Close
Menu

ਬਾਦਲ ਵੱਲੋਂ ਉਸਤਾਦ ਅਮਜਦ ਅਲੀ ਖਾਨ ਨੂੰ ਜ਼ਮੀਨ ਦੀ ਪੇਸ਼ਕਸ਼

-- 19 May,2015

ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜ਼ੋਰ ਪਾਉਣ ’ਤੇ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧੀ ਪ੍ਰਾਪਤ ਸਰੋਦ ਵਾਦਕ ਉਸਤਾਦ ਅਮਜਦ ਅਲੀ ਖਾਨ ਨੇ ਪੰਜਾਬ ਵਿੱਚ ਉਚ ਦਰਜੇ ਦੀ ਭਾਰਤੀ ਸ਼ਾਸਤਰੀ ਸੰਗੀਤ ਅਕਾਦਮੀ ਸਥਾਪਤ ਕਰਨ ਲਈ ਸਰਕਾਰ ਦੀ ਪੇਸ਼ਕਸ਼ ਪ੍ਰਵਾਨ ਕਰ ਲੲੀ ਹੈ ਤਾਂ ਕਿ ਸੰਗੀਤ ਦੇ ਪੁਰਾਤਨ ਕਲਾਸੀਕਲ ਸਕੂਲ ਦੀ ਸ਼ਾਨਦਾਰ ਵਿਰਾਸਤ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਅਕਾਦਮੀ ਮੋਹਾਲੀ ਜਾਂ ਮੁੱਲਾਂਪੁਰ (ਨਵਾਂ ਚੰਡੀਗੜ੍ਹ) ਵਿੱਚ ਬਣਾਈ ਜਾਵੇਗੀ। ਇੰਗਲੈਂਡ ਦੇ ਉੱਘੇ ਰਾਗੀ ਹਰਭਜਨ ਸਿੰਘ ਨਾਮਧਾਰੀ ਦੇ ਗਾਇਨ ਅਤੇ ਪਦਮ ਵਿਭੂਸ਼ਣ ਉਸਤਾਦ ਅਮਜਦ ਅਲੀ ਖਾਨ ਦੇ ਸੰਗੀਤ ਨਾਲ ਤਿਆਰ ਕੀਤੀ ਸ਼ਬਦਾਂ ਦੀ ਐਲਬਮ ਰਿਲੀਜ਼ ਕਰਦੇ ਹੋਏ ਮੁੱਖ ਮੰਤਰੀ ਨੇ ਦੋਵਾਂ ਉੱਘੀਆਂ ਸ਼ਖਸੀਅਤਾਂ ਦੀ ਇਸ ਵਿਲੱਖਣ ਪਹਿਲਕਦਮੀ ’ਤੇ ਵਧਾਈ ਦਿੱਤੀ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਸ ਭੌਤਿਕਵਾਦੀ ਯੁੱਗ ਵਿੱਚ ਇਹ ਸ਼ਬਦ ਲੱਖਾਂ ਦੁਖੀ ਹਿਰਦਿਆਂ ਦੀ ਰੂਹ ਦੀ ਖੁਰਾਕ ਹੋਣਗੇ ਅਤੇ ਇਸ ਦੇ ਨਾਲ ਇਹ ਲੋਕਾਂ ਨੂੰ ਅਧਿਆਤਮਕਤਾ ਦੇ ਮਾਰਗ ’ਤੇ ਤੋਰਨ ਲਈ ਸਹਾਈ ਹੋਣਗੇ।
ਉਸਤਾਦ ਅਮਜਦ ਅਲੀ ਖਾਨ ਨੇ ਭਾਰਤੀ ਸਭਿਆਚਾਰ ਅਤੇ ਸਭਿਅਤਾ ਨੂੰ ਕਲਾ, ਸਾਹਿਤ ਅਤੇ ਸੰਗੀਤ ਦੀ ਅਮੀਰੀ ਪ੍ਰਦਾਨ ਕਰਨ ਲਈ ਪੰਜਾਬ ਦੇ ਵਿਲੱਖਣ ਯੋਗਦਾਨ ਦੀ ਉੱਚ ਮਹੱਤਤਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਭਾਰਤੀ ਸਭਿਅਤਾ ਦਾ ਪੰਘੂੜਾ ਹੈ। ਇਥੇ ਹੀ ਵੇਦ, ਮਹਾਂਭਾਰਤ ਅਤੇ ਰਮਾਇਣ ਲਿਖੇ ਗਏ ਅਤੇ ਗੀਤਾ ਦਾ ਉਪਦੇਸ਼ ਲੋਕਾਈ ਨੂੰ ਦਿੱਤਾ ਗਿਆ। ਪੰਜਾਬ ਵਿਚ ਬਹੁਤ ਸਾਰੇ ਉਚ ਦਰਜੇ ਦੇ ਸੰਗੀਤ ਘਰਾਣੇ ਸਨ ਅਤੇ ਇਥੇ ਹਰੇਕ ਸਾਲ ਅੰਤਰਰਾਸ਼ਟਰੀ ਪੱਧਰ ਦਾ ਹਰਵਲਭ ਸੰਗੀਤ ਸੰਮੇਲਨ ਕਰਵਾਇਆ ਜਾਂਦਾ ਹੈ ਪਰ ਫਿਰ ਵੀ ਜੀਵਨ ਦੀਆਂ ਤਰੰਗਾਂ ਨੂੰ ਹੋਰ ਉਚਿਆਉਣ ਦੀ ਜ਼ਰੂਰਤ ਹੈ।  ਮੁੱਖ ਮੰਤਰੀ ਨੇ ਉਸਤਾਦ ਅਮਜਦ ਅਲੀ ਖਾਨ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਇਸ ਸਬੰਧ ਵਿੱਚ ਹਰ ਮਦਦ ਤੇ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਨੇ ਉਸਤਾਦ ਖਾਨ ਨੂੰ ਇਸ ਬਾਰੇ ਵਿਸਤ੍ਰਿਤ ਪ੍ਰਾਜੈਕਟ ਰਿਪੋਰਟ ਛੇਤੀ ਪੇਸ਼ ਕਰਨ ਲਈ ਕਿਹਾ ਤਾਂ ਕਿ ਇਸ ਨੂੰ ਤੇਜ਼ੀ ਨਾਲ ਅੱਗੇ ਲਿਜਾਇਆ ਜਾ ਸਕੇ। ਉਸਤਾਦ ਅਮਜਦ ਅਲੀ ਖਾਨ ਨੇ ਕਿਹਾ ਕਿ ਉਹ ਗੁਰੂਆਂ, ਪੀਰਾਂ-ਪੈਗੰਬਰਾਂ ਤੇ ਸੰਤਾਂ ਦੀ ਧਰਤੀ ਪੰਜਾਬ ਵਿੱਚ ਸੰਗੀਤ ਅਕਾਦਮੀ ਸ਼ੁਰੂ ਕਰਨ ਲਈ ਬਹੁਤ ਜ਼ਿਆਦਾ ਤਤਪਰ ਹਨ ਅਤੇ ਇਹ ਅਕਾਦਮੀ ਸੰਗੀਤ ਪ੍ਰੇਮੀਆਂ ਨੂੰ ਸਿਹਤਮੰਦ ਮੰਚ ਮੁਹੱਈਆ ਕਰਾਏਗੀ। ਉਸਤਾਦ ਅਮਜਦ ਅਲੀ ਖਾਨ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੀਤੀ ਗਈ ਇਹ ਪੇਸ਼ਕਸ਼ ਉਨ੍ਹਾਂ ਦੀ ਭਾਰਤੀ ਸ਼ਾਸਤਰੀ ਸੰਗੀਤ ਨੂੰ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਦੀ ਉਮੰਗ ਨੂੰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅਕਾਦਮੀ ਸਥਾਪਤ ਕਰਨ ਦੇ ਇਛੁੱਕ ਹਨ ਜਿਨ੍ਹਾਂ ਨੇ ਆਪਸੀ ਭਾਈਚਾਰਾ ਅਤੇ ਪ੍ਰੇਮ ਦਾ ਸੰਦੇਸ਼ ਦਿੱਤਾ।
ਉਸਤਾਦ ਖਾਨ ਨੇ ਕਿਹਾ ਕਿ ਗੁਰਬਾਣੀ ਐਲਬਮ ਵਿੱਚ ਦਿੱਤਾ ਗਿਆ ਸੰਗੀਤ ਨਾ ਸਿਰਫ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਗੋਂ ਇਹ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਗੁਰੂ ਜੀ ਦੇ ਸ਼ਬਦਾਂ ਨੂੰ ਰਬਾਬ ’ਤੇ ਸੰਗੀਤਬੱਧ ਕੀਤਾ ਅਤੇ ਉਨ੍ਹਾਂ (ਉਸਤਾਦ ਅਮਜਦ ਅਲੀ ਖਾਨ) ਦੇ ਵਡੇਰਿਆਂ ਨੇ ਇਹ ਰਬਾਬ ਵਿਕਸਤ ਕਰਕੇ ਸਰੋਦ ਦਾ ਨਵੀਨਤਮ ਰੂਪ ਦਿੱਤਾ ।

Facebook Comment
Project by : XtremeStudioz