Close
Menu

ਬਾਦਲ ਵਲੋਂ ਪੰਜਾਬ ਜੈਵਿਕ ਖੇਤੀ ਬੋਰਡ ਦੀ ਸਥਾਪਨਾ ਦਾ ਐਲਾਨ

-- 02 March,2015

ਚੰਡੀਗੜ੍, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਵਿਚ ਜੈਵਿਕ ਖੇਤੀ ਨੂੰ ਪੜਾਅਵਾਰ ਢੰਗ ਨਾਲ ਅਮਲ ਵਿਚ ਲਿਆਉਣ ਲਈ ਅੱਜ ਸੂਬੇ ਵਿਚ ‘ਆਰਗੈਨਿਕ ਫਾਰਮਿੰਗ ਬੋਰਡ’ ਦੀ ਸਥਾਪਨਾ ਕਰਨ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਇਹ ਐਲਾਨ ਅੱਜ ਇਥੇ 5ਵੀਂ ਨੈਸ਼ਨਲ ਆਰਗੈਨਿਕ ਫਾਰਮਿੰਗ ਕਨਵੈਨਸ਼ਨ ਦੇ ਸਮਾਪਤੀ ਸਮਾਗਮ ਦੀ ਪ੍ਰਧਾਨਗੀ ਕਰਨ ਮੌਕੇ ਕੀਤਾ। ਮੁੱਖ ਮੰਤਰੀ ਨੇ ਆਖਿਆ ਕਿ ਸੂਬੇ ਵਿਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਣਾ ਸਮੇਂ ਦੀ ਲੋੜ ਹੈ ਅਤੇ ਸੂਬਾ ਸਰਕਾਰ ਕਿਸਾਨਾਂ ਨੂੰ ਇਸ ਮੰਤਵ ਲਈ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਕੌਮੀ ਅਤੇ ਖੇਤਰੀ ਸੰਸਥਾਵਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਖੇਤਾਂ ਵਿਚ ਜੈਵਿਕ ਖੇਤੀ ਦੇ ਸੰਕਲਪ ਨੂੰ ਅਪਨਾਉਣ ਲਈ ਅੱਗੇ ਆਉਣ ਕਿਉਂਕਿ ਖੇਤੀ ਦਾ ਵਪਾਰਕ ਪ੍ਰਣਾਲੀ ਵਿੱਚ ਢਲ ਜਾਣ ਨਾਲ ਨਾ ਸਿਰਫ ਮਾਨਵੀ ਸ਼ਕਤੀ ਨੂੰ ਹੀ ਸਗੋਂ ਉਪਜਾਊ ਮਿੱਟੀ ਦੀ ਸ਼ਕਤੀ ਨੂੰ ਵੀ ਖਤਰਾ ਖੜ੍ਹਾ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਨ ਦਾ ਮੰਡੀਕਰਨ ਅਤੇ ਲਾਭ ਮੁਹੱਈਆ ਕਰਵਾਉਣ ਵਿਚ ਸੂਬਾ ਸਰਕਾਰ ਪੂਰਾ ਸਹਿਯੋਗ ਅਤੇ ਮੱਦਦ ਕਰੇਗੀ। ਜੈਵਿਕ ਖੇਤੀ ਨਾਲ ਕਿਸਾਨਾਂ ਨੂੰ ਜੁੜਨ ਲਈ ਇਸ ਖੇਤਰ ਦੇ ਸਰਗਰਮ ਲੋਕਾਂ, ਵਿਗਿਆਨੀਆਂ ਅਤੇ ਅਗਾਂਹਵਧੂ ਕਿਸਾਨਾਂ ਦਾ ਮਹੱਤਵਪੂਰਨ ਰੋਲ ਹੋਵੇ, ਜਿਸ ਨਾਲ ਗੈਰ-ਜੈਵਿਕ ਖੇਤੀ ਨੂੰ ਜੈਵਿਕ ਖੇਤੀ ਵਿਚ ਤਬਦੀਲ ਕੀਤਾ ਜਾਵੇ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਆਪਣੀ ਨੋਡਲ ਏਜੰਸੀ ਪੰਜਾਬ ਐਗਰੋ ਰਾਹੀਂ ਜੈਵਿਕ ਖੇਤੀ ਨਾਲ ਵੱਧ ਤੋਂ ਵੱਧ ਕਿਸਾਨਾਂ ਨੂੰ ਜੋੜਨ ਲਈ ਲੀਹੋਂ ਹਟਵੇਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ ਲਗਭਗ 1000 ਕਿਸਾਨਾਂ ਨੂੰ ਜੈਵਿਕ ਕਿਸਾਨਾਂ ਵਜੋਂ ਪ੍ਰਮਾਣਿਤ ਕੀਤਾ ਗਿਆ ਹੈ, ਜਿਸ ਨਾਲ ਸੂਬੇ ਵਿਚ 550 ਏਕੜ ਰਕਬਾ ਜੈਵਿਕ ਖੇਤੀ ਅਧੀਨ ਲਿਆਂਦਾ ਗਿਆ ਹੈ।
ਉਨ੍ਹਾਂ ਆਖਿਆ ਕਿ ਪੰਜਾਬ ਐਗਰੋ ਵਲੋਂ ਹਰੇਕ ਸਾਲ 1000 ਕਿਸਾਨਾਂ ਨੂੰ ਰਜਿਸਟਰ ਕੀਤਾ ਜਾਇਆ ਕਰੇਗਾ ਤਾਂ ਕਿ ਕੀਟਨਾਸ਼ਕਾਂ ਅਤੇ ਕੈਮੀਕਲ ਵਾਲੀਆਂ ਖਾਦਾਂ ਦੀ ਅੰਨ੍ਹੀ ਵਰਤੋਂ ਦੇ ਮਾੜੇ ਪ੍ਰਭਾਵਾਂ ਤੋਂ ਮਨੁੱਖਤਾ ਨੂੰ ਬਚਾਉਣ ਲਈ ਲੋਕ ਲਹਿਰ ਆਰੰਭੀ ਜਾਵੇ। ਉਨ੍ਹਾਂ ਸੂਬੇ ਦੇ ਹਰੇਕ ਬਲਾਕ ਵਿਚ ਜੈਵਿਕ ਖੇਤੀ ਦੇ ਫਾਰਮਾਂ ਦੀ ਸਥਾਪਨਾ ਲਈ ਪੰਚਾਇਤੀ ਜ਼ਮੀਨ ਅਲਾਟ ਕਰਨ ਦਾ ਐਲਾਨ ਕੀਤਾ ਜਿਸ ਨਾਲ ਕਿਸਾਨਾਂ ਨੂੰ ਜੈਵਿਕ ਖੇਤੀ ਪ੍ਰਤੀ ਉਤਸ਼ਾਹਿਤ ਕੀਤਾ ਜਾ ਸਕੇ। ਮੁੱਖ ਮੰਤਰੀ ਨਾਲ ਭਾਜਪਾ ਦੇ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸ੍ਰੀ ਸੰਜੈ ਟੰਡਨ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਐਸ. ਕਰੁਨਾ ਰਾਜੂ ਅਤੇ ਪੰਜਾਬ ਐਗਰੋ ਦੇ ਐਮ.ਡੀ ਕਾਹਨ ਸਿੰਘ ਪੰਨੂ ਹਾਜ਼ਰ ਸਨ।

Facebook Comment
Project by : XtremeStudioz