Close
Menu

ਬਾਦਲ ਵੱਲੋਂ ਪਸ਼ੂ ਪਾਲਕਾਂ ਨੂੰ ਵੱਧ ਮੁਨਾਫਾ ਕਮਾਉਣ ਲਈ ਦੁੱਧ ਤੋਂ ਵਸਤਾਂ ਖੁਦ ਤਿਆਰ ਕਰਕੇ ਵੇਚਣ ਦਾ ਸੱਦਾ

-- 18 February,2014

7 (1)ਚੱਪੜਚਿੜੀ (ਐਸ.ਏ.ਐਸ. ਨਗਰ) – ਪਸ਼ੂ ਪਾਲਣ ਤੇ ਡੇਅਰੀ ਫਾਰਮਿੰਗ ਵਿੱਚ ਡੂੰਘੀ ਦਿਲਚਸਪੀ ਦਿਖਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਚੱਲ ਰਹੇ ‘ਪ੍ਰਗਤੀਸ਼ੀਲ ਪੰਜਾਬ ਖੇਤੀਬਾੜੀ ਸੰਮੇਲਨ’ ਦੇ ਦੂਜੇ ਦਿਨ ਸੰਮੇਲਨ ਵਿੱਚ ਲੱਗੀਆਂ ਹੋਈਆਂ ਨੁਮਾਇਸ਼ਾਂ ਦਾ ਦੌਰਾ ਕੀਤਾ ਅਤੇ ਮੱਝਾਂ, ਗਾਵਾਂ ਅਤੇ ਹੋਰ ਪਸ਼ੂਆਂ ਦੇ ਮਾਲਕਾਂ ਨਾਲ ਗੱਲਬਾਤ ਕੀਤੀ।
ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਾਲ ਲੈ ਕੇ ਪਸ਼ੂ ਨੁਮਾਇਸ਼ ਦਾ ਦੌਰਾ ਕਰਦਿਆਂ ਸ. ਬਾਦਲ ਨੇ ਪਸ਼ੂ ਪਾਲਕਾਂ ਨਾਲ ਪਸ਼ੂਆਂ ਦੀ ਨਸਲਾਂ, ਖਾਧ-ਖੁਰਾਕ ਅਤੇ ਉਨ੍ਹਾਂ ਦੇ ਸੁਭਾਅ ਦੇ ਨਾਲ ਨਾਲ ਦੁਧਾਰੂ ਪਸ਼ੂਆਂ ਵੱਲੋਂ ਦਿੱਤੀ ਜਾਂਦੀ ਦੁੱਧ ਦੀ ਮਿਕਦਾਰ ਬਾਰੇ ਜਾਣਕਾਰੀ ਹਾਸਲ ਕੀਤੀ। ਸਾਹੀਵਾਲ ਗਾਵਾਂ ਅਤੇ ਨੀਲੀ ਰਾਵੀ ਮੱਝਾਂ ਵਰਗੀਆਂ ਪਸ਼ੂਆਂ ਦੀਆਂ ਦੇਸੀ ਨਸਲਾਂ ਵਿੱਚ ਵਿਸ਼ੇਸ਼ ਰੁਚੀ ਪ੍ਰਗਟ ਕਰਦਿਆਂ ਸ. ਬਾਦਲ ਨੇ ਕਿਸਾਨਾਂ ਪਾਸੋਂ ਡੇਅਰੀ ਫਾਰਮਿੰਗ ਵਿੱਚ ਅਪਣਾਈਆਂ ਜਾ ਰਹੀਆਂ ਆਧੁਨਿਕ ਤਕਨੀਕਾਂ ਦੇ ਨਾਲ ਨਾਲ ਰੋਜ਼ਮਰਾ ਦੇ ਕੰਮ-ਧੰਦਿਆਂ ਬਾਰੇ ਜਾਣਿਆ। ਉਨ੍ਹਾਂ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਆਖਿਆ ਕਿ ਉਹ ਸਾਹੀਵਾਲ ਤੇ ਨੀਲੀ ਰਾਵੀ ਵਰਗੀਆਂ ਦੇਸੀ ਨਸਲਾਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਢੰਗ-ਤਰੀਕੇ ਲੱਭਣ ਕਿਉਂਕਿ ਇਹ ਨਸਲਾਂ ਸਥਾਨਕ ਪੌਣ-ਪਾਣੀ ਵਿੱਚ ਰਹਿ ਸਕਣ ਅਤੇ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਕਾਬਲ ਹਨ।
ਨਾਮਧਾਰੀ ਸੰਪਰਦਾ ਵੱਲੋਂ ਨੁਮਾਇਸ਼ ਵਿੱਚ ਲਿਆਂਦੀ ਹੋਈ ਸਾਹੀਵਾਲ ਨਸਲ ਦੀ ਬਹੁਤ ਹੀ ਖੂਬਸੂਰਤ ਗਾਂ ਵਿੱਚ ਵਿਸ਼ੇਸ਼ ਰੁਚੀ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਵੀ ਅਜਿਹੀ ਗਾਂ ਰੱਖਣ ਨੂੰ ਬਹੁਤ ਮਨ ਕਰਦਾ ਹੈ। ਅਗਾਂਹਵਧੂ ਡੇਅਰੀ ਮਾਲਕਾਂ ਵੱਲੋਂ ਕੀਤੇ ਜਾ ਰਹੇ ਉੱਦਮ ਦੀ ਸ਼ਲਾਘਾ ਕਰਦਿਆਂ ਸ. ਬਾਦਲ ਨੇ ਉਨ੍ਹਾਂ ਨੂੰ ਸੱਦਾ ਦਿੱਤਾ ਕਿ ਉਹ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਡੇਅਰੀ ਦਾ ਧੰਦਾ ਅਪਣਾਉਣ ਦੀ ਪ੍ਰੇਰਨਾ ਦੇਣ ਤਾਂ ਕਿ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਹੋ ਸਕੇ। ਉਨ੍ਹਾਂ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਦੇ ਵਿਭਾਗਾਂ ਨੂੰ ਕਿਹਾ ਕਿ ਉਹ ਸਾਂਝੇ ਤੌਰ ‘ਤੇ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਦਾ ਧੰਦਾ ਅਪਣਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢਣ ਅਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਡੇਅਰੀ ਫਾਰਮਿੰਗ ਨੂੰ ਉਤਸ਼ਾਹਤ ਕਰਨ ਲਈ ਦਿੱਤੀਆਂ ਜਾ ਰਹੀਆਂ ਰਿਆਇਤਾਂ ਤੇ ਸਹੂਲਤਾਂ ਬਾਰੇ ਜਾਣੂੰ ਕਰਵਾਉਣ।
ਬੱਕਰੀ ਪਾਲਣ, ਸੂਰ ਪਾਲਣ, ਮੱਛੀ ਪਾਲਣ ਅਤੇ ਮਧੂ ਮੱਖੀ ਪਾਲਣ ਨੂੰ ਉਤਸ਼ਾਹਿਤ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਧੰਦੇ ਤਾਂ ਹੀ ਕਾਮਯਾਬ ਹੋ ਸਕਦੇ ਹਨ, ਜੇਕਰ ਕਿਸਾਨ ਇਨ੍ਹਾਂ ਤੋਂ ਪੈਦਾ ਹੋਣ ਵਾਲੀਆਂ ਵਸਤਾਂ ਖੁਦ ਹੀ ਤਿਆਰ ਕਰਕੇ ਵੇਚਣ।
ਇਸ ਮੌਕੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਦੇ ਵਿਭਾਗਾਂ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਨੁਮਾਇਸ਼ ਵਿੱਚ ਪਹੁੰਚੇ ਸਾਰੇ ਪਸ਼ੂ ਪਾਲਕਾਂ ਨੂੰ ਉਨ੍ਹਾਂ ਦੇ ਪਸ਼ੂਆਂ ਲਈ ਚਾਰਾ, ਪਾਣੀ ਤੇ ਸ਼ੈੱਡ ਮੁਫਤ ਮੁਹੱਈਆ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਮੁਫਤ ਰਿਹਾਇਸ਼ ਤੇ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕਿਸਾਨਾਂ ਨੂੰ ਪਸ਼ੂਆਂ ਨੂੰ ਨੁਮਾਇਸ਼ ਵਿੱਚ ਲਿਆਉਣ ਤੇ ਵਾਪਸ ਲਿਜਾਣ ਲਈ ਟਰਾਂਸਪੋਰਟ ਮੁਹੱਈਆ ਕਰਵਾਉਣ ਤੋਂ ਇਲਾਵਾ ਉਨ੍ਹਾਂ ਦੀਆਂ ਬਾਕੀ ਸਾਰੀਆਂ ਲੋੜਾਂ ਵੀ ਵਿਭਾਗ ਵੱਲੋਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਪ੍ਰਤੀ ਸ਼ੁਕਰਾਨੇ ਦਾ ਇਜ਼ਹਾਰ ਕਰਦਿਆਂ ਪੰਜਾਬ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਪਹੁੰਚੇ ਪਸ਼ੂ ਪਾਲਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਸ਼ਲਾਘਾਯੋਗ ਉੱਦਮ ਨਾਲ ਡੇਅਰੀ ਫਾਰਮਿੰਗ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਪੰਜਾਬ ਵਿੱਚ ਛੇਤੀ ਹੀ ‘ਚਿੱਟਾ ਇਨਕਬਾਲ’ ਆਵੇਗਾ ਕਿਉਂਕਿ ਇਸ ਖੇਤਰ ਵਿੱਚ ਅਜੇ ਹੋਰ ਬਹੁਤ ਸੰਭਾਵਨਾਵਾਂ ਮੌਜੂਦ ਹਨ।
ਇਸ ਤੋਂ ਬਾਅਦ ਮੁੱਖ ਮੰਤਰੀ ਨੇ ਡੇਅਰੀ ਫਾਰਮਿੰਗ ਲਈ ਵਰਤੀ ਜਾਂਦੀ ਮਸ਼ੀਨਰੀ ਲਈ ਵਿਸ਼ਵ ਭਰ ਵਿੱਚ ਜਾਣੀ ਜਾਂਦੀ ਜਰਮਨ ਕੰਪਨੀ ‘ਜੀ.ਈ.ਓ. ਵੈਸਟ ਫਾਲੀਆ’ ਦੇ ਨਾਲ-ਨਾਲ ਕੌਮੀ ਮੱਛੀ ਵਿਕਾਸ ਬੋਰਡ ਅਤੇ ਟਰਾਈਡੈਂਟ ਗਰੁੱਪ ਵੱਲੋਂ ਲਾਏ ਗਏ ਸਟਾਲਾਂ ਦਾ ਦੌਰਾ ਵੀ ਕੀਤਾ।
ਇਸ ਮੌਕੇ ਮੁੱਖ ਮੰਤਰੀ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਗਗਨਦੀਪ ਸਿੰਘ ਬਰਾੜ, ਪਸ਼ੂ ਪਾਲਣ ਬਾਰੇ ਉਨ੍ਹਾਂ ਦੇ ਸਲਾਹਕਾਰ ਡਾ. ਬੀ.ਕੇ. ਉੱਪਲ, ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਅਤੇ ਪ੍ਰਸਿੱਧ ਡੇਅਰੀ ਫਾਰਮਰ ਸ੍ਰੀ ਸੁਖਪ੍ਰੀਤ ਸਿੰਘ ਰੋਡੇ ਹਾਜ਼ਰ ਸਨ।

Facebook Comment
Project by : XtremeStudioz