Close
Menu

ਬਾਦਲ ਵਾਂਗ ਕੈਪਟਨ ਸਰਕਾਰ ਨੇ ਵੀ ਨਿੱਜੀ ਖੰਡ ਮਿੱਲ ਮਾਫ਼ੀਆ ਅੱਗੇ ਗੋਡੇ ਟੇਕੇ-ਆਪ

-- 29 November,2018

35 ਰੁਪਏ ਕਵਿੰਟਲ ਦੇ ਵੱਡੇ ਫ਼ਰਕ ‘ਚ ਕਿਸਾਨਾਂ ਦਾ ਸਾਥ ਦੇਣ ਕੈਪਟਨ-ਕੁਲਤਾਰ ਸਿੰਘ ਸੰਧਵਾਂ

ਚੰਡੀਗੜ, 29 ਨਵੰਬਰ 2018
ਪੰਜਾਬ ਦੀਆਂ ਪ੍ਰਾਈਵੇਟ ਖੰਡ ਮਿੱਲ ਵੱਲੋਂ ਸੂਬੇ ਦੇ ਗੰਨਾਂ ਕਾਸ਼ਤਕਾਰਾਂ ਨੂੰ ਗੰਨੇ ਦੀ ਸਟੇਟ ਐਡਵਾਈਜ਼ਰੀ ਪ੍ਰਾਈਸ (ਐਸਏਪੀ) ਵੱਲੋਂ ਤਹਿ 310 ਪ੍ਰਤੀ ਕਵਿੰਟਲ ਦੇਣ ਤੋਂ ਕੀਤੇ ਜਾ ਰਹੇ ਇਨਕਾਰ ਦਾ ਤਿੱਖਾ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦੋਸ਼ ਲਗਾਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਵੀ ਪਿਛਲੀ ਬਾਦਲ ਸਰਕਾਰ ਵਾਂਗ ਪ੍ਰਾਈਵੇਟ ਖੰਡ ਮਿੱਲ ਮਾਫ਼ੀਆ ਅੱਗੇ ਗੋਡੇ ਟੇਕ ਦਿੱਤੇ ਹਨ।
‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਅੰਮਿ੍ਰਤਸਰ, ਹੁਸ਼ਿਆਰਪੁਰ ਅਤੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕਿਆਂ ਤੋਂ ਕ੍ਰਮਵਾਰ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ, ਡਾ. ਰਵਜੋਤ ਅਤੇ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਇੱਕ ਪਾਸੇ ਸਿਰਫ਼ ਅੱਧੀ ਦਰਜਨ ਖੰਡ ਮਿਲ ਘਰਾਣੇ ਹਨ ਅਤੇ ਦੂਜੇ ਪਾਸੇ ਸੂਬੇ ਦੇ ਉਹ ਲੱਖਾਂ ਗੰਨਾਂ ਕਾਸ਼ਤਕਾਰ ਹਨ ਜਿੰਨਾ ਨੇ ਬੜੀ ਉਮੀਦ ਨਾਲ ਕਾਂਗਰਸ ਦੀ ਸਰਕਾਰ ਚੁਣੀ ਸੀ, ਹੁਣ ਦੇਖਣਾ ਇਹ ਹੈ ਕਿ ਇਸ ਹੱਕ-ਸੱਚ ਦੀ ਲੜਾਈ ‘ਚ ਕੈਪਟਨ ਅਮਰਿੰਦਰ ਸਿੰਘ ਪ੍ਰਾਈਵੇਟ ਖੰਡ ਮਿਲ ਮਾਫ਼ੀਆ ਦਾ ਸਾਥ ਦਿੰਦੇ ਹਨ ਜਾਂ ਗੰਨਾਂ ਕਾਸ਼ਤਕਾਰ ਕਿਸਾਨਾਂ ਦੇ ਹਿਤ ਬਚਾਉਂਦੇ ਹਨ?
‘ਆਪ’ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਗਈ ਪ੍ਰਤੀ ਕਵਿੰਟਲ 275 ਰੁਪਏ ਮਿਨੀਮਮ ਸਟੇਚੁਰੀ ਪ੍ਰਾਈਸ (ਐਮਐਸਪੀ) ਅਤੇ ਪੰਜਾਬ ਸਰਕਾਰ ਦੇ ਸ਼ੂਗਰਕੇਨ ਕੰਟਰੋਲ ਬੋਰਡ ਵੱਲੋਂ ਨਿਰਧਾਰਿਤ ਕੀਤੀ 310 ਰੁਪਏ ਪ੍ਰਤੀ ਕਵਿੰਟਲ ਕੀਮਤ ਦਰਮਿਆਨ 35 ਰੁਪਏ ਪ੍ਰਤੀ ਕਵਿੰਟਲ ਦਾ ਵੱਡਾ ਫ਼ਰਕ ਹੈ ਅਤੇ ਪ੍ਰਾਈਵੇਟ ਖੰਡ ਮਿਲ ਮਾਲਕ ਪ੍ਰਤੀ ਕਵਿੰਟਲ 35 ਰੁਪਏ ਹੜੱਪਣ ਦੀ ਕੋਸ਼ਿਸ਼ ‘ਚ ਹਨ।
‘ਆਪ’ ਨੇ ਸਿੱਧਾ ਦੋਸ਼ ਲਗਾਇਆ ਕਿ ਸਰਕਾਰ ਦੀ ਸ਼ਹਿ ਤੋਂ ਬਗੈਰ ਪ੍ਰਾਈਵੇਟ ਖੰਡ ਮਿੱਲਰ ਇਹ ਹਮਾਕਤ ਨਹੀਂ ਕਰ ਸਕਦੇ ਕਿ ਉਹ ਐਸਏਪੀ ਵੱਲੋਂ ਨਿਰਧਾਰਿਤ ਕੀਮਤ ਨਾ ਦੇਣ ਲਈ ਇਸ ਸੀਜ਼ਨ ਦੀ ਪਿੜਾਈ ਹੀ ਨਾ ਸ਼ੁਰੂ ਕਰਨ ਦੀ ਧਮਕੀ ਦੇਣ।
ਕੁਲਤਾਰ ਸਿੰਘ ਸੰਧਵਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਉਹ 9 ਪ੍ਰਾਈਵੇਟ ਖੰਡ ਮਿੱਲਾਂ ਅੱਗੇ ਝੁਕਣ ਦੀ ਥਾਂ ਪੰਜਾਬ ਦੀਆਂ 7 ਸਹਿਕਾਰੀ ਖੰਡ ਮਿੱਲਾਂ ਦੀ ਪਿੱਠ ਥਾਪੜਨ ਅਤੇ ਤੁਰੰਤ ਬਣਦੀ ਵਿੱਤੀ ਰਾਸ਼ੀ ਜਾਰੀ ਕਰਨ ਤਾਂ ਕਿ ਸੂਬੇ ਦੇ ਕਿਸਾਨਾਂ ਦੀ ਪ੍ਰਾਈਵੇਟ ਖੰਡ ਮਿੱਲਾਂ ‘ਤੇ ਨਿਰਭਰਤਾ ਹੀ ਨਾ ਰਹੇ। ਸੰਧਵਾਂ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਹੱਕ ‘ਚ ਆਪਣੀਆਂ ਸਹਿਕਾਰੀ ਮਿੱਲਾਂ ਨੂੰ ਤਕੜਾ ਕਰ ਲੈਂਦੇ ਹਨ ਤਾਂ ਪ੍ਰਾਈਵੇਟ ਖੰਡ ਮਿੱਲਰ ਚੰਦ ਦਿਨਾਂ ‘ਚ ਤੱਕਲ਼ੇ ਵਾਂਗ ਸਿੱਧਾ ਹੋ ਜਾਣਗੇ। ਇਸ ਲਈ ਇਹ ਮੁੱਦਾ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਤੌਰ ‘ਤੇ ਤੇਜ਼ਾਬੀ ਪ੍ਰੀਖਿਆ (ਐਸਿਡ ਟੈੱਸਟ) ਹੈ।
‘ਆਪ’ ਆਗੂਆਂ ਨੇ ਨਾਲ ਹੀ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਪ੍ਰਾਈਵੇਟ ਖੰਡ ਮਿੱਲ ਮਾਫ਼ੀਆ ਅੱਗੇ ਝੁਕਦੇ ਹਨ ਤਾਂ ਪੰਜਾਬ ਸ਼ੂਗਰਕੇਨ ਐਕਟ ਦੇ ਅਧੀਨ ਕੰਮ ਕਰਦੇ ਸ਼ੂਗਰਕੇਨ ਕੰਟਰੋਲ ਬੋਰਡ ਦੀ ਕੋਈ ਮਹੱਤਤਾ ਨਹੀਂ ਰਹਿ ਜਾਂਦੀ ਅਤੇ ਸੂਬੇ ਨੂੰ ਖ਼ਜ਼ਾਨੇ ‘ਤੇ ਪ੍ਰਤੀ ਸਾਲ ਕਰੋੜਾਂ ਰੁਪਏ ‘ਚ ਪੈਂਦੀ ਸ਼ੂਗਰਕੇਨ ਕੰਟਰੋਲ ਬੋਰਡ ਦੀ ਡਰਾਮੇਬਾਜ਼ੀ ਬੰਦ ਕੀਤੀ ਜਾਵੇ।
ਕੁਲਤਾਰ ਸਿੰਘ ਸੰਧਵਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਦੀ ਥਾਂ ਨਿੱਜੀ ਖੰਡ ਮਿੱਲ ਮਾਫ਼ੀਆ ਦਾ ਪੱਖ ਪੂਰਿਆ ਤਾਂ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਅਤੇ ਗੰਨਾ ਕਾਸ਼ਤਕਾਰਾਂ ਦੇ ਘਰ-ਘਰ ਜਾ ਕੇ ਦੱਸੇਗੀ ਕਿ 9 ਪ੍ਰਾਈਵੇਟ ਖੰਡ ਮਿੱਲਾਂ ‘ਚ ਕਿੰਨੀਆਂ ਦੇ ਮਾਲਕ ਅਕਾਲੀ ਅਤੇ ਕਿੰਨੀਆਂ ਦੇ ਮਾਲਕ ਕਾਂਗਰਸੀ ਹਨ।

Facebook Comment
Project by : XtremeStudioz