ ਕਿਸਾਨ ਵਿਰੋਧੀ ਸੋਚ ਸਾਹਮਣੇ ਆ ਚੁੱਕੀ ਹੈ।

ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਭੱਖਦਾ ਜਾ ਰਿਹਾ ਹੈ ਤੇ ਇਸਦਾ ਕਾਰਨ ਫਸਲ ਦੇ ਖਰਾਬ ਹੋਣ ਕਾਰਨ ਉਨ੍ਹਾਂ ਦੀ ਵੱਧੀ ਪ੍ਰੇਸ਼ਾਨੀ ਹੈ। ਪਰ ਇਨ੍ਹਾਂ ਲਈ ਰਾਹਤ ਪੈਕੇਜ ਲਿਆਉਣ ਲਈ ਕਦਮ ਚੁੱਕਣ ਦੀ ਬਜਾਏ ਇਨ੍ਹਾਂ ਨੇ ਸਿਰਫ ਕਿਸਾਨਾਂ ਦੇ ਜ਼ਖਮਾਂ ‘ਤੇ ਲੂਣ ਛਿੜਕਿਆ ਹੈ।

ਉਨ੍ਹਾਂ ਨੇ ਬਾਦਲ ਨੂੰ ਪੰਜਾਬ ਤੋਂ ਕੇਂਦਰੀ ਮੰਤਰੀ ਵੱਲੋਂ ਦਿੱਤੇ ਗਏ ਬਿਆਨ ‘ਤੇ ਆਪਣਾ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ, ਜਿਹੜੀ ਉਨ੍ਹਾਂ ਦੀ ਨੂੰਹ ਹਨ ਤੇ ਉਨ੍ਹਾਂ ਦੇ ਬਿਆਨ ਨੇ ਵੱਡਾ ਝਟਕਾ ਦਿੱਤਾ ਹੈ। ਕਿਉਂਕਿ ਮੋਦੀ ਸਰਕਾਰ ਪਹਿਲਾਂ ਹੀ ਪੰਜਾਬ ਨੂੰ ਕੋਈ ਰਾਹਤ ਦੇਣ ਦੇ ਮੂਡ ‘ਚ ਨਹੀਂ ਹੈ ਤੇ ਹੁਣ ਉਨ੍ਹਾਂ ਦੇ ਬਿਆਨ ਨੇ ਕਿਸਾਨਾਂ ਲਈ ਰਾਹਤ ਪੈਕੇਜ ਦੇਣ ਵਾਸਤੇ ਇਹ ਹੋਰ ਬਹਾਨਾ ਬਣਾ ਦਿੱਤਾ ਹੈ।

ਉਨ੍ਹਾਂ ਨੇ ਮੰਗ ਕੀਤੀ ਹੈ ਕਿ ਬਾਦਲ ਨੂੰ ਹਰਸਿਮਰਤ ਨੂੰ ਨਰਿੰਦਰ ਮੋਦੀ ਕੈਬਿਨੇਟ ਤੋਂ ਵਾਪਿਸ ਲੈ ਲੈਣਾ ਚਾਹੀਦਾ ਹੈ ਤੇ ਕਿਸਾਨਾਂ ਨੂੰ ਉਚਿਤ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ, ਕਿਉਂਕਿ ਸਰਕਾਰ ਵੱਲੋਂ ਐਲਾਨੀ ਗਈ ਰਕਮ ਕਿਸਾਨਾਂ ਦੇ ਨੁਕਸਾਨ ਮੁਕਾਬਲੇ ਬਹੁਤ ਘੱਟ ਹੈ।

Facebook Comment
Project by : XtremeStudioz