Close
Menu

ਬਾਦਲ ਨੇ ਗੁਜਰਾਤ ਵਿੱਚ ਸਿੱਖ ਕਿਸਾਨਾਂ ਦਾ ਮਾਮਲਾ ਮੋਦੀ ਕੋਲ ਉਠਾਇਆ

-- 10 September,2013

photo-of-meeting-with-farmers

ਗਾਂਧੀਨਗਰ/ਚੰਡੀਗੜ੍ਹ, 10 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਭਰੋਸਾ ਦਿਵਾਇਆ ਹੈ ਕਿ ਗੁਜਰਾਤ ਦੇ ਕੱਛ ਖੇਤਰ ਵਿੱਚੋਂ ਪੰਜਾਬੀ ਜਾਂ ਸਿੱਖ ਕਿਸਾਨਾਂ ਨੂੰ ਕਿਸੇ ਵੀ ਕੀਮਤ ‘ਤੇ ਉਜਾੜਿਆ ਨਹੀਂ ਜਾਵੇਗਾ। ਇਸ ਬਾਰੇ ਭਰੋਸਾ ਗੁਜਰਾਤ ਦੇ ਮੁੱਖ ਮੰਤਰੀ ਨੇ ਸ. ਬਾਦਲ ਨੂੰ ਅੱਜ ਸ਼ਾਮ ਕੱਛ ਖੇਤਰ ਦੇ ਪੰਜਾਬੀ ਕਿਸਾਨਾਂ ਦੀ ਸੱਦੀ ਗਈ ਵਿਸ਼ੇਸ਼ ਪੰਚਾਇਤ ਮੀਟਿੰਗ ਵਿੱਚ ਦਿਵਾਇਆ। ਇਸ ਮੀਟਿੰਗ ਵਿੱਚ ਦੋਵੇਂ ਮੁੱਖ ਮੰਤਰੀ ਹਾਜ਼ਰ ਸਨ। ਸ. ਬਾਦਲ ਗਾਂਧੀਨਗਰ ਵਿਖੇ ਖੇਤੀਬਾੜੀ ਬਾਰੇ ਆਲਮੀ ਸੰਮੇਲਨ ਵਿੱਚ ਹਿੱਸਾ ਲੈਣ ਲਈ ਆਏ ਸਨ। ਸ੍ਰੀ ਮੋਦੀ ਨੇ ਅੱਗੇ ਦੱਸਿਆ ਕਿ ਸਾਲ 1973 ਵਿੱਚ ਗੁਜਰਾਤ ਦੀ ਤਤਕਾਲੀ ਕਾਂਗਰਸ ਸਰਕਾਰ ਨੇ ਇਕ ਸਰਕੂਲਰ ਜਾਰੀ ਕੀਤਾ ਸੀ ਜਿਸ ਵਿੱਚ ਇਹ ਆਖਿਆ ਗਿਆ ਸੀ ਕਿ ਜੇ ਗੁਜਰਾਤ ਤੋਂ ਬਾਹਰਲਾ ਕੋਈ ਵੀ ਕਿਸਾਨ ਸੂਬੇ ਵਿੱਚ ਜ਼ਮੀਨ ਖਰੀਦਦਾ ਹੈ ਤਾਂ ਉਸ ਨੂੰ ਗੈਰ-ਕਿਸਾਨ ਐਲਾਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਕਿਸਾਨਾਂ ਨੂੰ ਇਹ ਦਰਪੇਸ਼ ਸੰਕਟ ਕਾਂਗਰਸ ਸਰਕਾਰ ਵੱਲੋਂ ਜਾਰੀ ਕੀਤੇ ਉਸ ਪੱਤਰ ‘ਤੇ ਪੂਰੀ ਤਰ੍ਹਾਂ ਅਧਾਰਿਤ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੁਝ ਲੋਕ ਇਹ ਕਹਿ ਕੇ ਗੁਜਰਾਤ ਸਰਕਾਰ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਦੀ ਸਰਕਾਰ ਨੇ ਕੱਛ ਵਿੱਚ ਖੇਤੀ ਕਰ ਰਹੇ ਸਿੱਖ ਕਿਸਾਨਾਂ ਪ੍ਰਤੀ ਵਿਤਕਰੇ ਵਾਲਾ ਵਤੀਰਾ ਅਪਣਾਇਆ ਹੈ।

ਗੁਜਰਾਤ ਦੇ ਮੁੱਖ ਮੰਤਰੀ ਨੇ ਸ. ਬਾਦਲ ਨੂੰ ਭਰੋਸਾ ਦਿਵਾਇਆ ਕਿ ਭਾਵੇਂ ਇਹ ਮਾਮਲਾ ਅਦਾਲਤ ਵਿੱਚ ਸੁਣਵਾਈ ਅਧੀਨ ਹੈ ਪਰ ਉਨ੍ਹਾਂ ਦੀ ਸਰਕਾਰ ਕੱਛ ਖੇਤਰ ਦੇ ਸਿੱਖ ਕਿਸਾਨਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਗੁਜਰਾਤ ਤੋਂ ਕਿਸਾਨਾਂ ਨੂੰ ਉਜਾੜਨ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਗੁਜਰਾਤ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿੱਚ ਪੰਜਾਬੀਆਂ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਗੁਜਰਾਤ ਵਿੱਚ ਸਦੀਆਂ ਤੋਂ ਤਕਰੀਬਨ 50,000 ਸਿੱਖ ਸ਼ਾਂਤਪੂਰਨ ਰਹਿ ਰਹੇ ਹਨ ਅਤੇ ਇਹ ਭਾਈਚਾਰਾ ਸੂਬੇ ਦੇ ਵਿਕਾਸ ਵਿੱਚ ਸਰਗਰਮ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਗੁਜਰਾਤ ਸਰਕਾਰ ਦਾ ਜੇਕਰ ਕੋਈ ਅਧਿਕਾਰੀ ਕਿਸਾਨਾਂ ਨੂੰ ਗੁਜਰਾਤ ਛੱਡਣ ਲਈ ਆਖੇਗਾ ਤਾਂ ਉਸ ਅਧਿਕਾਰੀ ਨੂੰ ਗੁਜਰਾਤ ਛੱਡਣਾ ਪਵੇਗਾ ਅਤੇ ਇਹ ਗੱਲ ਅਧਿਕਾਰੀਆਂ ਨੂੰ ਭਲੀ ਭਾਂਤ ਸਮਝ ਲੈਣੀ ਚਾਹੀਦੀ ਹੈ।

ਸ੍ਰੀ ਮੋਦੀ ਨੇ ਮੁੱਖ ਮੰਤਰੀ ਦੱਸਿਆ ਕਿ ਕੱਛ ਵਿੱਚ ਰਹਿ ਰਹੇ 784 ਪਰਿਵਾਰਾਂ ਵਿੱਚੋਂ 245 ਪਰਿਵਾਰ ਪੰਜਾਬੀ, 88 ਗੁਜਰਾਤੀ ਤੇ 451 ਪਰਿਵਾਰ ਮੱਧ ਪ੍ਰਦੇਸ਼ ਤੇ ਰਾਜਸਥਾਨ ਵਰਗੇ ਹੋਰ ਸੂਬਿਆਂ ਤੋਂ ਹਨ। ਉਨ੍ਹਾਂ ਕਿਹਾ ਕਿ ਗੁਜਰਾਤ ਸਰਕਾਰ ਇਨ੍ਹਾਂ ਕਿਸਾਨਾਂ ਦੇ ਸ਼ਾਂਤੀਪੂਰਨ ਰਹਿਣ ਦੇ ਅਧਿਕਾਰ ਦੀ ਸੁਰੱਖਿਆ ਕਰੇਗੀ ਅਤੇ ਉਨ੍ਹਾਂ ਨੂੰ ਆਪਣਾ ਜੀਵਨ ਮਾਣ-ਸਨਮਾਨ ਨਾਲ ਬਸਰ ਕਰਨ ਲਈ ਹਰ ਸੰਭਵ ਮਦਦ ਕਰੇਗੀ।

Facebook Comment
Project by : XtremeStudioz