Close
Menu

ਬਾਦਲ ਨੇ ਕਿਸਾਨਾਂ ਲਈ ਪ੍ਰਧਾਨ ਮੰਤਰੀ ਤੋਂ ਰਾਹਤ ਪੈਕੇਜ ਮੰਗਿਆ

-- 25 April,2015

ਚੰਡੀਗੜ੍ਹ, ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਕਟ ਨਾਲ ਜੂਝ ਰਹੀ ਕਿਸਾਨੀ ਦਾ ਫ਼ੌਰੀ ਤੌਰ ‘ਤੇ ਸਾਰ ਲੈਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਬੇਮੌਸਮੇ ਮੀਂਹ ਤੇ ਹੋਰ ਕੁਦਰਤੀ ਮਾਰਾਂ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ | ਪ੍ਰਧਾਨ ਮੰਤਰੀ ਨੂੰ ਲਿਖੇ ਇਕ ਪੱਤਰ ਵਿੱਚ ਸ. ਬਾਦਲ ਨੇ ਉਨ੍ਹਾਂ ਦਾ ਧਿਆਨ ਇਸ ਮਸਲੇ ਪ੍ਰਤੀ ਦਿਵਾਉਂਦਿਆਂ ਕਿਹਾ ਕਿ ਲੰਮੇ ਚਿਰ ਵਾਲੀਆਂ ਖੇਤੀ ਨੀਤੀਆਂ ਰਾਹੀਂ ਖੇਤੀ ਆਰਥਿਕਤਾ ਨੂੰ ਮੁੜ ਪੈਰਾਂ-ਸਿਰ ਕਰਨ ਲਈ ਸਰਕਾਰੀ ਪ੍ਰੋਗਰਾਮਾਂ ਨੂੰ ਮੁੜ ਵਿਉਂਤਿਆ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਸ ਮੰਦਹਾਲੀ ਤੇ ਬਿਪਤਾ ‘ਚੋਂ ਗੁਜ਼ਰ ਰਿਹੇ ਕਿਸਾਨ ਨੂੰ ਆਪਣੇ ਮੁਲਕ ਦੇ ਸਹਾਰੇ ਦੀ ਲੋੜ ਹੈ | ਸਰਕਾਰ ਨੂੰ ਕਿਸਾਨਾਂ ਦੇ ਬਚਾਅ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਵੱਲੋਂ ਦੇਸ਼ ਲਈਆਂ ਕੀਤੀਆਂ ਕੁਰਬਾਨੀਆਂ ਦਾ ਰਿਣ ਚੁਕਾਉਣਾ ਚਾਹੀਦਾ ਹੈ | ਮੁੱਖ ਮੰਤਰੀ ਨੇ ਅਪੀਲ ਕੀਤੀ ਕਿ ਹਾਲ ਵਿੱਚ ਬੇਮੌਸਮੇ ਮੀਂਹ ਤੇ ਗੜ੍ਹੇਮਾਰੀ ਕਾਰਨ ਖਿੱਤੇ ਵਿੱਚ ਹੋਏ ਨੁਕਸਾਨ ਕਾਰਨ ਕਿਸਾਨਾਂ ਲਈ ਵਿਆਪਕ ਰਾਹਤ ਪੈਕੇਜ ਦਿੱਤਾ ਜਾਵੇ | ਸ. ਬਾਦਲ ਨੇ ਕਿਹਾ ਕਿ ਅਜਿਹੀਆਂ ਸਥਿਤੀਆਂ ਵਿੱਚ ਰਾਹਤ ਮੁੱਹਈਆ ਕਰਵਾਉਣ ਦੀਆਂ ਸ਼ਰਤਾਂ ਵੀ ਬਦਲਣ ਦੀ ਲੋੜ ਹੈ | ਸ. ਬਾਦਲ ਨੇ ਕਿਹਾ ਕਿ ਖਰਾਬ ਮੌਸਮ ਕਾਰਨ ਕਣਕ ਦੇ ਦਾਣਿਆਂ ਦੀ ਚਮਕ ‘ਤੇ ਅਸਰ ਪੈਣ ਕਾਰਨ ਕਣਕ ਦਾ ਮਿਆਰ ਵੀ ਘਟਿਆ ਹੈ | ਇਨ੍ਹਾਂ ਪ੍ਰਸਿਥਤੀਆਂ ਦੇ ਮੱਦੇਨਜ਼ਰ ਕਿਸਾਨਾਂ ਦੀ ਫਸਲ ਦੀ ਕੀਮਤ ‘ਤੇ ਕਟੌਤੀ ਨਹੀਂ ਹੋਣੀ ਚਾਹੀਦੀ ਕਿਉਂਕਿ ਕੁਦਰਤੀ ਆਫਤਾਂ ਲਈ ਕਿਸਾਨ ਜ਼ਿੰਮੇਵਾਰ ਨਹੀਂ ਹੈ ਤੇ ਇਹ ਕੁਦਰਤੀ ਮਾਰਾਂ ਕਿਸਾਨਾਂ ਦੇ ਵੱਸ ਤੋਂ ਬਾਹਰ ਹੈ | ਮੱੁਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਕੁਦਰਤੀ ਆਫਤਾਂ ਨਾਲ ਪੈਦਾ ਹੋਏ ਹਾਲਾਤ ਨੇ ਆਰਥਿਕ ਤੌਰ ‘ਤੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ | ਇਸ ਦੇ ਸਿੱਟੇ ਵਜੋਂ ਕਿਸਾਨਾਂ ਲਈ ਇਹ ਸੰਭਵ ਹੀ ਨਹੀਂ ਕਿ ਉਹ ਆਪਣੇ ਕਰਜ਼ੇ ਦੀ ਸਮੇਂ ਸਿਰ ਅਦਾਇਗੀ ਕਰ ਸਕੇ ਅਤੇ ਕਰਜ਼ੇ ਦੀ ਅਦਾਇਗੀ ਦਾ ਸਮਾਂ ਅੱਗੇ ਪਾਉਣ ਤੋਂ ਇਲਾਵਾ ਇਸ ਕਰਜ਼ੇ ‘ਤੇ ਵਿਆਜ ਦੀ ਮੁਆਫੀ ਦੀ ਵਕਾਲਤ ਵੀ ਕਰਦਿਆਂ ਸ੍ਰੀ ਮੋਦੀ ਦੇ ਸਿੱਧੇ ਦਖ਼ਲ ਮੰਗ ਕੀਤੀ |

Facebook Comment
Project by : XtremeStudioz