Close
Menu

ਬਾਦਲ ਨੇ ਕੀਤੀ ਵਾਜਪੇਈ ਨੂੰ ਭਾਰਤ ਰਤਨ ਦੇਣ ਦੀ ਮੰਗ

-- 19 November,2013

1 (2)ਪਟਿਆਲਾ,19 ਨਵੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੂੰ ਦੇਸ਼ ਦੇ ਸਰਵ ਉੱਚ ਸਿਵਲੀਅਨ ਸਨਮਾਨ ‘ਭਾਰਤ ਰਤਨ’ ਦਿੱਤੇ ਜਾਣ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਸ. ਬਾਦਲ ਨੇ ਕਿਹਾ ਕਿ ਭਾਰਤ ਦੇ ਗੌਰਵਮਈ ਸਨਮਾਨ ‘ਭਾਰਤ ਰਤਨ’ ਲਈ ਸ਼੍ਰੀ ਵਾਜਪਾਈ ਬੇਹੱਦ ਢੁਕਵੀਂ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਕੌਮੀ ਅਖੰਡਤਾ, ਧਰਮ ਨਿਰਪੱਖਤਾ, ਸ਼ਾਂਤੀ ਅਤੇ ਇਕਜੁਟਤਾ ਨੂੰ ਕਾਇਮ ਰੱਖਣ ਵਿੱਚ ਬੇਮਿਸਾਲ ਯੋਗਦਾਨ ਪਾਇਆ ਹੈ।  ਸ. ਬਾਦਲ ਅੱਜ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਦੇ ਪਿਤਾ ਸੂਬੇਦਾਰ ਬਾਪੂ ਕਰਤਾਰ ਸਿੰਘ ਧਾਲੀਵਾਲ ਦੀ 17ਵੀਂ ਬਰਸੀ ਦੇ ਮੌਕੇ ‘ਤੇ ਜ਼ਿਲ੍ਹੇ ਦੇ ਪਿੰਡ ਰੱਖੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਸ. ਬਾਦਲ ਨੇ ਕਿਹਾ ਕਿ ਸ਼੍ਰੀ ਵਾਜਪਾਈ ਅਜਿਹੇ ਸਿਆਸੀ ਆਗੂ ਸਾਬਤ ਹੋਏ ਜਿਨਾਂ ਨੇ ਦੇਸ਼ ਚਲਾਉਣ ਲਈ ਗਠਿਤ ਗਠਜੋੜ ‘ਚ ਸ਼ਾਮਲ ਸਮੁੱਚੀਆਂ ਪਾਰਟੀਆਂ ਨੂੰ ਇੱਕਜੁਟ ਰੱਖਿਆ ਅਤੇ ਇੱਕ ਚੰਗੇ ਪ੍ਰਸ਼ਾਸ਼ਕ ਵੱਜੋਂ ਦੇਸ਼ ਦੀ ਸਾਖ ਨੂੰ ਵਿਸ਼ਵ ਪੱਧਰ ‘ਤੇ ਮਜ਼ਬੂਤ ਕੀਤਾ । ਇਸ ਮੌਕੇ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਲੀ ਵਿਖੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸੀਟਾਂ ਦੀ ਵੰਡ ਸਬੰਧੀ ਪੁੱਛੇ ਜਾਣ ‘ਤੇ ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਨ੍ਹਾਂ ਚੋਣਾਂ ਵਿੱਚ 4 ਸੀਟਾਂ ਮਿਲਣ ‘ਤੇ ਪਾਰਟੀ ਸੰਤੁਸ਼ਟ ਹੈ ਅਤੇ ਯਕੀਨੀ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਜਿੱਤ ਪ੍ਰਾਪਤ ਹੋਵੇਗੀ ਅਤੇ ਦਿੱਲੀ ਵਿੱਚ ਵੀ ਭਾਜਪਾ ਅਕਾਲੀ ਗਠਜੋੜ ਦੀ ਸਰਕਾਰ ਹੋਂਦ ਵਿੱਚ ਆਵੇਗੀ।

ਚੋਣਾਂ ਦੌਰਾਨ ਦੇਸ਼ ਦੀਆਂ ਨਾਮਵਰ ਸਿਆਸੀ ਪਾਰਟੀਆਂ ਭਾਜਪਾ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਇੱਕ ਦੂਜੇ ਵਿਰੁਧ ਕੀਤੀ ਜਾ ਰਹੀ ਨਕਾਰਤਮਿਕ ਬਿਆਨਬਾਜ਼ੀ ਸਬੰਧੀ ਪੁੱਛੇ ਸਵਾਲ ‘ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸਿਆਸਤ ਦਾ ਇਹ ਢੰਗ ਸਹੀ ਨਹੀਂ ਹੈ ਅਤੇ ਉਨ੍ਹਾਂ ਨੇ ਆਪਣੇ ਲੰਬੇ ਸਿਆਸੀ ਸਫ਼ਰ ਦੌਰਾਨ ਕਦੇ ਵੀ ਕਿਸੇ ਦਾ ਨਾਮ ਲੈ ਕੇ ਦੂਸ਼ਣਬਾਜ਼ੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਨਿੱਜੀ ਹਮਲਿਆਂ ਦਾ ਇਹ ਰੁਝਾਨ ਮੰਦਭਾਗਾ ਹੈ ਅਤੇ ਇਸ ਨੂੰ ਠੱਲ੍ਹ ਪਾਈ ਜਾਣੀ ਚਾਹੀਦੀ ਹੈ। ਚੋਣ ਸੁਧਾਰਾਂ ਸਬੰਧੀ ਪੁੱਛੇ ਸਵਾਲ ਦਾ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਚੋਣ ਸੁਧਾਰਾਂ ਦੇ ਪੂਰੀ ਤਰ੍ਹਾਂ ਹੱਕ ਵਿੱਚ ਹੈ ਜੇ ਅਜਿਹੇ ਸੁਧਾਰ ਹੁੰਦੇ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਸਦਾ ਸਵਾਗਤ ਕੀਤਾ ਜਾਵੇਗਾ।

ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਮਾਰੇ ਜਾ ਰਹੇ ਹੰਭਲਿਆਂ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਨਸ਼ਿਆਂ ਦੇ ਸੌਦਾਗਰਾਂ ਨੂੰ ਫੜਨ ਵਾਲੇ ਅਤੇ ਵੱਡੀਆਂ ਉਪਲਬਧੀਆਂ ਹਾਸਲ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਰਕਾਰ ਵੱਲੋਂ ਪ੍ਰਸੰਸਾ ਪੱਤਰ ਦਿੱਤੇ ਜਾਣਗੇ ਅਤੇ ਤਰੱਕੀਆਂ ਵੀ ਕੀਤੀਆਂ ਜਾਣਗੀਆਂ। ਇਸ ਦੌਰਾਨ ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇ ਅਜਿਹੇ ਮਾਮਲਿਆਂ ਵਿੱਚ ਕਿਸੇ ਵੀ ਸਿਆਸੀ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁੱਧ ਉਸਦੇ ਜੁਰਮ ਦੇ ਮੁਤਾਬਕ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਵਿੱਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ।

ਪੰਜਾਬ ਵਿੱਚ ਸ਼ਾਮਲਾਟ ਜ਼ਮੀਨਾਂ ‘ਤੇ ਕੁਝ ਅਸਰ ਰਸੂਖ ਵਾਲੇ ਵਿਅਕਤੀਆਂ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਦੇ ਆਧਾਰ ‘ਤੇ ਸਰਕਾਰ ਵੱਲੋਂ ਇਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਤੱਥਾਂ ਦੇ ਆਧਾਰ ‘ਤੇ ਹਰ ਹਾਲਤ ਵਿੱਚ ਉਚਿਤ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਭਾਵੇਂ ਉਹ ਕਿਸੇ ਵੀ ਅਹੁਦੇ ‘ਤੇ ਅਤੇ ਕਿਸੇ ਵੀ ਪਾਰਟੀ ਦੇ ਹੋਣ ਦੇ , ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵ: ਸੂਬੇਦਾਰ ਕਰਤਾਰ ਸਿੰਘ ਦੇ ਸਪੁੱਤਰ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, ਉੱਘੇ ਪ੍ਰਵਾਸੀ ਭਾਰਤੀ ਸ. ਦਰਸ਼ਨ ਸਿੰਘ ਧਾਲੀਵਾਲ ਅਤੇ ਸ. ਚਰਨਜੀਤ ਸਿੰਘ ਧਾਲੀਵਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ, ਸਾਬਕਾ ਮੈਂਬਰ ਰਾਜ ਸਭਾ ਬੀਬਾ ਅਮਰਜੀਤ ਕੌਰ, ਵਿਧਾਇਕ ਸ਼ੁਤਰਾਣਾ ਬੀਬੀ ਵਨਿੰਦਰ ਕੌਰ ਲੂੰਬਾ, ਵਿਧਾਇਕਾ ਘਨੌਰ ਸ਼੍ਰੀਮਤੀ ਹਰਪ੍ਰੀਤ ਕੌਰ ਮੁਖਮੇਲਪੁਰ, ਵਿਧਾਇਕ ਸ. ਇਕਬਾਲ ਸਿੰਘ ਝੂੰਦਾਂ, ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਕੋਹਲੀ, ਸਾਬਕਾ ਆਈ.ਏ.ਐਸ. ਸ. ਅਮਰਜੀਤ ਸਿੰਘ ਸਿੱਧੂ, ਸਾਬਕਾ ਮੰਤਰੀ ਸ. ਗੋਬਿੰਦ ਸਿੰਘ ਲੌਂਗੋਵਾਲ, ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਸ. ਜਸਪਾਲ ਸਿੰਘ ਕਲਿਆਣ, ਵਾਈਸ ਚੇਅਰਮੈਨ ਸ. ਅਵਤਾਰ ਸਿੰਘ ਘਲੌੜੀ, ਪੰਜਾਬ ਫੂਡਗਰੇਨ ਦੇ ਸਾਬਕਾ ਚੇਅਰਮੈਨ ਸ. ਰਣਧੀਰ ਸਿੰਘ ਰੱਖੜਾ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸ. ਇੰਦਰਮੋਹਨ ਸਿੰਘ ਬਜਾਜ ਤੇ ਦਿਹਾਤੀ ਪ੍ਰਧਾਨ ਸ. ਫ਼ੌਜਇੰਦਰ ਸਿੰਘ ਮੁਖਮੇਲਪੁਰ, ਪੰਜਾਬ ਮੁਲਾਜ਼ਮ ਭਲਾਈ ਬੋਰਡ ਦੇ ਸਾਬਕਾ ਚੇਅਰਮੈਨ ਸ. ਸੁਰਿੰਦਰ ਸਿੰਘ ਪਹਿਲਵਾਨ, ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ ਦੇ ਸਾਬਕਾ ਉਪ-ਚੇਅਰਮੈਨ ਸ. ਹਰਜੀਤ ਸਿੰਘ ਅਦਾਲਤੀਵਾਲਾ, ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰਨੀ ਦੇ ਮੈਂਬਰ ਸ਼੍ਰੀ ਛੱਜੂ ਰਾਮ ਸੋਫਤ, ਸਾਬਕਾ ਚੇਅਰਮੈਨ ਐਸ.ਐਸ. ਬੋਰਡ ਸ. ਤੇਜਿੰਦਰਪਾਲ ਸਿੰਘ ਸੰਧੂ, ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਸ. ਮਹਿੰਦਰ ਸਿੰਘ ਲਾਲਵਾ, ਸ. ਸ਼ਗਿੰਦਰਪਾਲ ਸਿੰਘ ਸਨੀ ਔਲਖ, ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ ਸ਼੍ਰੀ ਸੰਜੀਵ ਸਿੰਗਲਾ, ਸ਼੍ਰੀਮਤੀ ਮੰਜੂ ਕੂਰੈਸ਼ੀ, ਬਾਬਾ ਭੁਪਿੰਦਰ ਸਿੰਘ, ਡਾ. ਨਵੀਨ ਸਾਰੋਂਵਾਲ, ਐਸ.ਜੀ.ਪੀ.ਸੀ. ਮੈਂਬਰ ਸ. ਸੁਰਜੀਤ ਸਿੰਘ ਗੜ੍ਹੀ, ਬੀਬੀ ਕੁਲਦੀਪ ਕੌਰ ਟੌਹੜਾ, ਸ. ਲਾਭ ਸਿੰਘ ਦੇਵੀਨਗਰ, ਸ. ਕੁਲਦੀਪ ਸਿੰਘ ਨੱਸੂਪੁਰ, ਸ. ਜਰਨੈਲ ਸਿੰਘ ਕਰਤਾਰਪੁਰ, ਸ. ਸਤਵਿੰਦਰ ਸਿੰਘ ਟੌਹੜਾ, ਸ. ਨਿਰਮਲ ਸਿੰਘ ਹਰਿਆਊ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਗੁਰਮੋਹਨ ਸਿੰਘ ਵਾਲੀਆ, ਸ. ਹਰਿੰਦਰ ਸਿੰਘ ਭਾਂਬਰੀ, ਸ. ਮੱਖਣ ਸਿੰਘ ਲਾਲਕਾ, ਸ. ਹਰਮੀਤ ਸਿੰਘ ਪਠਾਣਮਾਜਰਾ, ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸ. ਪ੍ਰੀਤਇੰਦਰ ਸਿੰਘ, ਸ. ਹਰੀ ਸਿੰਘ ਪ੍ਰੀਤ ਕੰਬਾਇਨ, ਸ਼੍ਰੀ ਰਵੀ ਆਹਲੂਵਾਲੀਆ, ਜਥੇਦਾਰ ਕਰਤਾਰ ਸਿੰਘ ਅਲੌਹਰਾਂ, ਸ਼੍ਰੀ ਕਰਮਜੀਤ ਸਿੰਘ ਰੱਖੜਾ, ਸਾਬਕਾ ਮੇਅਰ ਸ. ਜਸਪਾਲ ਸਿੰਘ ਪ੍ਰਧਾਨ, ਸ. ਸਰੂਪ ਸਿੰਘ ਸਹਿਗਲ, ਸ. ਰਣਜੀਤ ਸਿੰਘ ਨਿੱਕੜਾ, ਸ਼੍ਰੀ ਅਜੇ ਅਲੀਪੁਰੀਆ, ਸ਼੍ਰੀਮਤੀ ਜਸਪਾਲ ਕੌਰ ਧਾਰਨੀ, ਸ੍ਰੀ ਅਸ਼ੋਕ ਮੌਦਗਿੱਲ, ਸ. ਜਸਵਿੰਦਰ ਸਿੰਘ ਚੀਮਾ, ਸ. ਜਸਪ੍ਰੀਤ ਸਿੰਘ ਭਾਟੀਆ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਅਜੋਏ ਕੁਮਾਰ, ਆਈ.ਜੀ. ਪਟਿਆਲਾ ਜ਼ੋਨ ਸ਼੍ਰੀ ਪੀ.ਐਸ. ਗ਼ਿੱਲ, ਡਵੀਜ਼ਨਲ ਕਮਿਸ਼ਨਰ ਸ. ਅਜੀਤ ਸਿੰਘ ਪੰਨੂੰ, ਡੀ.ਆਈ.ਜੀ ਸ਼ਿਵੇ ਕੁਮਾਰ ਵਰਮਾ, ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ, ਐਸ.ਐਸ.ਪੀ. ਸ. ਹਰਦਿਆਲ ਸਿੰਘ ਮਾਨ, ਸਾਬਕਾ ਡੀ.ਆਈ.ਜੀ. ਸ. ਹਰਿੰਦਰ ਸਿੰਘ ਚਾਹਲ, ਸ. ਪੀ.ਐਸ. ਗਰੇਵਾਲ ਆਦਿ ਸ਼ਾਮਿਲ ਸਨ।

Facebook Comment
Project by : XtremeStudioz