Close
Menu

ਬਾਦਲ ਵੱਲੋਂ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੇਡਣ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਤਿੱਖੀ ਆਲੋਚਨਾ

-- 30 August,2015

* ਵੱਖ ਵੱਖ ਵਰਗਾਂ ਦੇ ਲੋਕਾਂ ਨੇ ਰੱਖੜ ਪੁੰਨਿਆ ਦੇ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ

* ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਸੂਬੇ ਦੇ ਸਮੁੱਚੇ ਵਿਕਾਸ ਤੇ ਖੁਸ਼ਹਾਲੀ ਲਈ ਬਚਨਵੱਧ

* ਕੈਪਟਨ ਤੇ ਬਾਜਵਾ ਆਪਣੀ ਘਿਨਾਉਣੀ ਖੇਡ ‘ਚ ਕਦੀ ਵੀ ਸਫਲ ਨਹੀਂ ਹੋਣਗੇ

* ਮਜੀਠੀਆ ਵੱਲੋਂ ਕਾਂਗਰਸ, ਆਪ ਅਤੇ ਪੀ ਪੀ ਪੀ ‘ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼

ਬਾਬਾ ਬਕਾਲਾ, ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ ਸਿੰਘ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਤੇ ਆਪਣੇ ਸੌੜੇ ਸਿਆਸੀ ਲਈ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਸੱਤਾ ‘ਤੇ ਕਾਬਜ ਹੋਣ ਦੇ ਇੱਕੋ ਇੱਕ ਏਜੰਡੇ ਉੱਤੇ ਚੱਲਣ ਲਈ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦਾ ਮੰਤਵ ਲੋਕਾਂ ਦੀ ਸੇਵਾ ਕਰਨ ਹੈ ਜਦਕਿ ਦੂਜੇ ਪਾਸੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਉਦੇਸ਼ ਕੇਵਲ ਸੱਤਾ ਦਾ ਸੁੱਖ ਭੋਗਣਾ ਹੈ।
ਅੱਜ ਏਥੇ ਰੱਖੜ ਪੁੰਨਿਆ ਦੇ ਮੌਕੇ ‘ਤੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਸਿਰੇ ਦੀਆਂ ਮੌਕਾ ਪ੍ਰਸਤ ਹਨ ਇਨ੍ਹਾਂ ਦੋਵਾਂ ਪਾਰਟੀਆਂ ਦੇ ਆਗੂਆਂ ਨੂੰ ਲੋਕਾਂ ਦੇ ਨਾਲ ਕੋਈ ਸਾਰੋਕਾਰ ਨਹੀਂ ਹੈ ਅਤੇ ਇਹ ਚੋਣਾਂ ਸਮੇਂ ਬਾਹਰ ਨਿਕਲਦੇ ਹਨ ਅਤੇ ਚੋਣਾਂ ਤੋਂ ਬਾਅਦ ਘੁਰਨਿਆਂ ਵਿੱਚ ਚਲੇ ਜਾਂਦੇ ਹਨ।  ਅਕਾਲੀ ਦਲ ਦੀ ਸਮਾਜ ਨੂੰ ਦੇਣ ਦਾ ਜਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਦੱਬੇ ਕੁਚਲੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਅਮੀਰ ਵਿਰਾਸਤ ਹੈ ਅਤੇ ਸਮਾਜ ਦੇ ਇਨ੍ਹਾਂ ਦੋਵੇਂ ਵੱਡੇ ਤਬਕਿਆਂ ਨੂੰ ਹਮੇਸ਼ਾਂ ਹੀ ਇਨ੍ਹਾਂ ਦੋਵਾਂ ਪਾਰਟੀਆਂ ਨੇ ਅਣਗੌਲਿਆ ਕੀਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਯਾਦ ਕਰਵਾਇਆ ਕਿ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਨੇ ਤਿੱਖੀ ਅਲੋਚਨਾ ਦੇ ਬਾਵਜੂਦ ਕਿਸਾਨਾਂ ਨੂੰ ਟਿਊਬਵੈਲਾਂ ਵਾਸਤੇ ਮੁਫਤ ਬਿਜਲੀ ਮੁਹਈਆ ਕਰਵਾਈ। ਉਨ੍ਹਾਂ ਨੇ 2002 ਵਿੱਚ ਕੈਪਟਨ  ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ  ਸੱਤਾ ਵਿੱਚ ਆਉਣ ਤੋਂ ਬਾਅਦ ਕਿਸਾਨਾਂ ਨੂੰ ਟਿਊਬਵੈਲਾਂ ਦੇ ਵਾਸਤੇ ਦਿੱਤੀ ਜਾਣ ਵਾਲੀ ਮੁਫਤ ਬਿਜਲੀ ਦੀ ਸਹੂਲਤ ਬੰਦ ਕਰਨ ਦੀ ਗੱਲ ਵੀ ਯਾਦ ਦੁਆਈ।
ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾਂ ਹੀ ਪੰਜਾਬ ਦੀ ਦੋਖੀ ਰਹੀ ਹੈ ਅਤੇ ਇਸ ਨੇ 1984 ਵਿੱਚ ਸਿੱਖਾਂ ਦੇ ਉੱਚ ਧਾਰਮਿਕ ਸਥਾਨ ਹਰਿਮੰਦਰ ਸਾਹਿਬ ‘ਤੇ ਫੌਜੀ ਹਮਲਾ ਕਰਵਾਇਆ ਅਤੇ ਉਸ ਤੋਂ ਬਾਅਦ 1984 ਵਿੱਚ ਸਿੱਖਾਂ ਦਾ ਕਤਲੇਆਮ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾਂ ਹੀ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦਿੰਦੀ ਰਹੀ ਹੈ ਅਤੇ ਇਸ ਵੱਲੋਂ ਪੰਜਾਬ ਨਾਲ ਕੀਤੇ ਅਨਿਆ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਸਮਾਜਿਕ, ਆਰਥਿਕ ਅਤੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇ ਕੇ ਲਗਾਤਾਰ ਇਸ ਨੂੰ ਕੰਮਜੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਇਸ ਨੇ ਕਿਸ ਤਰ੍ਹਾਂ ਪੰਜਾਬ ਨੂੰ ਪੰਜਾਬੀ ਬੋਲਦੇ ਇਲਾਕਿਆਂ, ਦਰਿਆਈ ਪਾਣੀਆਂ ਅਤੇ ਇਸ ਦੀ ਰਾਜਧਾਨੀ ਚੰਡੀਗੜ੍ਹ ਤੋਂ ਵਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਸਪਸ਼ਟ ਹੋ ਚੁੱਕਾ ਹੈ ਕਿ ਕਾਂਗਰਸ ਨਾ ਤਾਂ ਪੰਜਾਬ ਅਤੇ ਨਾ ਹੀ ਪੰਜਾਬੀ ਹਿੱਤਾਂ ਦੇ ਵਾਸਤੇ ਕੋਈ ਕੰਮ ਕਰ ਸਕਦੀ ਹੈ ਅਤੇ ਇਸ ਦਾ ਇੱਕੋ ਇੱਕ ਉਦੇਸ਼ ਲੋਕਾਂ ਨੂੰ ਵੰਡਣਾ ਅਤੇ ਰਾਜ ਕਰਨਾ ਹੈ।
Ê      ਪੰਜਾਬ ਦੇ ਮੁੱਖ ਮੰਤਰੀ ਨੇ ਕਾਂਗਰਸ ਅਤੇ ਆਮ ਅਦਮੀ ਪਾਰਟੀ ਦੇ ਘਿਨਾਉਣੇ ਹੱਥ ਕੰਡਿਆਂ ਤੋਂ ਲੋਕਾਂ ਨੂੰ ਸਾਵਧਾਨ ਕਰਦੇ ਹੋਏ ਇਨ੍ਹਾਂ ਨੂੰ ਮੂੰਹ ਨਾ ਲਾਉਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਸਥਿਰ ਅਤੇ ਸ਼ਕਤੀਸ਼ਾਲੀ ਸਰਕਾਰ ਦੇ ਕੇ ਸੂਬੇ ਦੇ ਸਮੁੱਚੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਇੱਕ ਨਵੇਂ ਯੁਗ ਦੀ ਸ਼ੁਰੂਆਤ ਕੀਤੀ ਹੈ।
ਆਮ ਆਦਮੀ ਪਾਰਟੀ ‘ਤੇ ਤਿੱਖਾ ਹਮਲਾ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਇਨਾਂ ਨੇ ਚਿੱਟੇ ਦਿਨ ਲੋਕਾਂ ਨੂੰ ਸੁਪਨੇ ਦਿਖਾ ਕੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਸ਼ੋਸਣ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਆਗੂਆਂ ਦੇ ਵਿਵਹਾਰ ਤੋਂ ਸਪਸ਼ਟ ਹੋ ਗਿਆ ਹੈ ਕਿ ਹੁਣ ਇਹ ਲੋਕਾਂ ਲੰਮਾ ਸਮਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇੱਕ ਸਾਲ ਪਹਿਲਾਂ ਜੰਮੀ ਆਪ  ਪੂਰੀ ਤਰ੍ਹਾਂ ਖਾਤਮੇ ਵੱਲ ਜਾ ਰਹੀ ਅਤੇ ਇਸ ਦੇ ਆਗੂ ਆਪਸ ਵਿੱਚ ਬੁਰੀ ਤਰ੍ਹਾਂ ਭਿੜ ਰਹੇ ਹਨ। ਸ. ਬਾਦਲ ਨੇ ਸੂਬੇ ਵਿੱਚ ਕਾਂਗਰਸ ਦੇ ਡੁੱਬ ਰਹੇ ਜਹਾਜ ਦਾ ਜਿਕਰ ਕਰਦੇ ਹੋਏ ਕਿਹਾ ਕਿ ਆਪ ਦੇ ਵਾਂਗ ਹੀ ਕਾਂਗਰਸ ਦੇ ਆਗੂ ਆਪਸ ਵਿੱਚ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸੂਬਾ ਲੀਡਰਸ਼ਿਪ ਵੀ ਆਪ ਵਾਂਗ ਹੀ ਇੱਕ ਕਿਸ਼ਤੀ ‘ਤੇ ਹੀ ਸਵਾਰ ਹੈ ਅਤੇ ਕੈਪਟਨ, ਬਾਜਵਾ ਅਤੇ ਭੱਠਲ ਇੱਕ ਦੂਜੇ ਨੂੰ ਡਬੋਣ ਵਿੱਚ ਲੱਗੇ ਹੋਏ ਹਨ। ਸ. ਬਾਦਲ ਨੇ ਸੂਬਾ ਸਰਕਾਰ ਵੱਲੋਂ ਖੇਤੀਬਾੜੀ, ਬੁਨਿਆਦੀ ਢਾਂਚੇ, ਸਿੱਖਿਆ, ਉਦਯੋਗ, ਆਈ ਟੀ ਵਿੱਚ ਕੀਤੀ ਪ੍ਰਗਤੀ ਦਾ ਜਿਕਰ ਕੀਤਾ ਅਤੇ ਇਸ ਦੇ ਨਾਲ ਹੀ ਕਿਹਾ ਕਿ ਪੰਜਾਬ ਬਿਜਲੀ ਦੇ ਖੇਤਰ ਵਿੱਚ ਵਾਧੂ ਬਿਜਲੀ ਵਾਲਾ ਸੂਬਾ ਬਣ ਗਿਆ ਅਤੇ  ਹੁਣ ਲੋਕਾਂ ਨੂੰ 24 ਘੰਟੇ ਬਿਜਲੀ ਮਿਲਣ ਲੱਗ ਪਈ ਹੈ।
ਕਾਂਗਰਸ ਦੀ ਸੂਬਾਈ ਲੀਡਰਸ਼ਿਪ ਖਾਸ ਕਰਕੇ ਸ੍ਰੀ ਬਾਜਵਾ ਵੱਲੋਂ ਗੰਨੇ ਦੀ ਕੀਮਤ ਦੇ ਮਾਮਲੇ ‘ਤੇ ਖੇਡੀ ਜਾ ਰਹੀ ਰਾਜਨੀਤੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਗੰਨੇ ਦੇ ਬਕਾਏ ਦੇ ਭੁਗਤਾਨ ਸਬੰਧੀ ਸਾਰਾ ਮਾਮਲਾ ਅਤੇ ਆਉਂਦੇ ਸੀਜਨ ਦੌਰਾਨ ਗੰਨੇ ਦੀ ਨਿਰਵਿਘਨ ਪਿੜਾਈ ਦਾ ਮਾਮਲਾ ਇੱਕ ਹਫਤੇ ਦੇ ਵਿੱਚ ਹੱਲ ਕਰ ਲਿਆ ਜਾਵੇਗਾ ਅਤੇ ਅਜਿਹਾ ਕਰਦੇ ਹੋਏ ਕਿਸਾਨਾਂ ਅਤੇ ਮਿਲ ਮਾਲਕਾਂ ਦੀ ਪੂਰੀ ਤਸੱਲੀ ਕਰਵਾਈ ਜਾਵੇਗੀ। ਉਨ੍ਹਾਂ ਨੇ ਕਾਂਗਰਸ ਦੇ ਆਗੂਆਂ ਨੂੰ ਇਸ ਮੁੱਦੇ ‘ਤੇ ਬਦਲੀ ‘ਤੇ ਤੇਲ ਨਾ ਪਾਉਣ ਦੀ ਸਲਾਹ ਦਿੱਤੀ।
ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਪੰਜਾਬ ਨੇ ਮਹਾਨ ਕੁਰਬਾਨੀਆਂ ਦਿੱਤੀਆਂ ਹਨ ਪਰ ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਇਨ੍ਹਾਂ ਦਾ ਮੁੱਲ ਨਹੀਂ ਪਾਇਆ। ਆਜ਼ਾਦੀ ਸੰਘਰਸ਼ ਵਿੱਚ ਪੰਜਾਬ ਦੀ ਭੂਮਿਕਾ ਦਾ ਜਿਕਰ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਪੰਜਾਬੀਆਂ ਨੇ 2 ਫੀਸਦੀ ਹੁੰਦੇ ਹੋਏ ਵੀ ਦੇਸ਼ ਦੀ ਆਜ਼ਾਦੀ ਲਈ 80 ਫੀਸਦੀ ਫਾਂਸੀਆਂ ਅਤੇ ਕਾਲੇਪਾਣੀ ਦੀਆਂ ਸਜਾਵਾਂ ਝੱਲੀਆਂ ਪਰ ਫਿਰ ਵੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦੀ ਕਦਰ ਨਹੀਂ ਪਾਈ ਗਈ। ਉਨ੍ਹਾਂ ਕਿਹਾ ਉਨ੍ਹਾਂ ਦੀ ਸਰਕਾਰ ਨੇ ਸਾਡੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਬਨਾਉਣ ਲਈ ਜਲੰਧਰ ਜਿਲ੍ਹੇ ਦੇ ਕਰਤਾਰ ਪੁਰ ਨੇੜੇ 200 ਕਰੋੜ ਦੀ ਲਾਗਤ ਨਾਲ ਜੰਗ ਏ ਆਜਾਦੀ ਯਾਦਗਾਰ ਬਣਾਈ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਰੱਖਣ ਮੌਕੇ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਵਾਲੇ ਫੌਜੀਆਂ ਦੀਆਂ ਸ਼ਾਨਦਾਰ ਸੇਵਾਵਾਂ ਦੀ ਯਾਦ ਅੰਮ੍ਰਿਤਸਰ ਵਿਖੇ ਜੰਗੀ ਯਾਦਗਾਰ ਬਣਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਵੱਖ ਵੱਖ ਸਮਿਆਂ ਦੌਰਾਨ ਕੇਂਦਰ ਵਿੱਚ ਬਣੀਆਂ ਕਾਂਗਰਸ ਸਰਕਾਰਾਂ ਨੇ ਲਗਾਤਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਕੂਲ ਕੀਤਾ ਹੈ ਪਰ ਹੁਣ ਕੇਂਦਰ ਵਿੱਚ ਐਨ.ਡੀ.ਏ. ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਨੂੰ ਏਮਜ਼, ਆਈ.ਆਈ.ਐਮ. ਅਤੇ ਹੌਰਟੀਕਲਚਰ ਇੰਸਟੀਚਿਊਟ ਮਿਲਣ ਤੋਂ ਇਲਾਵਾ ਕੇਂਦਰ ਸਰਕਾਰ ਨੇ ਅੰਮ੍ਰਿਤਸਰ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ ਦਿੱਤਾ ਹੈ ਜਿਸ ਕਾਰਨ ਸਿੱਖਾਂ ਦੇ ਇਸ ਧਾਰਮਿਕ ਸ਼ਹਿਰ ਦਾ ਕਰੋੜਾਂ ਰੁਪਿਆਂ ਨਾਲ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਸਰਕਾਰ ਨੇ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਨੂੰ ਸਮਾਰਟ ਸਿਟੀ ਬਣਾਉਣ ਦਾ ਫੈਸਲਾ ਕੀਤਾ ਹੈ।
ਇਸ ਮੌਕੇ ਬੋਲਦੇ ਹੋਏ ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਸ੍ਰੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ ਜਾ ਰਹੇ ਧਰਨੇ ਲੋਕਾਂ ਨਾਲ ਧੋਖਾ ਹਨ ਅਤੇ ਉਹ ਅਜਿਹਾ ਕਰਕੇ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਬਾਜਵਾ ਦੇ ਧਰਨਿਆਂ ਦਾ ਇੱਕੋ ਇੱਕ ਮਕਸਦ ਆਪਣੀ ਕੁਰਸੀ ਨੂੰ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਜੇ ਉਹ ਇਸ ਪ੍ਰਤੀ ਰੱਤੀ ਭਰ ਵੀ ਸੰਜੀਦਾ ਹਨ ਤਾਂ ਉਨ੍ਹਾਂ ਨੂੰ ਇਹ ਧਰਨੇ ਨਵਾਂ ਸ਼ਹਿਰ ਦੀ ਥਾਂ ਗੁਰਦਾਸਪੁਰ ਜਿਲ੍ਹੇ ਵਿੱਚ ਆਉਂਦੀਆਂ ਖੰਡ ਮਿੱਲਾਂ ਦੇ ਬਾਹਰ ਧਰਨੇ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਬਾਜਵਾ ਨੂੰ ਪੂਰੀ ਤਰ੍ਹਾਂ ਪਤਾ ਹੈ ਕਿ ਗੁਰਦਾਸਪੁਰ ਵਿੱਚ ਉਨ੍ਹਾਂ ਦੇ ਮਗਰ ਕੋਈ ਵੀ ਨਹੀਂ ਹੈ ਅਤੇ ਉਹ ਇਨ੍ਹਾਂ ਇਲਾਕਿਆਂ ਵਿਚੋਂ ਕੋਈ ਵੀ ਸਮਰਥਨ ਹਾਸਲ ਨਹੀਂ ਕਰ ਸਕਦੇ। ਕਾਂਗਰਸ ਦੇ ਇਸ ਅਖੌਤੀ ਸਭ ਤੋਂ ਵੱਡੇ ਆਗੂ ਦਾ ਗ੍ਰਾਫ ਤੇਜੀ ਨਾਲ ਡਿਗ ਰਿਹਾ ਹੈ। ਸ੍ਰੀ ਬਾਜਵਾ ਗੁਰਦਾਸਪੁਰ ਦੇ ਲੋਕਾਂ ਸਭਾ ਹਲਕੇ ਤੋਂ ਸਭ ਤੋਂ ਵੱਧ ਵੋਟਾਂ ਨਾਲ ਹਾਰੇ। ਇਥੋਂ ਤੱਕ ਕਿ ਉਹ ਆਪਣੀ ਪਤਨੀ ਦੇ ਵਿਧਾਨ ਸਭਾ ਹਲਕੇ ਵਿੱਚੋਂ ਆਪਣੇ ਲਈ ਸਮਰਥਨ ਨਹੀਂ ਜੁਟਾ ਸਕੇ।
ਸ੍ਰੀ ਹਰਿਮੰਦਰ ਸਾਹਿਬ ‘ਤੇ ਫੌਜੀ ਹਮਲਾ ਕਰਨ ਅਤੇ ਸ੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖਾਂ ਦਾ ਕਤਲੇਆਮ ਕਰਨ ਦੀ ਲਈ ਕਾਂਗਰਸ ‘ਤੇ ਵਰ੍ਹਦੇ ਹੋਏ ਸ. ਮਜੀਠੀਆ ਨੇ ਕਿਹਾ ਕਿ ਕਾਂਗਰਸ ਨੂੰ 2017 ਵਿੱਚ ਸੂਬੇ ਵਿੱਚ ਸਰਕਾਰ ਬਨਾਉਣ ਦੇ ਸੁਪਨੇ ਲੈਣੇ ਛੱਡ ਦੇਣੇ ਚਾਹੀਦੇ ਹਨ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਤਿੱਖੀ ਅਲੋਚਨਾ ਕੀਤੀ ਜੋ ਇਸ ਵੇਲੇ ਕਾਂਗਰਸ ਦੀ ਲੀਡਰੀ ਹਥਿਆਉਣ ਲਈ ਸੰਘਰਸ਼ ਕਰ ਰਹੇ ਹਨ ਅਤੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਉਨ੍ਹਾਂ ਨੂੰ ਲੀਡਰੀ ਦੇਣ ਤੋਂ ਕੰਨੀ ਕਤਰਾ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਕੋਲ ਹੋਣ ਕੋਈ ਵੀ ਚਾਰਾ ਨਹੀਂ ਅਤੇ ਉਹ ਹੁਣ ਬਾਜਵਾ ਅਤੇ ਭੱਠਲ ਵਰਗੇ ਆਪਣੀ ਪਾਰਟੀ ਦੇ ਆਗੂਆਂ ‘ਤੇ ਤੀਰ ਛੱਡ ਰਹੇ ਹਨ। ਸ. ਮਜੀਠੀਆ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਵੱਲੋਂ ਕੀਤੇ ਵਿਕਾਸ ਦੇ ਵਿਲੱਖਣ ਅਤੇ ਅਣਥੱਕ ਕਾਰਜਾਂ ਦੇ ਕਾਰਨ ਇਸ ਵੱਲੋਂ ਜਿੱਤ ਦਾ ਤਿੱਕਾ ਲਾਉਣ ਦੇ ਤੱਥ ਪੱਥਰ ‘ਤੇ ਲੀਕ ਸਮਾਨ ਹਨ।
ਪੰਜਾਬ ਦੇ ਮਾਸੂਮ ਲੋਕਾਂ ਦੀਆਂ ਭਾਵਨਾਵਾਂ ਦੇ ਖੇਡਣ ਲਈ ਆਮ ਆਦਮੀ ਪਾਰਟੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਸ. ਮਜੀਠੀਆ ਨੇਕਿਹਾ ਕਿ ਇਸ ਪਾਰਟੀ ਦਾ ਪੰਜਾਬ ਵਿੱਚ ਕੋਈ ਵੀ ਭਵਿਖ ਨਹੀਂ ਹੈ ਅਤੇ ਇਹ ਖਾਤਮੇ ਦੇ ਕੰਢੇ ‘ਤੇ ਪਹੁੰਚ ਗਈ ਹੈ। ਸ. ਮਜੀਠੀਆ ਨੇ ਪੰਜਾਬ ਦੋਖੀ ਸ਼ਕਤੀਆਂ ਨੂੰ ਤਿੱਖ ਚੇਤਾਵਨੀ ਦਿੱਤੀ ਜੋ ਪੰਜਾਬੀਆਂ ਨੂੰ ਨਸ਼ਈ ਗਰਦਾਨ ਕੇ ਪੰਜਾਬ ਦੇ ਵਕਾਰ ਨੂੰ ਖਤਮ ਕਰਨ ‘ਤੇ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਪਟਿਆਲਾ ਅਤੇ ਬਠਿੰਡਾ ਵਿੱਚ ਫੌਜ ਦੀ ਭਰਤੀ ਵੇਲੇ ਪਹਿਲੀ ਵਾਰ ਡੋਪ ਟੈਸਟ ਕੀਤਾ ਗਿਆ ਅਤੇ ਕੋਈ ਵੀ ਨੌਜਵਾਨ ਇਸ ਵਿੱਚ ਨਹੀਂ ਫਸਆਿ ਅਤੇ ਸਾਰੇ ਹੀ ਇਹ ਟੈਸਟ ਪਾਸ ਕਰ ਗਏ। ਇਸ ਗੱਲ ਨੇ ਉਨ੍ਹਾਂ ਦੇ ਸਟੈਂਡ ਦੀ ਪੁਸ਼ਟੀ ਕੀਤੀ ਹੈ ਅਤੇ ਪੰਜਾਬੀਆਂ ਨੂੰ ਨਸ਼ਈ ਕਹਿਣ ਦੀ ਗੱਲ ਦਾ ਉਹ ਪਹਿਲਾਂ ਤੋਂ ਵਿਰੋਧ ਕਰਦੇ ਆਏ ਹਨ।
ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਸਮਾਜ ਦੇ ਸਾਰੇ ਵਰਗਾਂ ਦੇ ਅਧਿਕਾਰਾਂ ਅਤੇ ਹਿੱਤਾਂ ਦੀ ਸੁਰੱਖਿਆ ਦੇ ਵਾਸਤੇ ਹਮੇਸ਼ਾਂ ਮੋਹਰੀ ਰਿਹਾ ਹੈ ਅਤੇ ਇਸ ਨੇ ਸੂਬੇ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਇਆ ਹੈ। ਲੋਕ ਸਭਾ ਦਾ ਕੰਮ ਨਾ ਚੱਲਣ ਦੇਣ ਦੇ ਵਸਤੇ ਕਾਂਗਰਸ ਦੀ ਤਿੱਖ ਆਲੋਚਨਾ ਕਰਦੇ ਹੋਏ ਸ. ਬ੍ਰਹਮਪੁਰਾ ਨੇ ਕਿਹਾ ਕਾਂਗਰਸ ਅਜਿਹਾ ਕਰਕੇ ਲੋਕਾਂ ਦਾ ਧਿਆਨ ਅਹਿਮ ਮੁੱਦਿਆਂ ਤੋਂ ਲਾਂਭੇ ਲਿਜਾਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਹ ਵਤੀਰਾ ਗੈਰ ਜਮਹੂਰੀ, ਅਨੈਤਿਕ ਅਤੇ ਸੰਸਦੀ ਪ੍ਰਣਾਲੀ ਦੇ ਉਲਟ ਹੈ।
ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸ਼ਣ ਵਿੱਚ ਵਿਧਾਇਕ ਸ੍ਰੀ ਮਨਜੀਤ ਸਿੰਘ ਮੰਨਾ ਨੇ ਆਪਣੇ ਹਲਕੇ ਦੀ ਸਮੱਸਿਆਵਾਂ ਪੇਸ਼ ਕੀਤੀਆਂ ਅਤੇ ਸ਼ਹਿਰ ਵਿੱਚ ਨੁਕਸਦਾਰ ਸੀਵਰਜ ਪ੍ਰਣਾਲੀ ਤਰੁੰਤ ਠੀਕ ਕਰਵਾਉਣ ਦੀ ਮੰਗ ਕੀਤੀ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਾਣੀਕੇ, ਸਾਬਕਾ ਐਸ ਜੀ ਪੀ ਸੀ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਰਾਜ ਸਭਾ ਮੈਂਬਰ ਸ. ਰਾਜ ਮਹਿੰਦਰ ਸਿੰਘ ਮਜੀਠਾ, ਮੁਖ ਸੰਸਦੀ ਸਕੱਤਰ ਸ੍ਹ ਵਿਰਸਾ ਸਿੰਘ ਵਲਟੋਹਾ, ਸ. ਅਮਰਪਾਲ ਸਿੰਘ ਬੋਨੀ, ਵਿਧਾਇਕ ਜਡਿਆਲਾ ਗੁਰੂ ਸ. ਬਲਜੀਤ ਸਿੰਘ ਜਲਾਲ ਉਸਮਾ ਤੋਂ ਇਲਾਵਾ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ, ਪਾਰਟੀ ਵਰਕਰਾਂ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸਿਰਕਤ ਕੀਤੀ।

Facebook Comment
Project by : XtremeStudioz