Close
Menu

ਬਾਦਲ ਮੋਦੀ ਸਰਕਾਰ ਖਿਲਾਫ ਦੇਵੇ ਧਰਨਾ, ਕਾਂਗਰਸ ਦੇਵੇਗੀ ਸਾਥ : ਭੱਠਲ

-- 20 May,2015

ਮਾਨਸਾ – ਅਕਾਲੀ ਭਾਜਪਾ ਗਠਜੋੜ ਸਰਕਾਰ ਦੀਆਂ ਨੀਤੀਆਂ ਕਾਰਨ ਪੰਜਾਬ ਦਾ ਹਰ ਵਰਗ ਬੇਹੱਦ ਦੁੱਖੀ ਹੈ। ਜਿਸ ਦੀ ਮਿਸਾਲ ਬੀਤੇ ਦਿਨੀਂ ਮੋਗਾ ਵਿਖੇ ਦੇਖਣ ਨੂੰ ਮਿਲੀ ਬਾਦਲਾਂ ਦੀ ਬੱਸ ਵਿਚ ਇਕ ਨਾਬਾਲਿਗ ਲੜਕੀ ਨੂੰ ਮੌਤ ਦੇ ਮੂੰਹ ਵਿਚ ਜਾਣਾ ਪਿਆ ਅਤੇ ਉਸ ਦੀ ਮਾਤਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਵਿਚ ਇਨਸਾਫ਼ ਨਾਂ ਦੀ ਕੋਈ ਚੀਜ਼ ਨਹੀਂ ਹੈ, ਅਜਿਹੀ ਹਾਲਤ ਵਿਚ ਜੇਕਰ ਕਿਸੇ ਹੋਰ ਪ੍ਰਾਈਵੇਟ ਆਪ੍ਰੇਟਰ ਦੀ ਬੱਸ ਸਮੇਂ ਅਜਿਹਾ ਹਾਦਸਾ ਹੁੰਦਾ ਤਾਂ ਉਸ ਬੱਸ ਦੇ ਮਾਲਕ ਉਪਰ ਪਰਚਾ ਕਦੋਂ ਦਾ ਦਰਜ ਹੋ ਜਾਣਾ ਸੀ ਪਰ ਬਾਦਲਾਂ ਦੀ ਬੱਸ ਸੰਬੰਧੀ ਦੋਸ਼ੀਆਂ ਉਪਰ ਤਾਂ ਪਰਚੇ ਦਰਜ ਹੋ ਗਏ ਪਰ ਇਸ ਦੇ ਮਾਲਕਾਂ ਉਪਰ ਪਰਚੇ ਦਰਜ ਨਹੀਂ ਹੋਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਪਿੰਡ ਕੋਟ ਲੱਲੂ ਵਿਖੇ ਜ਼ਿਲਾ ਕਾਂਗਰਸ ਕਮੇਟੀ ਇੰਟਕ ਦੇ ਪ੍ਰਧਾਨ ਗਾਗੜ ਸਿੰਘ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜਿਸ ਰਾਜ ਵਿਚ ਧੀਆਂ-ਭੈਣਾਂ ਹੀ ਸੁਰੱਖਿਅਤ ਨਹੀਂ, ਜਿਥੇ ਕਿਸਾਨ ਆਪਣੀਆਂ ਫਸਲਾਂ ਨੂੰ ਲੈ ਕੇ ਰੁਲ ਰਹੇ ਹਨ, ਵਪਾਰੀ ਅਤੇ ਮੁਲਾਜ਼ਮ ਤਰਾਹ-ਤਰਾਹ ਕਰ ਰਹੇ ਹਨ, ਨੂੰ ਮੁੱਖ ਰੱਖਦਿਆਂ ਦੇਸ਼ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਬਿਨਾਂ ਕਿਸੇ ਦੇਰੀ ਤੋਂ ਪੰਜਾਬ ਅੰਦਰ ਰਾਸ਼ਟਰਪਤੀ ਰਾਜ ਲਾਗੂ ਕਰਨ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸੁੱਖ ਦਾ ਸਾਹ ਆ ਸਕੇ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ 20 ਮਈ ਨੂੰ ਪੰਜਾਬ ਕਾਂਗਰਸ ਦੇ ਆਗੂਆਂ ਜਿਨ੍ਹਾਂ ਵਿਚ ਪ੍ਰਦੇਸ਼ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਅਤੇ ਉਨ੍ਹਾਂ ਸਮੇਤ (ਭੱਠਲ) ਹੋਰ ਸ਼ਾਮਲ ਹੋਣਗੇ, ਦਾ ਵਫ਼ਦ ਪੰਜਾਬ ਦੇ ਭਖਦੇ ਮੁੱਦਿਆਂ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲੇਗਾ। ਜਿਸ ਦੌਰਾਨ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਜਾਵੇਗੀ।
ਇਸ ਮੌਕੇ ਉਨ੍ਹਾਂ ਮੋਦੀ ਸਰਕਾਰ ਵਲੋਂ ਲੋਕਾਂ ਨੂੰ ਅੱਛੇ ਦਿਨਾਂ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਕੇਂਦਰ ਸਰਕਾਰ ਦੀ ਤਿੱਖੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਕ ਸਾਲ ਵਿਚ ਮਹਿੰਗਾਈ ‘ਚ ਵਾਧਾ ਹੋਇਆ, ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ‘ਚ ਵਾਧਾ ਹੋਇਆ, ਕਿਸਾਨਾਂ ਦੀਆਂ ਫਸਲਾਂ ਮੰਡੀਆਂ ਵਿਚ ਰੁਲੀਆਂ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਬਾਦਲ ਕਿਸਾਨਾਂ ਦੇ ਸੱਚੇ ਹਿਤੈਸ਼ੀ ਹਨ ਤਾਂ ਕੇਂਦਰ ‘ਚ ਜਾ ਕੇ ਧਰਨਾ ਲਗਾਉਣ, ਉਸ ਵਿਚ ਕਾਂਗਰਸ ਪਾਰਟੀ ਉਨ੍ਹਾਂ ਦਾ ਡਟ ਕੇ ਸਾਥ ਦੇਵੇਗੀ। ਇਸ ਮੌਕੇ ਯੂਥ ਕਾਂਗਰਸ ਆਗੂ ਰਾਹੁਲ ਇੰਦਰ ਸਿੰਘ ਸਿੱਧੂ, ਰਾਮ ਪਾਲ ਢੈਪਈ, ਅਵਤਾਰ ਸਿੰਘ ਜੋਗਾ, ਕਰਨੈਲ ਸਿੰਘ ਅਤਲਾ, ਵਿਸ਼ਵ ਸਿੰਘ ਅਤਲਾ, ਗੁਰਜੰਟ ਸਿੰਘ ਅਲੀਸ਼ੇਰ, ਕਾਲਾ ਸਿੰਘ ਪੰਚ ਆਦਿ ਹਾਜ਼ਰ ਸਨ।

Facebook Comment
Project by : XtremeStudioz