Close
Menu

ਬਾਦਲ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਨ ਵਾਲੀ ਭਾਈ ਜੈਤਾ ਜੀ ਦੀ ਯਾਦਗਾਰ ਲਈ ਸੰਕਲਪ ਦਸਤਾਵੇਜ਼ ਪ੍ਰਵਾਨ

-- 23 September,2013

DSCF2760

ਚੰਡੀਗੜ੍ਹ, 23 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ ਜੀ) ਦੀ ਯਾਦ ਵਿੱਚ ਉਸਾਰੇ ਜਾਣ ਵਾਲੇ ਸਮਾਰਕ ਲਈ ਸੰਕਲਪ ਕਮੇਟੀ ਵਲੋਂ ਤਿਆਰ ਕੀਤੇ ਸੰਕਲਪ ਦਸਤਾਵੇਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸਮਾਰਕ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਬਾਬਾ ਜੈਤਾ ਜੀ ਦੀ ਸ਼ਰਧਾ, ਆਤਮ ਸਮਰਪਣ, ਸਿਦਕਦਿਲੀ, ਬਰਾਬਰੀ ਤੇ ਕੁਰਬਾਨੀ ਦਾ ਪ੍ਰਤੀਕ ਹੋਵੇਗਾ।

ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਜ ਏਕੜ ਰਕਬੇ ਵਿੱਚ ਭਾਈ ਜੈਤਾ ਜੀ ਦੀ ਲਾਮਿਸਾਲ ਕੁਰਬਾਨੀ ਨੂੰ ਸਮਰਪਿਤ ਉਸਾਰੇ ਜਾਣ ਵਾਲੇ ਸਮਾਰਕ ਦੀ ਰੂਪ-ਰੇਖਾ ਨੂੰ ਅੰਤਮ ਰੂਪ ਦੇਣ ਲਈ ਉਘੇ ਸਿੱਖ ਵਿਦਵਾਨਾਂ, ਇਤਿਹਾਸਕਾਰਾਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਬਾਦਲ ਨੇ ਆਖਿਆ ਕਿ ਇਹ ਸ਼ਾਨਾਮੱਤੀ ਯਾਦਗਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਸਪੁੱਤਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਭਾਈ ਜੈਤਾ ਜੀ ਦੀ ਸੇਵਾ ਤੇ ਸਮਰਪਤ ਭਾਵਨਾ ਨੂੰ ਮੂਰਤੀਮਾਨ ਕਰੇਗੀ। ਸ. ਬਾਦਲ ਨੇ ਭਾਈ ਜੈਤਾ ਜੀ ਦੀ ਨਿਸ਼ਕਾਮ ਸੇਵਾ ਨੂੰ ਚੇਤੇ ਕੀਤਾ ਜਿਨ੍ਹਾਂ ਵਲੋਂ ਆਪਣੇ ਜੀਵਨ ਦੀ ਪ੍ਰਵਾਹ ਨਾ ਕਰਦਿਆਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਲਿਆ ਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਥਾਹ ਸ਼ਰਧਾ ਤੇ ਸਤਿਕਾਰ ਨਾਲ  ਭੇਂਟ ਕੀਤਾ।  ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਦੀ ਇਸ ਵਿਲੱਖਣ ਬਹਾਦਰੀ ਤੇ ਸ਼ਰਧਾ ਬਦਲੇ ਉਨ੍ਹਾਂ ਨੂੰ ਸੱਚਾ ਸਿੱਖ ਦਰਸਾ ਕੇ ਆਪਣੇ ਗਲ ਨਾਲ ਲਾਇਆ।

ਸ. ਬਾਦਲ ਨੇ ਸਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਆਖਿਆ ਕਿ ਇਸ ਸਮਾਰਕ ਦੇ ਨਕਸ਼ੇ ਅਤੇ ਡਿਜ਼ਾਇਨ ਨੂੰ ਅੰਤਮ ਰੂਪ ਦੇਣ ਲਈ ਵਿਸ਼ਵ ਪੱਧਰ ਦੇ ਨਾਮੀ ਆਰਕੀਟੈਕਟ ਦੀਆਂ ਸੇਵਾਵਾਂ ਲਈਆਂ ਜਾਣ। ਉਨ੍ਹਾਂ ਆਖਿਆ ਕਿ ਜਦੋਂ ਇਹ ਯਾਦਗਾਰ ਵਿਰਾਸਤ-ਏ-ਖਾਲਸਾ ਦੇ ਨੇੜੇ ਬਣਾਈ ਜਾਣੀ ਹੈ ਤਾਂ ਇਸ ਵੇਲੇ ਇਹ ਸਮਾਰਕ ਸਿੱਖ ਵਿਰਾਸਤੀ ਕੰਪਲੈਕਸ ਦੀ ਇਕਸਾਰਤਾ ਤੇ ਲੈਅ ਅਨੁਸਾਰ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਈ ਜੈਤਾ ਜੀ ਦੇ ਜੀਵਨ ਤੇ ਵਿਚਾਰਧਾਰਾ ਨੂੰ ਦਰਸਾਉਣ ਲਈ ਲਾਈਟ ਐਂਡ ਸਾਊਂਡ ਸ਼ੋ, ਲੇਜ਼ਰ ਸ਼ੋ, ਡਾਕੂਮੈਂਟਰੀ ਫਿਲਮ ਤੋਂ ਇਲਾਵਾ ਗੈਲਰੀਆਂ ਨੂੰ ਵੀ ਯੋਜਨਾਬੱਧ ਢੰਗ ਨਾਲ ਬਣਾਇਆ ਜਾਵੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਮਹਾਨ ਵਿਰਸੇ ਤੇ ਅਮੀਰ ਵਿਰਾਸਤ ਬਾਰੇ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਨੇ ਇਤਿਹਾਸਕਾਰਾਂ ਤੇ ਵਿਦਵਾਨਾਂ ਨੂੰ ਆਖਿਆ ਕਿ ਉਹ ਸਮਾਰਕ ਦੀ ਉਸਾਰੀ ਅਤੇ ਡਾਕੂਮੈਂਟਰੀ ਫਿਲਮ ਤੇ ਲਾਈਟ ਐਂਡ ਸਾਊਂਡ ਸ਼ੋ ਬਾਰੇ ਪਟਕਥਾ ਵਾਸਤੇ ਆਪਣੇ ਅਹਿਮ ਵਿਚਾਰ ਦੇਣ। ਸ. ਬਾਦਲ ਨੇ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਕਿ ਭਾਈ ਜੈਤਾ ਜੀ ਸ਼ਰਧਾਵਾਨ ਸਿੱਖ ਸਨ ਜਿਨ੍ਹਾਂ ਨੂੰ ਹਰ ਕਿਸੇ ਵਲੋਂ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ ਕਿਉਂ ਜੋ ਉਨ੍ਹਾਂ ਨੇ ਆਪਣੀ ਸ਼ਰਧਾ ਤੇ ਨਿਮਰਤਾ ਨਾਲ ਸਿੱਖ ਪੰਥ ਦੇ ਸੇਵਾ ਦੇ ਸੰਕਲਪ ਨੂੰ ਸਿਦਕਦਿਲੀ ਨਾਲ ਨਿਭਾਇਆ। ਸ. ਬਾਦਲ ਨੇ ਕਿਹਾ ਕਿ ਇਹ ਯਾਦਗਾਰ ਭਾਈ ਜੈਤਾ ਜੀ ਦੀ ਲਾਮਿਸਾਲ ਕੁਰਬਾਨੀ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ ਜਿਸ ਨਾਲ ਉਨ੍ਹਾਂ ਦੀਆਂ ਮਹਾਨ ਕਦਰਾਂ-ਕੀਮਤਾਂ ਤੇ ਸਿਦਕਦਿਲੀ ਦਾ ਪਾਸਾਰ ਹੋਵੇਗਾ।

ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ, ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ, ਸ. ਸਰਵਣ ਸਿੰਘ ਫਿਲੌਰ, ਸਭਿਆਚਾਰਕ ਮਾਮਲੇ ਦੇ ਪ੍ਰਮੁੱਖ ਸਕੱਤਰ ਸ਼੍ਰੀ ਐਸ.ਐਸ. ਚੰਨੀ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਕੇ.ਜੇ.ਐਸ. ਚੀਮਾ ਅਤੇ ਡਾਇਰੈਕਟਰ ਸਭਿਆਚਾਰਕ ਮਾਮਲੇ ਸ਼੍ਰੀ ਨਵਜੋਤਪਾਲ ਸਿੰਘ ਰੰਧਾਵਾ ਤੋਂ ਇਲਾਵਾ ਉਘੇ ਸਿੱਖ ਵਿਦਵਾਨ ਤੇ ਇਤਿਹਾਸਕਾਰ ਪ੍ਰੋ: ਕ੍ਰਿਪਾਲ ਸਿੰਘ, ਸ. ਪ੍ਰਿਥੀਪਾਲ ਸਿੰਘ ਕਪੂਰ ਅਤੇ ਡਾ. ਇੰਦੂ ਬੰਗਾ ਹਾਜ਼ਰ ਸਨ।

Facebook Comment
Project by : XtremeStudioz