Close
Menu

ਬਾਦਲ ਵੱਲੋਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਪੰਜਾਬ ‘ਚ ਮੱਛੀ ਪਾਲਣ ਦੇ ਖੇਤਰ ਦੇ ਵਿਕਾਸ ਲਈ ਸਮਝੌਤਾ ਸਹੀਬੰਦ ਕਰਨ ਦੀ ਅਪੀਲ

-- 19 May,2015

*   ਨਾਇਡੂ ਵੱਲੋਂ ਮੁੱਖ ਮੰਤਰੀ ਨੂੰ ਪੰਜਾਬ ਵਿੱਚ ਮੱਛੀ ਪਾਲਣ ਦੇ ਸਫਲ ਮਾਡਲ ਨੂੰ ਦੁਹਰਾਉਣ ਲਈ ਮਦਦ ਦਾ ਭਰੋਸਾ
     

*  ਪੰਜਾਬ ਦੇ ਮੁੱਖ ਮੰਤਰੀ ਅਗਾਂਹਵਧੂ ਦੁੱਧ ਉਤਪਾਦਕਾਂ ਤੇ ਮਾਹਿਰਾਂ ਦਾ ਵਫ਼ਦ ਆਂਧਰਾ ਪ੍ਰਦੇਸ਼ ਭੇਜਣ ਲਈ ਸਹਿਮਤ

 

ਚੰਡੀਗੜ੍ਹ, 19 ਮਈ :  ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਚੰਦਰ ਬਾਬੂ ਨਾਇਡੂ ਨੂੰ ਮੱਛੀ ਪਾਲਣ ਅਤੇ ਇਸ ਸਬੰਧ ਵਿੱਚ ਵਰਤੀ ਜਾਣ ਵਾਲੀ ਤਕਨਾਲੋਜੀ ਦੇ ਖੇਤਰ ਵਿੱਚ ਪੰਜਾਬ ਅਤੇ ਆਂਧਰਾ ਪ੍ਰਦੇਸ਼ ਦਰਮਿਆਨ ਲੰਮੀ ਭਾਈਵਾਲੀ ਵਾਲੇ ਸਹਿਮਤੀ ਪੱਤਰ ‘ਤੇ ਸਹੀ ਪਾਉਣ ਦੀ ਅਪੀਲ ਕੀਤੀ ਹੈ।
ਮੁੱਖ ਮੰਤਰੀ ਨੇ ਇਹ ਬੇਨਤੀ ਸ੍ਰੀ ਨਾਇਡੂ ਨੂੰ ਉਸ ਵੇਲੇ ਕੀਤੀ ਜਦੋਂ ਉਹ ਅੱਜ ਸ਼ਾਮ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮਿਲਣ ਲਈ ਆਏ।
ਵਿਚਾਰ-ਚਰਚਾ ਦੌਰਾਨ ਸ. ਬਾਦਲ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਦੱਸਿਆ ਕਿ ਪੰਜਾਬ ਵਿੱਚ ਮੱਛੀ ਦਾ ਉਤਪਾਦਨ ਪ੍ਰਤੀ ਹੈਕਟੇਅਰ 9076 ਕਿਲੋਗ੍ਰਾਮ ਹੁੰਦਾ ਹੈ ਜੋ ਕਿ 4000 ਕਿਲੋਗ੍ਰਾਮ ਦੀ ਕੌਮੀ ਔਸਤ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਉਨ੍ਹਾਂ ਨੇ ਸ੍ਰੀ ਨਾਇਡੂ ਨੂੰ ਇਹ ਵੀ ਦੱਸਿਆ ਕਿ ਪੰਜਾਬ ਨੇ ਹਾਲ ਹੀ ਵਿੱਚ 600 ਏਕੜ ਰਕਬੇ ਵਿੱਚ ਅਤਿ ਆਧੁਨਿਕ ਮੱਛੀ ਫਾਰਮ ਦਾ ਪਾਇਲਟ ਪ੍ਰਾਜੈਕਟ ਆਰੰਭਿਆ ਹੈ ਜੋ ਕਿ ਮੱਛੀ ਪਾਲਕਾਂ ਲਈ ਇਕ ਨਵੇਂ ਮਾਡਲ ਵਜੋਂ ਕੰਮ ਕਰਨ ਤੋਂ ਇਲਾਵਾ ਇਸ ਖੇਤਰ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰੇਗਾ।
ਆਂਧਰਾ ਪ੍ਰਦੇਸ਼ ਵੱਲੋਂ ਮੱਛੀ ਉਤਪਾਦਨ ਦੇ ਖੇਤਰ ਵਿੱਚ ਇਕ ਮੋਹਰੀ ਸੂਬਾ ਹੋਣ ਦੀ ਸ਼ਲਾਘਾ ਕਰਦੇ ਹੋਏ ਸ. ਬਾਦਲ ਨੇ ਸ੍ਰੀ ਨਾਇਡੂ ਨੂੰ ਸੁਝਾਅ ਦਿੱਤਾ ਕਿ ਉਹ ਆਂਧਰਾ ਪ੍ਰਦੇਸ਼ ਦੇ ਅਗਾਂਹਵਧੂ ਮੱਛੀ ਪਾਲਕਾਂ ਤੇ ਮਾਹਿਰਾਂ ਦੀ ਇਕ ਟੀਮ ਪੰਜਾਬ ਦੇ ਦੌਰੇ ‘ਤੇ ਭੇਜਣ ਜੋ ਕਿ ਉਨ੍ਹਾਂ ਦੇ ਮੱਛੀ ਪਾਲਕਾਂ ਨੂੰ ਮੱਛੀ ਪਾਲਣ ਅਤੇ ਉਸ ਨਾਲ ਸਬੰਧਤ ਟੈਕਨਾਲੋਜੀ ਬਾਰੇ ਸਲਾਹ ਦੇਣ। ਸ. ਬਾਦਲ ਨੇ ਅੱਗੇ ਕਿਹਾ ਕਿ ਦੋਵਾਂ ਸੂਬਿਆਂ ਦੇ ਵਧੀਆ ਅਮਲਾਂ ਤੋਂ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਮੱਛੀ ਪਾਲਕਾਂ ਦਾ ਲਗਾਤਾਰ ਇਕ-ਦੂਜੇ ਸੂਬੇ ਵਿੱਚ ਜਾ ਕੇ ਗਿਆਨ ਹਾਸਲ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਸ੍ਰੀ ਨਾਇਡੂ ਨੂੰ ਅਪੀਲ ਕੀਤੀ ਕਿ ਉਹ ਮੱਛੀ ਦੇ ਖੇਤਰ ਵਿੱਚੋਂ ਵੱਧ ਤੋਂ ਵੱਧ ਸਮਰਥਾ ਦਾ ਫਾਇਦਾ ਉਠਾਉਣ ਲਈ ਆਪਣੇ ਇਕ ਜਾਂ ਦੋ ਸੇਵਾ-ਮੁਕਤ ਮੱਛੀ ਮਾਹਿਰਾਂ ਜਾਂ ਵਿਗਿਆਨੀਆਂ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ। ਸ੍ਰੀ ਨਾਇਡੂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਮੱਛੀ ਪਾਲਕਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਮੱਛੀ ਪਾਲਣ ਦੇ ਵਧੀਆ ਅਮਲਾਂ ਨੂੰ ਅਪਨਾਉਣ ਲਈ ਉਹ ਪੰਜਾਬ ਨੂੰ ਹਰ ਮਦਦ ਤੇ ਸਹਿਯੋਗ ਮੁਹੱਈਆ ਕਰਵਾਉਣਗੇ। ਉਨ੍ਹਾਂ ਨੇ ਅਗਾਂਹਵਧੂ ਡੇਅਰੀ ਕਿਸਾਨਾਂ ਤੇ ਮਾਹਿਰਾਂ ਦੇ ਆਦਾਨ-ਪ੍ਰਦਾਨ ਦੇ ਪ੍ਰੋਗਰਾਮ ਹੇਠ ਆਂਧਰਾ ਪ੍ਰਦੇਸ਼ ਵਿੱਚ ਡੇਅਰੀ ਸੈਕਟਰ ਦੇ ਵਿਕਾਸ ਲਈ ਪੰਜਾਬ ਸਰਕਾਰ ਨੂੰ ਤਕਨਾਲੋਜੀ ਤੇ ਗਿਆਨ ਮੁਹੱਈਆ ਕਰਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸਿਰਫ ਖੇਤੀਬਾੜੀ ਹੀ ਕੌਮੀ ਘਰੇਲੂ ਉਤਪਾਦਨ ਵਿੱਚ ਜ਼ਿਆਦਾ ਯੋਗਦਾਨ ਨਹੀਂ ਦੇ ਸਕਦੀ, ਇਸ ਕਰਕੇ ਖੇਤੀ ਨਾਲ ਸਬੰਧਤ ਭੇਡ ਪਾਲਣ, ਬੱਕਰੀ ਪਾਲਣ, ਸੂਰ ਪਾਲਣ, ਮਧੂ ਮੱਖੀ ਪਾਲਣ ਤੋਂ ਇਲਾਵਾ ਬਾਗਬਾਨੀ ਤੇ ਫੁੱਲਾਂ ਦੀ ਕਾਸ਼ਤ ਵਰਗੇ ਖੇਤਰਾਂ ਦੇ ਸਮੁੱਚੇ ਵਿਕਾਸ ਦੀ ਜ਼ਰੂਰਤ ਹੈ।
ਸ੍ਰੀ ਨਾਇਡੂ ਦੀ ਅਪੀਲ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਛੇਤੀ ਹੀ ਆਂਧਰਾ ਪ੍ਰਦੇਸ਼ ਦੇ ਦੁੱਧ ਉਤਪਾਦਕਾਂ ਨਾਲ ਆਪਣਾ ਵਿਸ਼ਾਲ ਤਜਰਬਾ ਤੇ ਮੁਹਾਰਤ ਸਾਂਝੀ ਕਰਨ ਲਈ ਪੰਜਾਬ ਦੇ ਅਗਾਂਹਵਧੂ ਡੇਅਰੀ ਕਿਸਾਨਾਂ ਤੇ ਮਾਹਿਰਾਂ ਦਾ ਇਕ ਵਫ਼ਦ ਉਥੇ ਭੇਜਣਗੇ ਤਾਂ ਕਿ ਆਂਧਰਾ ਵਿੱਚ ਦੁੱਧ ਦੇ ਉਤਪਾਦਨ ਨੂੰ ਵਧਾਇਆ ਜਾ ਸਕੇ।
ਇਸ ਮੌਕੇ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਸ੍ਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਵਧੀਕ ਮੁੱਖ ਸਕੱਤਰ (ਪਸ਼ੂ ਪਾਲਣ) ਸ੍ਰੀ ਮਨਦੀਪ ਸਿੰਘ ਸੰਧੂ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ ਤੇ ਵਿਸ਼ੇਸ਼ ਪ੍ਰਮੁੱਖ ਸਕੱਤਰ ਡਾ. ਐਸ.ਕੇ. ਰਾਜੂ ਹਾਜ਼ਰ ਸਨ।

Facebook Comment
Project by : XtremeStudioz