Close
Menu

ਬਾਦਲ ਵੱਲੋਂ ਪੇਂਡੂ ਜਲ ਸਪਲਾਈ ਤੇ ਸੈਨੀਟੇਸ਼ਨ ਸੁਧਾਰ ਪ੍ਰਾਜੈਕਟ ਦੀ ਸ਼ੁਰੂਆਤ

-- 18 June,2015

ਪੰਜਾਬ ਦੇ ਸਾਰੇ ਪਿੰਡਾਂ ਨੂੰ ਮਿਲੇਗੀ ਜਲ ਸਪਲਾਈ ਤੇ ਪਖ਼ਾਨੇ ਦੀ ਸਹੂਲਤ

ਚੰਡੀਗੜ੍ਹ, 18 ਜੂਨ
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਵਿਸ਼ਵ ਬੈਂਕ ਦੀ ਸਹਾਇਤਾ ਨਾਲ 2200 ਕਰੋੜ ਰੁਪਏ ਦੀ ਲਾਗਤ ਵਾਲੇ ‘ਪੰਜਾਬ ਪੇਂਡੂ ਜਲ ਸਪਲਾਈ ਤੇ ਸੈਨੀਟੇਸ਼ਨ ਸੁਧਾਰ ਪ੍ਰਾਜੈਕਟ’ ਦੀ ਸ਼ੁਰੂਆਤ ਕੀਤੀ ਹੈ। ਇਸ ਪ੍ਰਾਜੈਕਟ ਤਹਿਤ ਰਾਜ ਦੇ ਸਾਰੇ ਪਿੰਡਾਂ ਵਿੱਚ ਜਲ ਸਪਲਾਈ ਅਤੇ ਪਖਾਨੇ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਤਿੰਨ ਸਾਲਾਂ (2015-18) ਵਿੱਚ ਪੰਜਾਬ ਦੇ ਹਰ ਘਰ ਵਿੱਚ ਪਖਾਨੇ ਅਤੇ ਪਾਣੀ ਦੇ ਕੁਨੈਕਸ਼ਨ ਦੀ ਸਹੂਲਤ ਦਿੱਤੀ ਜਾਵੇਗੀ। ਪੰਜਾਬ ਦੇ ਹਰ ਘਰ ਵਿੱਚ ਮੌਜੂਦਾ 40 ਲਿਟਰ ਪ੍ਰਤੀ ਜੀਅ ਪ੍ਰਤੀ ਦਿਨ ਪਾਣੀ ਦੀ ਥਾਂ ’ਤੇ 70 ਲਿਟਰ ਪ੍ਰਤੀ ਜੀਅ ਪ੍ਰਤੀ ਦਿਨ ਪਾਣੀ ਦੀ ਸਪਲਾਈ ਮਿਲਣੀ ਸ਼ੁਰੂ ਹੋ ਜਾਵੇਗੀ। ੲਿਸ ਲੲੀ ਹਰ ਘਰ ਵਿੱਚ ਮੰਗ ਅਨੁਸਾਰ ਪਾਣੀ ਦਾ ਕੁਨੈਕਸ਼ਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਪੇਂਡੂ ਜਲ ਸਪਲਾਈ ਸਕੀਮ ਆਪਣੇ ਖਰਚੇ ਪੂਰੇ ਕਰ ਸਕੇਗੀ ਅਤੇ ਪਿੰਡਾਂ ਵਿੱਚ ਹਰਰੋਜ਼ 10 ਘੰਟੇ ਪਾਣੀ ਦੀ ਸਪਲਾਈ ਵੀ ਸੰਭਵ ਹੋ ਸਕੇਗੀ। ਮੁੱਖ ਮੰਤਰੀ ਨੇ ਵਿਸ਼ਵ ਬੈਂਕ ਅਤੇ ਇਸ ਦੇ ਭਾਰਤ ਵਿਚਲੇ ਡਾਇਰੈਕਟਰ ਓਨੋ ਰੁਹਲ ਦਾ ਪੰਜਾਬ ਨੂੰ ਇਹ ਪ੍ਰਾਜੈਕਟ ਦੇਣ ਲਈ ਧੰਨਵਾਦ ਕੀਤਾ ਕਰਦਿਆਂ ਕਿਹਾ ਕਿ ਇਹ ਹੋਰ ਵੀ ਚੰਗੀ ਗੱਲ ਹੈ ਕਿ 30 ਜੂਨ ਨੂੰ ਪਹਿਲਾਂ ਚੱਲ ਰਹੇ 750 ਕਰੋੜ ਰੁਪਏ ਦੇ ਪ੍ਰਾਜੈਕਟ ਦੇ ਖਤਮ ਹੋਣ ਤੋਂ ਪਹਿਲਾਂ ਹੀ ਨਵਾਂ ਪ੍ਰਾਜੈਕਟ ਦੇ ਦਿੱਤਾ ਗਿਆ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਾਉਣ ਲਈ ਸਰਕਾਰ ਨੇ 300 ਕਰੋੜ ਰੁਪਏ ਰਾਖਵੇਂ ਰੱਖੇ ਹੋਏ ਹਨ, ਜਿਸ ਨਾਲ ਮੋਗਾ ਤੇ ਬਰਨਾਲਾ ਜ਼ਿਲ੍ਹਿਆਂ ਦੇ 121 ਪਿੰਡਾਂ ਨੂੰ ਦਰਿਆਵਾਂ ਜਾਂ ਨਹਿਰਾਂ ਦੇ ਪਾਣੀ ਨੂੰ ਸ਼ੁੱਧ ਕਰਕੇ ਲੋਕਾਂ ਨੂੰ ਪੀਣ ਲਈ ਮੁਹੱਈਆ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਵਿਸ਼ਵ ਬੈਂਕ ਦੇ ਭਾਰਤ ਵਿਚਲੇ ਡਾਇਰੈਕਟਰ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗੲੇ ਪ੍ਰਾਜੈਕਟਾਂ ਨੂੰ ਵੀ ਵਿੱਤੀ ਸਹਾਇਤਾ ਦੇਣ। ਓਨੋ ਰੁਹਲ ਦੀ ਅਗਵਾਈ ਹੇਠਲੇ ਵਫ਼ਦ ਨਾਲ ਮੀਟਿੰਗ ਦੌਰਾਨ ਵਿਸ਼ਵ ਬੈਂਕ ਤੋਂ ਮੁਕਤਸਰ ਸਾਹਿਬ, ਫਾਜ਼ਿਲਕਾ, ਬਠਿੰਡਾ ਤੇ ਫਰੀਦਕੋਟ ਦੇ ਸੇਮ ਪ੍ਰਭਾਵਿਤ ਪਿੰਡਾਂ ਵਿੱਚ ਡਿਜ਼ਾਇਨ, ਨਿਰਮਾਣ ਤੇ ਚਲਾਉਣ (ਡੀ.ਬੀ.ਓ.) ਆਧਾਰ ’ਤੇ ਵਿਸ਼ੇਸ਼ ਜਲ ਸਪਲਾਈ ਤੇ ਸੈਨੀਟੇਸ਼ਨ ਪ੍ਰਾਜੈਕਟ ਸ਼ੁਰੂ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਵਿਸ਼ਵ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਸੂਬੇ ਦੇ ਉਨ੍ਹਾਂ ਪਿੰਡਾਂ ਵਿੱਚ ਵੀ ਜਲ ਸਪਲਾਈ ਸਕੀਮਾਂ ਸ਼ੁਰੂ ਕਰਨ, ਜਿਨ੍ਹਾਂ ਪਿੰਡਾਂ ਦਾ ਪਾਣੀ ਵੱਖ-ਵੱਖ ਕਾਰਨਾਂ ਕਰਕੇ ਪੀਣਯੋਗ ਨਹੀਂ ਹੈ। ਮੁੱਖ ਮੰਤਰੀ ਨੇ ਵਿਸ਼ਵ ਬੈਂਕ ਦੇ ਡਾਇਰੈਕਟਰ ਨੂੰ ਇਹ ਵੀ ਕਿਹਾ ਕਿ ਸੂਬੇ ਦੇ ਪੇਂਡੂ ਅਰਥਚਾਰੇ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਹੋਣ ਵਾਲੇ ਵਿਕਾਸ ਪ੍ਰਾਜਕੈਟ ਵੀ ਸ਼ੁਰੂ ਕੀਤੇ ਜਾਣ।
ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਇਹ ਪ੍ਰਾਜੈਕਟ ਪਿੰਡਾਂ ਵਿੱਚ ਸਾਫ-ਸੁਥਰੀ ਜ਼ਿੰਦਗੀ ਲਈ ਲੋਂੜੀਂਦੀਆਂ ਸਹੂਲਤਾਂ ਮੁਹੱਈਆ ਕਰੇਗਾ। ਵਧੀਕ ਮੁੱਖ ਸਕੱਤਰ (ਵਿਕਾਸ) ਸੁਰੇਸ਼ ਕੁਮਾਰ ਨੇ ਕਿਹਾ ਕਿ ਸੂਬੇ ਦੇ ਪਿੰਡਾਂ ਦੇ 30 ਫੀਸਦੀ ਘਰਾਂ ਵਿੱਚ ਅਜੇ ਪਖਾਨੇ ਬਣਾਏ ਜਾਣੇ ਹਨ। ਇਸ ਪ੍ਰਾਜੈਕਟ ਅਧੀਨ 6.5 ਲੱਖ ਘਰਾਂ ਵਿੱਚ ਪਖਾਨੇ ਬਣਾੲੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਵੱਡਾ ਫਾਇਦਾ ਅੌਰਤਾਂ ਤੇ ਗਰੀਬ ਪਰਿਵਾਰਾਂ ਨੂੰ ਹੋਵੇਗਾ। ਇਸ ਮੌਕੇ ਮੁੱਖ ਮੰਤਰੀ ਨੇ ਪਿੰਡ ਜਸਪਾਲੋਂ (ਲੁਧਿਆਣਾ), ਪਿੰਡ ਬਰਗਾੜੀ (ਫਰੀਦਕੋਟ) ਅਤੇ ਪਿੰਡ ਤਸੌਲੀ (ਪਟਿਆਲਾ) ਦੀਆਂ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀਆਂ ਨੂੰ ਜਲ ਸਪਲਾਈ ਤੇ ਸੈਨੀਟੇਸ਼ਨ ਸਕੀਮਾਂ ਨੂੰ ਲਾਗੂ ਕਰਨ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਬਦਲੇ ਕ੍ਰਮਵਾਰ ਚਾਰ ਲੱਖ, ਤਿੰਨ ਲੱਖ ਅਤੇ ਦੋ ਲੱਖ ਰੁਪਏ ਦੇ ਚੈੱਕ ਦੇ ਕੇ ਸਨਮਾਨਤ ਕੀਤਾ।

Facebook Comment
Project by : XtremeStudioz