Close
Menu

ਬਾਦਲ ਨੇ ਅਨਾਜ ਉਤਪਾਦਕਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਸ਼੍ਰੋਮਣੀ ਅਕਾਲੀ ਦਲ ਦੀ ਵਚਨਬੱਧਤਾ ਦੁਹਰਾਈ

-- 24 March,2015

* ਪੰਜਾਬ ਦਾ ਭੌਂ ਪ੍ਰਾਪਤੀ ਮਾਡਲ ਦੇਸ਼ ਲਈ ਵਧੀਆ
* ਪੰਜਾਬ ਨੂੰ ਅਹਿਮ ਪ੍ਰੋਜੈਕਟ ਦੇਣ ਲਈ ਕੇਂਦਰ ਸਰਕਾਰ ਦੀ ਸਰਾਹਨਾ
* ਸਰਕਾਰੀ ਕਾਲਜਾਂ ਦਾ ਪੱਧਰ ਉੱਚ ਚੁੱਕਣ ਲਈ 227 ਕਰੋੜ ਰੁਪਏ ਖਰਚਣ ਦਾ ਐਲਾਨ
* ਸਰਕਾਰੀ ਕਾਲਜ ਡੇਰਾ ਬੱਸੀ ਦੀ ਨਵੇਂ ਬਣੇ ਸਟੂਡੈਂਟ ਸੈਂਟਰ ਦਾ ਉਦਘਾਟਨ

ਡੇਰਾਬਸੀ (ਐਸ.ਏ.ਐਸ. ਨਗਰ), ਕਿਸਾਨਾਂ ਦੇ ਹਿੱਤਾਂ ਦੀ ਸੁਰੱਖਿਆ ਪ੍ਰਤੀ ਸ਼੍ਰੋਮਣੀ ਅਕਾਲੀ ਦਲ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਉਮੀਦ ਪ੍ਰਗਟ ਕੀਤੀ ਕਿ ਕੇਂਦਰ ਦੀ ਐਨ.ਡੀ.ਏ. ਸਰਕਾਰ ਭੌ-ਪ੍ਰਾਪਤੀ ਬਿਲ ਵਿਚ ਸੋਧ ਕਰਦੇ ਸਮੇਂ ਦੇਸ਼ ਦਾ ਅਨਾਜ ਭੰਡਾਰ ਭਰਨ ਵਾਲੇ ਉਤਪਾਦਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖੇਗੀ।

ਸਰਕਾਰੀ ਕਾਲਜ ਡੇਰਾਬੱਸੀ ਦੇ ਨਵੇਂ ਬਣੇ ਸਟੂਡੈਂਟ ਸੈਂਟਰ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਜਮੀਨ ਪ੍ਰਾਪਤ ਕਰਨ ਤੋਂ ਪਹਿਲਾਂ ਕਿਸਾਨਾਂ ਲਈ ਢੁਕਵਾਂ ਮੁਆਵਜ਼ਾ ਯਕੀਨੀ ਬਨਾਉਣ, ਕਿਸਾਨਾਂ ਦੀ ਸਹਿਮਤੀ ਪ੍ਰਾਪਤ ਕਰਨ ਅਤੇ ਕਿਸਾਨਾਂ ਦੇ ਮੁੜ ਬਸੇਵੇ ਨੂੰ ਕਰਨ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ। ਸ. ਬਾਦਲ ਨੇ ਕਿਹਾ ਕਿ ਦੇਸ਼ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਭੌ-ਪ੍ਰਾਪਤੀ ਬਿਲ ਵਿਚ ਸੋਧ ਕਰਦੇ ਸਮੇਂ ਐਨ.ਡੀ.ਏ. ਸਰਕਾਰ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖੇਗੀ। ਸੂਬਾ ਸਰਕਾਰ ਵੱਲੋਂ ਪੇਸ਼ ਕੀਤੀ ਗਈ ਉਦਾਹਰਣ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਵਿਕਾਸ ਕੰਮਾਂ ਲਈ ਭੌਂ ਦੀ ਪ੍ਰਾਪਤੀ ਕਰਨ ਸਮੇਂ ਪੰਜਾਬ ਵਿਚ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਲ 2007 ਵਿਚ ਉਨ੍ਹਾਂ ਵਲੋਂ ਸੱਤਾ ਸੰਭਾਲਣ ਤੋਂ ਬਾਅਦ ਸੂਬਾ ਸਰਕਾਰ ਨੇ ਭੌਂ-ਪ੍ਰਾਪਤੀ ਦੇ ਮਾਮਲੇ ‘ਤੇ ਕਿਸਾਨ ਪੱਖੀ ਨੀਤੀ ਨੂੰ ਅਪਣਾਇਆ ਜੋ ਕਿ ਸਮੁੱਚੇ ਦੇਸ਼ ਲਈ ਇੱਕ ਮਾਡਲ ਹੈ।

ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਐਨ.ਡੀ.ਏ. ਸਰਕਾਰ ਨੇ ਆਪਣੇ ਥੋੜੇ ਜਹੇ ਸਮੇਂ ਦੌਰਾਨ ਹੀ ਸੂਬੇ ਨੂੰ ਅਨੇਕਾਂ ਪ੍ਰੋਜੈਕਟ ਦਿੱਤੇ ਹਨ ਜੋ ਕਿ ਸੂਬੇ ਦੇ ਆਰਥਿਕ ਵਿਕਾਸ ਨੂੰ ਗਤੀ ਦੇਣਗੇ। ਉਨ੍ਹਾਂ ਕਿਹਾ ਕਿ ਪਵਿੱਤਰ ਸ਼ਹਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ‘ਹਿਰਦੇ ਸਕੀਮ’ ਹੇਠ ਵਿਰਾਸਤੀ ਸ਼ਹਿਰ ਚੁਣਿਆ ਗਿਆ ਹੈ ਜਿਸ ਨਾਲ ਇਸ ਦੇ ਵਿਕਾਸ ਲਈ ਕਰੋੜਾਂ ਰੁਪਏ ਦੀ ਕੇਂਦਰੀ ਵਿੱਤੀ ਸਹਾਇਤਾ ਪ੍ਰਾਪਤ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਜਲਿਆਂਵਾਲੇ ਬਾਗ ਨੂੰ ਵਿਸ਼ਵ ਸਭਿਆਚਾਰਕ ਵਿਰਾਸਤੀ ਸਥਾਨ ਲਈ ਚੁਣਿਆ ਗਿਆ ਹੈ ਜਿਸ ਦੇ ਹੇਠ ਇਸ ਨੂੰ ਬੁਨਿਆਦੀ ਢਾਂਚਾ ਸੁਧਾਰਨ ਲਈ ਵਿਸ਼ੇਸ਼ ਸਹਾਇਤਾ ਮਿਲੇਗੀ।

ਆਲ ਇੰਡੀਆ ਇੰਸੀਚਿਊਟ ਆਫ ਮੈਡੀਕਲ ਸਾਇੰਸਿਜ਼, ਇੰਡੀਅਨ ਇੰਸੀਚਿਊਟ ਆਫ ਮੈਨੇਜਮੈਂਟ ਅਤੇ ਪੋਸਟ ਗ੍ਰੇਜੂਏਟ ਹਾਰਟੀਕਲਚਰ ਰਿਸਰਚ ਐਂਡ ਐਜੂਕੇਸ਼ਨ ਇੰਸੀਚਿਊਟ ਵਰਗੇ ਮਹੱਤਵਪੂਰਨ ਪ੍ਰੋਜੈਕਟ ਪੰਜਾਬ ਨੂੰ ਦਿੱਤੇ ਜਾਣ ਲਈ ਮੁੱਖ ਮੰਤਰੀ ਨੇ ਐਨ.ਡੀ.ਏ. ਸਰਕਾਰ ਦੀ ਪ੍ਰਸ਼ੰਸ਼ਾ ਕੀਤੀ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਇੰਨੇ ਮਹਤੱਵਪੂਰਨ ਪ੍ਰੋਜੈਕਟ ਦਿੱਤੇ ਗਏ ਹਨ। ਇਸ ਤੋਂ ਐਨ.ਡੀ.ਏ. ਸਰਕਾਰ ਦੀ ਪੰਜਾਬ ਦੇ ਦੇਸ਼ ਭਗਤ ਲੋਕਾਂ ਪ੍ਰਤੀ ਵਿਸ਼ੇਸ਼ ਚਿੰਤਾ ਦਾ ਪ੍ਰਗਟਾਵਾ ਹੁੰਦਾ ਹੈ ਅਤੇ ਇਸ ਦਾ ਸਭਨਾ ਵਲੋਂ ਸੁਆਗਤ ਕੀਤਾ ਜਾਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੂਬਾ ਸਰਕਾਰ ਵਲੋਂ ਸਿੱਖਿਆ ਦੇ ਵਿਕਾਸ ਲਈ ਕੀਤੀਆਂ ਪਹਿਲ-ਕਦਮੀਆਂ ਦਾ ਇਸ ਮੌਕੇ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸਿੱਖਿਆ ਖੇਤਰ ਨੂੰ ਮੁੱਖ ਪ੍ਰਾਥਮਿਕਤਾ ਦਿੱਤੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾ ਸਕੇ। ਸ. ਬਾਦਲ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਛੇਤੀ ਹੀ ਸਰਕਾਰੀ ਕਾਲਜ ਡੇਰਾਬਸੀ ਵਿਚ ਪੋਸਟ ਗ੍ਰੈਜੂਏਟ ਕਲਾਸਾਂ ਸ਼ੁਰੂ ਕਰੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਭਰ ਦੇ 41 ਸਰਕਾਰੀ ਕਾਲਜਾਂ ਦਾ ਪੱਧਰ ਉੱਚਾ ਚੁੱਕਣ ਲਈ ਸੂਬਾ ਸਰਕਾਰ ਵਲੋਂ 227 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ।

ਬਾਅਦ ਵਿਚ ਮੁੱਖ ਮੰਤਰੀ ਨੇ ਉੱਘੇ ਪੰਜਾਬੀ ਗਾਇਕ ਸ਼੍ਰੀ ਗੁਰਦਾਸ ਮਾਨ ਦਾ ਸਨਮਾਨ ਕੀਤਾ ਜੋ ਕਿ ਇਸ ਕਾਲਜ ਵਿਚ ਪੜ੍ਹਾਉਂਦੇ ਰਹੇ।

ਇਸ ਮੌਕੇ ਹੋਰਾਂ ਤੋਂ ਇਲਾਵਾ ਮੁੱਖ ਸੰਸਦੀ ਸਕੱਤਰ ਸ਼੍ਰੀ ਐਨ.ਕੇ. ਸ਼ਰਮਾਂ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਸ਼੍ਰੀ ਦੀਪਇੰਦਰ ਸਿੰਘ ਢਿੱਲੋਂ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਡਾ. ਐਸ. ਕਰੁਣਾ ਰਾਜੂ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਟੀ.ਪੀ.ਐਸ. ਸਿੱਧੂ ਹਾਜ਼ਰ ਸਨ।

Facebook Comment
Project by : XtremeStudioz