Close
Menu

ਬਾਦਲ ਵਲੋਂ ਹਰਿਆਣਾ ਦੇ ਲੋਕਾਂ ਨੂੰ ਚੌਧਰੀ ਦੇਵੀ ਲਾਲ ਦੀ ਅਮੀਰ ਵਿਰਾਸਤ ‘ਤੇ ਚੱਲਣ ਦੀ ਅਪੀਲ

-- 02 November,2013

bawa 3ਕੁਰੂਕਸ਼ੇਤਰਾ (ਹਰਿਆਣਾ),2 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਉਘੇ ਸਿਆਸਤਦਾਨ ਅਤੇ ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੀ ਅਮੀਰ ਵਿਰਾਸਤ ਉਤੇ ਚੱਲਣ ਦਾ ਲੋਕਾਂ ਨੂੰ ਸੱਦਾ ਦਿੱਤਾ ਹੈ ਜਿਨ੍ਹਾਂ ਨੇ ਫੁੱਟ ਪਾਊ ਸ਼ਕਤੀਆਂ ਅਤੇ ਸੰਕੀਰਣ ਸਿਆਸਤ ਵਿਰੁੱਧ ਅਣਥੱਕ ਲੜਾਈ ਲੜਨ ਤੋਂ ਇਲਾਵਾ ਜਮਹੂਰੀ ਕੀਮਤਾਂ ਨੂੰ ਮਜ਼ਬੂਤ ਕਰਨ ‘ਤੇ ਹੀ ਆਪਣਾ ਸਾਰਾ ਜੀਵਨ ਲਾ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਵਿਚੋਂ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਨੂੰ ਉਖਾੜ ਸੁੱਟਣਾ ਅਤੇ ਐਨ.ਡੀ.ਏ. ਦੀ ਸਰਕਾਰ ਨੂੰ ਸੱਤਾ ਵਿੱਚ ਲਿਆਉਣਾ ਹੀ ਚੌਧਰੀ ਦੇਵੀ ਲਾਲ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਕਿਉਂਕਿ ਕੇਂਦਰ ਦੀ ਮੌਜ਼ੂਦਾ ਸਰਕਾਰ ਦੇਸ਼ ਦਾ ਭਲਾ ਅਤੇ ਸਮੁੱਚਾ ਵਿਕਾਸ ਯਕੀਨੀ ਬਣਾਉਣ ਵਿੱਚ ਬੁਰੀ ਤਰ੍ਹਾਂ ਅਸਫ਼ਲ ਰਹੀ ਹੈ।
ਇੰਡੀਅਨ ਨੈਸ਼ਨਲ ਲੋਕ ਦਲ (ਆਈ.ਐਨ.ਐਲ.ਡੀ) ਵਲੋਂ ਦੱਬੇ ਕੁਚਲੇ ਲੋਕਾਂ ਅਤੇ ਕਿਸਾਨਾਂ ਦੇ ਮਸੀਹਾ ਤੇ ਤਾਊ ਜੀ ਦੇ ਤੌਰ ‘ਤੇ ਮਸ਼ਹੂਰ ਚੌਧਰੀ ਦੇਵੀ ਲਾਲ ਦੇ 100ਵੇਂ ਜਨਮ ਦਿਨ ਮੌਕੇ ਆਯੋਜਤ ਕਰਾਏ ਗਏ ਸਨਮਾਨ ਦਿਵਸ ਸਮਾਰੋਹ ਦੌਰਾਨ ਕੇ.ਬੀ.ਡੀ. ਗਰਾਊਂਡ ਬਰੱਹਮ ਸਰੋਵਰ ਵਿਖੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਚੌਧਰੀ ਦੇਵੀ ਲਾਲ ਨਾਲ ਲੰਮੇ ਸਮੇਂ ਦੇ ਪਰਿਵਾਰਕ ਸਬੰਧ ਸਨ ਅਤੇ ਉਹ ਕਿਸਮਤ ਵਾਲੇ ਹਨ ਜਿਨ੍ਹਾਂ ਨੇ ਚੌਧਰੀ ਜੀ ਨਾਲ ਕੰਮ ਕੀਤਾ ਹੈ। ਖਾਸ ਕਰ ਉੁਸ ਸਮੇਂ ਜਦੋਂ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ ਦੇਸ਼ ਵਿੱਚ ਲਾਈ ਗਈ ਐਮਰਜੈਂਸੀ ਦੇ ਦੌਰ ਦੌਰਾਨ ਉਨ੍ਹਾਂ ਦੀ ਨਿਰੰਕੁਸ਼ ਪਹੁੰਚ ਵਿਰੁੱਧ ਦੇਸ਼ ਵਿਆਪੀ ਅੰਦੋਲਨ ਆਰੰਭਿਆ ਸੀ। ਸ. ਬਾਦਲ ਨੇ ਕਿਹਾ ਕਿ ਵਰਤਮਾਨ ਸਮਾਂ ਐਮਰਜੈਂਸੀ ਦੇ ਉਸ ਸਮੇਂ ਵਰਗਾ ਹੀ ਹੈ ਜਦੋਂ ਯੂ.ਪੀ.ਏ. ਸਰਕਾਰ ਦਾ ਪ੍ਰਸ਼ਾਸ਼ਨ ਬੁਰੀ ਤਰ੍ਹਾਂ ਡਗਮਗਾ ਗਿਆ ਹੈ ਅਤੇ ਇਹ ਗਲ ਗਲ ਤੱਕ ਭ੍ਰਿਸ਼ਟਾਚਾਰ ਵਿੱਚ ਖੁੱਭੀ ਹੋਈ ਹੈ। ਇਸ ਤੋਂ ਇਲਾਵਾ ਬੇਰੁਜ਼ਗਾਰੀ, ਨੋਟ ਪਸਾਰਾ, ਭੁੱਖਮਰੀ ਅਨਪੜ੍ਹਤਾ ਅਤੇ ਗਰੀਬੀ ਦੇ ਬੱਦਲ ਦੇਸ਼ ਉਤੇ ਛਾਏ ਹੋਏ ਹਨ ਜੋ ਕਿ ਕਿਸੇ ਸਮੇਂ ਦੁਨੀਆਂ ਭਰ ਵਿੱਚ ਸੋਨੇ ਦੀ ਚਿੜੀ ਵਜੋਂ ਜਾਣਿਆ ਜਾਂਦਾ ਸੀ।  ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਨੂੰ ਬਣਾਈ ਰੱਖਣ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਕਾਂਗਰਸ ਸਰਕਾਰ ਦੀ ਤਿੱਖੀ ਅਲੋਚਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਸਰਕਾਰ ਕੋਲ ਸੱਤਾ ਵਿੱਚ ਬਣੇ ਰਹਿਣ ਦਾ ਕੋਈ ਵੀ ਨੈਤਿਕ ਅਧਿਕਾਰ ਨਹੀਂ ਹੈ ਕਿਉਂਕਿ ਇਸ ਦੀ ਆਰਜੀ ਅਤੇ ਪ੍ਰਭਾਵਹੀਣ ਪਹੁੰਚ ਨੇ ਸਮੁੱਚੇ ਦੇਸ਼ ਨੂੰ ਅਪਮਾਨਤ ਕੀਤਾ ਹੈ। ਜਿਸ ਤਰ੍ਹਾਂ ਇਸ ਨੇ ਭਾਰਤ-ਪਾਕਿ ਮੁੱਦਿਆਂ ਨਾਲ ਨਿਪਟਿਆ ਹੈ, ਉਸ ਨੇ ਖਾਸ ਤੌਰ ‘ਤੇ ਦੇਸ਼ ਦੇ ਸਨਮਾਨ ਨੂੰ ਸੱਟ ਮਾਰੀ ਹੈ।
ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਰਾਸ਼ਟਰੀ ਲੋਕ ਦਲ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਗੱਠਜੋੜ ਪੈਦਾ ਕਰਨ ਦੇ ਸਬੰਧ ਵਿੱਚ ਬੋਲਦੇ ਹੋਏ ਸ. ਬਾਦਲ ਨੇ ਕਿਹਾ ਕਿ ਉਹ ਅੱਜ ਦੀ ਰੈਲੀ ਵਿੱਚ ਹਰਿਆਣਾ ਦੇ ਵੱਖ ਵੱਖ ਹਿੱਸਿਆਂ ਵਿਚੋਂ ਹਿੱਸਾ ਲੈਣ ਆਏ ਵੱਡੀ ਗਿਣਤੀ ਲੋਕਾਂ ਵਿੱਚ ਪਾਏ ਜਾ ਰਹੇ ਭਾਰੀ ਉਤਸ਼ਾਹ ਤੋਂ ਆਸਵੰਦ ਹਨ। ਇਹ ਇਕੱਠ ਯੂ.ਪੀ.ਏ. ਸਰਕਾਰ ਅਤੇ ਹਰਿਆਣਾ ਕਾਂਗਰਸ ਸਰਕਾਰ ਦੇ ਅਤਿਆਚਾਰਾਂ ਵਿਰੁੱਧ  ਲੋਕਾਂ ਵਿੱਚ ਪੈਦਾ ਹੋਏ ਗੁੱਸੇ ਅਤੇ ਬੇਚੈਨੀ ਦਾ ਪ੍ਰਗਟਾਵਾ ਹੈ ਜਿਸ ਨੇ ਕਿ ਆਈ.ਐਨ.ਐਲ.ਡੀ. ਦੇ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਪੁੱਤਰ ਸ਼੍ਰੀ ਅਜੇ ਚੌਟਾਲਾ ਵਿਰੁੱਧ ਮੁਹਿੰਮ ਆਰੰਭੀ ਹੋਈ ਹੈ ਅਤੇ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਦਾ ਨਿਸ਼ਾਨਾ ਬਣਾਇਆ ਗਿਆ ਹੈ। ਸ. ਬਾਦਲ ਨੇ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਉਹ ਅਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਸਮੇਤ ਉਨ੍ਹਾਂ ਦੇ ਪਰਿਵਾਰ ਨੂੰ ਵੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੇਲ੍ਹ ਵਿੱਚ ਬੰਦ ਕੀਤਾ ਸੀ। ਉਸ ਦੀ ਸਿਆਸੀ ਬਦਲਾਖੋਰੀ ਅਤੇ ਟਕਰਾ ਨੇ ਉਸ ਦੀਆਂ ਸਿਆਸੀ ਖਾਹਿਸ਼ਾਂ ਨੂੰ ਬੂਰ ਨਹੀਂ ਪਾਇਆ ਸਗੋਂ ਉਸ ਦੀ ਸੌੜੀ ਸਿਆਸਤ ਨੇ ਉਸ ਦੀਆਂ ਇਨ੍ਹਾਂ ਖਾਹਿਸ਼ਾਂ ਅਤੇ ਸਿਆਸੀ ਕੈਰੀਅਰ ਨੂੰ ਤਬਾਹ ਕਰਕੇ ਰੱਖ ਦਿੱਤਾ।  ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਪੰਜਵੀਂ ਵਾਰ ਮੁੱਖ ਮੰਤਰੀ ਚੁਣਿਆ ਹੈ ਜਦ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸਿਆਸਤ ਵਿਚੋਂ ਖਤਮ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਖਚਾਖਚ ਭਰੀ ਰੈਲੀ ਵਿੱਚ ਲੋਕਾਂ ਦੇ ਉਤਸ਼ਾਹ ਤੋਂ ਚੌਟਾਲਿਆਂ ਦੇ ਸਟੈਂਡ ਦੀ ਪੁਸਟੀ ਹੁੰਦੀ ਹੈ ਕਿ ਉਹ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਸਾਰੀਆਂ ਦੀਆਂ ਸਾਰੀਆਂ 10 ਸੀਟਾਂ ਜਿੱਤ ਕੇ ਹਰਿਆਣਾ ਵਿੱਚ ਮੁੜ ਉਭਰਨਗੇ।
ਮੁੱਖ ਮੰਤਰੀ ਨੇ ਹਰਿਆਣਾ ਦੇ ਲੋਕਾਂ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਈ.ਐਨ.ਐਲ.ਡੀ. ਨੂੰ ਸੇਵਾ ਕਰਨ ਦਾ ਮੌਕਾ ਨਾ ਦੇ ਕੇ ਕੀਤੀ ਗਲਤੀ ਨੂੰ ਮੁੜ ਦੁਹਰਾਉਣ ਤੋਂ ਸਾਵਧਾਨ ਕੀਤਾ। ਉਨ੍ਹਾਂ ਕਿਹਾ ਕਿ ਵੋਟਰਾਂ ਦੇ ਪੱਖ ਤੋਂ ਅਜਿਹੀ ਗਲਤੀ ਆਮ ਤੌਰ ‘ਤੇ ਉਨ੍ਹਾਂ ਨੂੰ ਬਹੁਤ ਮਹਿੰਗੀ ਪੈਂਦੀ ਹੈ ਜਿਸ ਦਾ ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲਗਦਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਦੇਸ਼ ਦੇ ਬਹੁਮੱਤ ਲੋਕ ਕਾਂਗਰਸ ਨੂੰ ਸੱਤਾ ਤੋਂ ਲਾਹੁਣਾ ਅਤੇ ਐਨ.ਡੀ.ਏ. ਨੂੰ ਮੌਕਾ ਦੇਣਾ ਚਾਹੁੰਦੇ ਹਨ ਤਾਂ ਜੋ ਉਨ੍ਹਾਂ ਦੇ ਸੁਪਨੇ ਅਤੇ ਖਾਹਿਸ਼ਾਂ ਪੂਰੀਆਂ ਹੋ ਸਕਣ। ਸ. ਬਾਦਲ ਨੇ ਕਿਹਾ ਕਿ ਐਨ.ਡੀ.ਏ. ਇਕੋ ਇੱਕ ਸਰਕਾਰ ਸੀ ਜੋ ਕਿਸਾਨਾਂ, ਉਦਯੋਗਪਤੀਆਂ, ਮੁਲਾਜ਼ਮਾਂ, ਗਰੀਬਾਂ ਅਤੇ ਆਮ ਆਦਮੀ ਦੇ ਹਿੱਤਾਂ ਦੀ ਰਾਖੀ ਰੱਖ ਸਕੀ ਜਿਨ੍ਹਾਂ ਦਾ ਕਿ ਯੂ.ਪੀ.ਏ. ਸਰਕਾਰ ਨੇ ਬੁਰੀ ਤਰ੍ਹਾਂ ਸ਼ੋਸ਼ਣ ਕੀਤਾ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਚੌਟਾਲਿਆਂ ਨੂੰ ਅਗਲੇ ਸਾਲ ਪੰਜਾਬ ਵਿੱਚ ਚੌਧਰੀ ਦੇਵੀ ਲਾਲ ਦਾ ਜਨਮ ਦਿਨ ਮਨਾਉਣ ਦਾ ਸੱਦਾ ਦਿੱਤਾ ਕਿਉਂਕਿ ਉਹ ਹਰਿਆਣਵੀ ਹੋਣ ਦੇ ਬਾਵਜੂਦ ਪੰਜਾਬ ਵਿੱਚ ਵੀ ਓਨੇ ਹੀ ਹਰਮਨ ਪਿਆਰੇ ਸਨ। ਉਨ੍ਹਾਂ ਕਿਹਾ ਕਿ ਚੌਧਰੀ ਦੇਵੀ ਲਾਲ ਦੀ ਯਾਦ ਵਿੱਚ ਸਮਾਰੋਹ ਸਾਰੇ ਦੇਸ਼ ਵਿੱਚ ਮਨਾਇਆ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਵਿਰਾਸਤ ਅਤੇ ਵਿਚਾਰਧਾਰਾ ਨੂੰ ਲੋਕਾਂ ਵਿੱਚ ਪਹੁੰਚਾਇਆ ਜਾ ਸਕੇ ਅਤੇ ਧਰਮ ਨਿਰਪੱਖਤਾ, ਫਿਰਕੂ ਸਦਭਾਵਨਾ, ਭਾਈਚਾਰੇ ਅਤੇ ਸ਼ਾਂਤੀ ਦੀਆਂ ਤੰਦਾਂ ਨੂੰ ਮਜ਼ਬੂਤ ਕੀਤਾ ਜਾ ਸਕੇ।
ਇਸ ਮੌਕੇ ਮੁੱਖ ਮੰਤਰੀ ਨੇ ਚੌਧਰੀ ਦੇਵੀ ਲਾਲ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ।  ਸ਼੍ਰੀ ਓਮ ਪ੍ਰਕਾਸ਼ ਚੌਟਾਲਾ ਦੇ ਪੁੱਤਰ ਅਤੇ ਪੋਤਰੇ ਸ਼੍ਰੀ ਅਭੇ ਚੌਟਾਲਾ ਅਤੇ ਸ਼੍ਰੀ ਦਿੱਗਵਿਜੇ ਸਿੰਘ ਨੇ ਉਨ੍ਹਾਂ ਦਾ ਸ਼ਾਲ, ਇੱਕ ਪੱਗ ਅਤੇ ਇੱਕ ਕ੍ਰਿਪਾਨ ਨਾਲ ਸਨਮਾਨ ਕੀਤਾ।

Facebook Comment
Project by : XtremeStudioz