Close
Menu

ਬਾਦਲ ਵੱਲੋਂ ਕੇਂਦਰੀ ਬਜਟ ਵਿੱਚ ਪੰਜਾਬ ਦਾ ਖਾਸ ਖਿਆਲ ਰੱਖਣ ਲਈ ਜੇਤਲੀ ਦਾ ਧੰਨਵਾਦ

-- 28 February,2015

* ਜੇਤਲੀ ਵੱਲੋਂ ਦਿੱਤਟੇ ਗਏ ਤੋਹਫ਼ਿਆਂ ਨਾਲ ਪੰਜਾਬ ਹੋਰ ਵਿਕਾਸ ਕਰੇਗਾ
* ਇੱਕ ਸਾਲ ਤੋਂ ਘੱਟ ਸਮੇਂ ਵਿੱਚ ਏਨੇ ਅਹਿਮ ਪ੍ਰਾਜੈਕਟ ਦੇਣ ਲਈ ਪੰਜਾਬੀ ਹਮੇਸ਼ਾਂ ਜੇਤਲੀ ਦੇ ਰਿਣੀ ਰਹਿਣਗੇ
* ਜੇਤਲੀ ਨੂੰ ਇੱਕ ਲੋਕ ਪੱਖੀ ਅਤੇ ਦੂਰ-ਅੰਦੇਸ਼ਤਾ ਵਾਲਾ ਬਜਟ ਪੇਸ਼ ਕਰਨ ਲਈ ਦਿੱਤੀ ਵਧਾਈ

ਚੰਡੀਗੜ੍, ਸੂਬੇ ਨੂੰ ਕਈ ਅਹਿਮ ਪ੍ਰਾਜੈਕਟ ਦੇਣ ਲਈ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਦਾ ਧੰਨਵਾਦ ਕਰਦਿਆਂ, ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਇਹ ਪੰਜਾਬ ਨੂੰ ਇੱਕ ਅਗਾਂਹਵਧੂ ਸੂਬੇ ਵਜੋਂ ਵਿਕਸਿਤ ਕਰਨ ਦੀ ਐਨ.ਡੀ.ਏ. ਸਰਕਾਰ ਦੀ ਵਚਨਬੱਧਤਾ ਦਾ ਪ੍ਰਤੀਕ ਹੈ, ਜਿਸ ਨੇ ਪਿਛਲੀ ਯੂ.ਪੀ.ਏ. ਸਰਕਾਰ ਵੱਲੋਂ ਸੂਬੇ ਨਾਲ ਕੀਤੇ ਜਾਂਦੇ ਮਤਰੇਈ ਮਾਂ ਵਾਲੇ ਸਲੂਕ ਦੀ ਰਵਾਇਤ ਨੂੰ ਤੋੜਿਆ ਹੈ।

ਸ੍ਰੀ ਜੇਤਲੀ ਨੂੰ ਇੱਕ ਦੂਰ-ਅੰਦੇਸ਼ੀ ਅਤੇ ਲੋਕ ਪੱਖੀ ਬਜਟ ਪੇਸ਼ ਕਰਨ ਲਈ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਬਜਟ ਵਿੱਚ ਪੰਜਾਬ ਨੂੰ ਦਿੱਤੇ ਗਏ ਤੋਹਫ਼ਿਆਂ ਨਾਲ ਸੂਬੇ ਦੇ ਵਿਕਾਸ ਨੂੰ ਹੋਰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਏਮਜ਼ ਦੇ ਸਥਾਪਿਤ ਹੋਣ ਨਾਲ, ਇੱਥੇ ਦੇ ਲੋਕਾਂ ਨੂੰ ਅਤਿ ਆਧੁਨਿਕ ਸਿਹਤ ਸੁਵਿਧਾਵਾਂ ਮੁੱਹਈਆ ਹੋਣਗੀਆਂ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਮੰਗ ਕੇਂਦਰ ਪਾਸੋਂ ਲਗਾਤਾਰ ਕਰਦੇ ਆਏ ਹਨ ਤੇ ਹੁਣ ਸ੍ਰੀ ਜੇਤਲੀ ਨੇ ਇਹ ਕੰਮ ਪੂਰਾ ਕਰਕੇ, ਸੂਬੇ ਨੂੰ ਬੇਤਹਰੀਨ ਤੋਹਫ਼ਾ ਦਿੱਤਾ ਹੈ।

ਸ੍ਰੀ ਜੇਤਲੀ ਵੱਲੋਂ ਕਿਸਾਨ ਪੱਖੀ ਫੈਸਲਿਆਂ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ 8.5 ਲੱਖ ਕਰੋੜ ਰੁਪਏ ਦੇ ਕਰਜ਼ੇ ਦੇਣ ਦੀ ਮਿੱਥਿਆ ਗਿਆ ਨਵਾਂ ਟੀਚਾ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਕਾਫ਼ੀ ਹੱਦ ਤੱਕ ਹੱਲ ਕਰੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਕਿਸਾਨੀ ਨੂੰ ਕੇਂਦਰ ਦੀ ਪਿਛਲੀ ਯੂ.ਪੀ.ਏ. ਸਰਕਾਰ ਦੌਰਾਨ ਖਾਸਾ ਨੁਕਸਾਨ ਝੱਲਣਾ ਪਿਆ ਹੈ ਪਰ ਵਿੱਤ ਮੰਤਰੀ ਦੇ ਇਸ ਨਵੇਂ ਐਲਾਨ ਨਾਲ ਕਿਸਾਨੀ ਵਿੱਚ ਇੱਕ ਨਵੀਂ ਰੂਹ ਦਾ ਸੰਚਾਰ ਹੋਵੇਗਾ ਜਿਸ ਨਾਲ ਉਨ੍ਹਾਂ ਨੂੰ ਖੇਤੀਬਾੜੀ ਆਰਥਿਕ ਸੰਕਟ ਵਿੱਚੋਂ ਉਭਰਨ ਵਿੱਚ ਸਹਾਇਤਾ ਮਿਲੇਗੀ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਤੁਪਕਾ ਸਿੰਚਾਈ ਲਈ ਰਾਖਵੇਂ ਕੀਤੇ ਗਏ 5600 ਕਰੋੜ ਰੁਪਏ ਸੂਬੇ ਲਈ ਬੇਹੱਦ ਲਾਹੇਵੰਦ ਸਿੱਧ ਹੋਣਗੇ ਕਿਉਂ ਕਿ ਪੰਜਾਬ ਵਿੱਚ ਪਾਣੀ ਦਾ ਪੱਧਰ ਹਰ ਗੁਜ਼ਰਦੇ ਦਿਨ ਦੇ ਨਾਲ ਹੇਠਾਂ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਮ੍ਰਿੰਤਸਰ ਵਿਖੇ ਸਥਾਪਿਤ ਕੀਤਾ ਜਾਣ ਵਾਲਾ ਬਾਗ਼ਬਾਨੀ ਖੋਜ ਦਾ ਪੋਸਟ ਗਰੈਜੂਏਟ ਇੰਸਟੀਚਿਊਟ, ਸੂਬੇ ਵਿੱਚ ਖੇਤੀਬਾੜੀ ਵਿਭਿੰਨਤਾ ਨੂੰ ਹੋਰ ਹੁਲਾਰਾ ਦੇਵੇਗਾ। ਉਨ੍ਹਾਂ ਕਿਹਾ ਕਿ ਬਾਗ਼ਬਾਨੀ ਵਰਗੇ ਸਹਾਇਕ ਧੰਦਿਆਂ ਨੂੰ ਪ੍ਰਫ਼ੁਲਿਤ ਕਰਨਾ ਸਮੇਂ ਦੀ ਲੋੜ ਹੈ, ਕਿਉਂ ਕਿ ਖੇਤੀਬਾੜੀ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਇਹ ਇੰਸਟੀਚਿਊਟ ਸੂਬੇ ਦੇ ਕਿਸਾਨਾਂ ਲਈ ਰਾਮਬਾਣ ਸਿੱਧ ਹੋਵੇਗਾ।

ਮੁੱਖ ਮੰਤਰੀ ਨੇ ਜਲ੍ਹਿਆਂਵਾਲਾ ਬਾਗ਼ ਯਾਦਗਾਰ ਅਮਿੰ੍ਰਤਸਰ ਨੂੰ ਕੌਮਾਂਤਰੀ ਵਿਰਾਸਤੀ ਪ੍ਰਾਜੈਕਟ ਵਿੱਚ ਸ਼ਾਮਿਲ ਕਰਨ ‘ਤੇ ਸ੍ਰੀ ਜੇਤਲੀ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਹ ਦੇਸ਼ ਦੀ ਅਜ਼ਾਦੀ ਵਿੱਚ ਕੁਰਬਾਨ ਹੋਏ ਹਜ਼ਾਰਾਂ ਲੋਕਾਂ ਨੂੰ ਸੱਚੀ ਸ਼ਰਧਾਂਜਲੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਿੱਤ ਮੰਤਰਾਲਾ ਸੰਭਾਲਣ ਤੋਂ ਇੱਕ ਸਾਲ ਤੋਂ ਘੱਟ ਸਮੇਂ ਵਿੱਚ ਸੂਬੇ ਨੂੰ ਆਈ.ਆਈ.ਐਮ., ਏਮਜ਼ ਅਤੇ ਬਾਗ਼ਬਾਨੀ ਰਿਸਰਚ ਕੇਂਦਰ ਵਰਗੇ ਆਮ ਪ੍ਰਾਜੈਕਲਟ ਦੇ ਕੇ ਸ੍ਰੀ ਜੇਤਲੀ ਨੇ ਪੰਜਾਬ ਪ੍ਰਤੀ ਆਪਣੇ ਮੋਹ ਅਤੇ ਸੰਜੀਦਗੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਏਨੇ ਥੋੜ੍ਹੇ ਸਮੇਂ ਵਿੱਚ ਸ੍ਰੀ ਜੇਤਲੀ ਨੇ ਪੰਜਾਬ ਨੂੰ ਏਨੇ ਅਹਿਮ ਪ੍ਰਾਜੈਕਟ ਦਿੱਤੇ ਹਨ ਜਿੰਨੇ ਕਿ ਕਾਂਗਰਸ ਦੀ ਅਗਵਾਈ ਵਾਲੀ ਕਿਸੇ ਵੀ ਕੇਂਦਰ ਸਰਕਾਰ ਨੇ ਪੰਜਾਬ ਨੂੰ ਨਹੀਂ ਦਿੱਤੇ ਅਤੇ ਸ੍ਰੀ ਜੇਤਲੀ ਦੀ ਇਸ ਫ਼ਰਾਖ਼ਦਿਲੀ ਲਈ ਪੰਜਾਬੀ ਹਮੇਸ਼ਾਂ ਉਨ੍ਹਾਂ ਦੇ ਰਹਿਣਗੇ।

Facebook Comment
Project by : XtremeStudioz