Close
Menu

ਬਾਦਲ ਵੱਲੋਂ ਵਿਦਿਆਰਥਣਾਂ ਨੂੰ ਮੁਫ਼ਤ ਸਾਇਕਲ ਵੰਡਣ ਲਈ ਮਾਈ ਭਾਗੋ ਵਿਦਿਆ ਸਕੀਮ ਦਾ ਆਗਾਜ਼

-- 26 October,2013

bawa2ਜਗਰਾਉਂ (ਲੁਧਿਆਣਾ),26 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਲੋਕਾਂ ਨੂੰ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਸਰਕਾਰ ਲਿਆਉਣ ਦਾ ਸੱਦਾ ਦਿੱਤਾ ਤਾਂ ਕਿ ਸੌੜੀ ਸਿਆਸਤ ਨਾਲ ਲਬਰੇਜ਼ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੇ ‘ਪਾੜੋ ਤੇ ਰਾਜ ਕਰੋ’ ਦੇ ਇੱਕ ਨੁਕਾਤੀ ਏਜੰਡੇ ਦਾ ਸਦੀਵੀ ਅੰਤ ਕੀਤਾ ਜਾ ਸਕੇ।
ਅੱਜ ਇੱਥੇ ਮਾਈ ਭਾਗੋ ਵਿਦਿਆ ਸਕੀਮ ਦੀ ਸ਼ੁਰੂਆਤ ਕਰਨ ਮੌਕੇ ਕਰਵਾਏ ਰਾਜ ਪੱਧਰੀ ਸਮਾਗਮ ਦੌਰਾਨ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਭ੍ਰਿਸ਼ਟਾਚਾਰ ਅਤੇ ਬਦਇੰਤਜ਼ਾਮੀ ਨੂੰਪ੍ਰਣਾਈ ਯੂ.ਪੀ.ਏ. ਸਰਕਾਰ ਇੱਕ ਦਹਾਕਾ ਲੰਮੇ ਕਾਰਜਕਾਲ ਦੌਰਾਨ ਦੇਸ਼ ਵਾਸੀਆਂ ਨੂੰ ਬਿਹਤਰ ਸ਼ਾਸਨ ਦੇਣ ਵਿੱਚ ਬੁਰੀ ਤਰ੍ਹਾਂ ਨਾਕਾਮ ਸਿੱਧ ਹੋਈ ਹੈ। ਉਨ੍ਹਾਂ ਆਖਿਆ ਕਿ ਇਹ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਆਪਣੀਆਂ ਇਨ੍ਹਾਂ ਨਾਕਾਮੀਆਂ ਕਰਕੇ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਯੂ.ਪੀ.ਏ. ਸਰਕਾਰ ਚਲਦੀ ਹੋ ਜਾਵੇਗੀ ਅਤੇ ਘੁਟਾਲਿਆਂ ਵਿੱਚ ਫਸੀ ਪ੍ਰਭਾਵਹੀਣ ਅਤੇ ਭ੍ਰਿਸ਼ਟ ਇਸ ਸਰਕਾਰ ਦਾ ਇੱਕੋ ਇੱਕ ਬਦਲ ਕੇਂਦਰ ਲੋਕ ਪੱਖੀ ਐਨ.ਡੀ.ਏ. ਸਰਕਾਰ ਹੈ। ਸ. ਬਾਦਲ ਨੇ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਕਿ ਕਾਂਗਰਸ ਨੇ ਆਪਣੀਆਂ ਫੁੱਟ ਪਾਊ ਨੀਤੀਆਂ ਨਾਲ ਦੇਸ਼ ਉਪਰ ਲਗਭਗ ਛੇ ਦਹਾਕੇ ਰਾਜ ਕੀਤਾ ਹੈ ਜਿਸ ਨੇ ਇਨ੍ਹਾਂ ਨੀਤੀਆਂ ਨਾਲ ਲੋਕਾਂ ਵਿੱਚ ਜਾਤ, ਧਰਮ, ਭਾਈਚਾਰੇ, ਭਾਸ਼ਾ ਤੇ ਇਥੋਂ ਤੱਕ ਕਿ ਖੇਤਰ ਵੰਡ ਦੀਆਂ ਲੀਹਾਂ ‘ਤੇ ਪਾੜਾ ਪਾਇਆ ਹੈ।
ਕਾਂਗਰਸ ਪਾਰਟੀ ਨੂੰ ਜੜੋਂ ਉਖਾੜ ਦੇਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਹ ਲਾਜ਼ਮੀ ਬਣਦਾ ਹੈ ਕਿ ਹਰ ਸੂਬਾ ਕੇਂਦਰ ਵਿੱਚ ਆਪਣੀ ਸਰਕਾਰ ਚਾਹਵੇ ਅਤੇ ਉਸ ਪਾਸੋਂ ਮਦਦ ਲਵੇ ਪਰ ਪੰਜਾਬ ਦੇ ਸੰਦਰਭ ਵਿੱਚ ਇਹ ਤਾਂ ਹੀ ਸੰਭਵ ਹੈ ਜੇਕਰ ਕੇਂਦਰ ਵਿਚ ਐਨ.ਡੀ.ਏ. ਦੀ ਅਗਵਾਈ ਵਾਲੀ ਸਰਕਾਰ ਬਣੇ ਅਤੇ ਇਸ ਲਈ ਲੋਕ ਆਪਣਾ ਸਹਿਯੋਗ ਦੇਣ। ਉਨ੍ਹਾਂ ਆਖਿਆ ਕਿ ਕੇਂਦਰ ਤੇ ਰਾਜਾਂ ਵਿੱਚ ਡੂੰਘੀ ਸਾਂਝ ਹੀ ਮੁੱਖ ਆਧਾਰ ਹੁੰਦਾ ਹੈ ਅਤੇ ਪੰਜਾਬ ਲਈ ਵੱਡੀ ਸਨਅਤੀ ਪ੍ਰਾਜੈਕਟ ਲਿਆਉਣੇ ਤਾਂ ਹੀ ਸੰਭਵ ਹਨ ਜੇਕਰ ਕੇਂਦਰ ਵਿੱਚ ਸੱਤਾ ਦੀ ਵਾਗਡੋਰ ਐਨ.ਡੀ.ਏ. ਦੇ ਹੱਥ ਦਿੱਤੀ ਜਾਵੇ। ਸ. ਬਾਦਲ ਨੇ ਆਖਿਆ ਕਿ ਯੂ.ਪੀ.ਏ. ਸਰਕਾਰ ਨੇ ਸਾਡੇ ਮਿਹਨਤਕਸ਼ ਕਿਸਾਨਾਂ ਦੀਆਂ ਮੰਗਾਂ ਜਿਵੇਂ ਕਿ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਅਤੇ ਡੀਜ਼ਲ, ਬੀਜਾਂ, ਕੀਟਨਾਸ਼ਕਾਂ ਜਿਹੀਆਂ ਖੇਤੀ ਲਾਗਤਾਂ ਦੀਆਂ ਕੀਮਤਾਂ ਸਸਤੀਆਂ ਕਰਨ ਨੂੰ ਦਰ ਕਿਨਾਰ ਕਰਕੇ ਪੰਜਾਬ ਨਾਲ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਉਨ੍ਹਾਂ ਆਖਿਆ ਕਿ ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਨ ਮੌਕੇ ਜਾਂ ਖੇਤੀ ਲਾਗਤਾਂ ਸਬੰਧੀ ਕੋਈ ਫੈਸਲਾ ਕਰਨ ਮੌਕੇ ਸਾਡੀ ਸਲਾਹ ਤੱਕ ਵੀ ਨਹੀਂ ਪੁੱਛੀ ਜਾਂਦੀ ਸਗੋਂ ਅਜਿਹੇ ਕਿਸਾਨ ਵਿਰੋਧੀ ਫੈਸਲੇ ਸਾਡੇ ਉਪਰ ਠੋਸ ਦਿੱਤੇ ਜਾਂਦੇ ਹਨ ਜੋ ਸਿੱਧੇ ਤੌਰ ‘ਤੇ ਸਾਡੇ ਮਿਹਨਤਕਸ਼ ਕਿਸਾਨਾਂ ਦੇ ਮਾਣ-ਸਨਮਾਨ ਨੂੰ ਸੱਟ ਮਾਰਨ ਵਾਲੀ ਗੱਲ ਹੈ।
ਮੁੱਖ ਮੰਤਰੀ ਨੇ ਆਖਿਆ ਕਿ ਜੇਕਰ ਇਸ ਵਾਰ ਲੋਕ ਕੇਂਦਰ ਵਿੱਚ ਐਨ.ਡੀ.ਏ ਦੀ ਸਰਕਾਰ ਲਿਆਉਣ ਵਿਚ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਹੋਰ ਪੰਜ ਸਾਲ ਆਮ ਲੋਕਾਂ ਦੇ ਹਿੱਤ ਵਾਲੀ ਸਰਕਾਰ ਤੋਂ ਵਾਂਝਾ ਰਹਿਣਾ ਪਵੇਗਾ ਜਿਸ ਕਰਕੇ ਉਨ੍ਹਾਂ ਦਾ ਭਵਿੱਖ ਤਬਾਹ ਹੋ ਜਾਵੇਗਾ। ਸ. ਬਾਦਲ ਨੇ ਆਖਿਆ ਕਿ ਪੰਜਾਬ ਦੇ ਕਾਂਗਰਸੀ ਆਗੂ ਸੂਬੇ ਲਈ ਵਿਕਾਸ ਪ੍ਰਾਜੈਕਟ ਲਿਆਉਣ ਵਿੱਚ ਅੜਿੱਕੇ ਅੜਾ ਰਹੇ ਹਨ ਜਿਸ ਦੇ ਕਾਰਨਾਂ ਤੋਂ ਓਹੀ ਭਲੀ-ਭਾਂਤ ਜਾਣੂ ਹਨ ਪਰ ਇੱਕ ਗੱਲ ਬਿਲਕੁਲ ਸਪੱਸ਼ਟ ਹੈ ਕਿ ਇਨ੍ਹਾਂ ਕਾਂਗਰਸੀ ਆਗੂਆਂ ਦਾ ਇੱਕ ਵਾਰ ਫਿਰ ਪੰਜਾਬ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਸ. ਬਾਦਲ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਨੇਤਾ ਸ਼੍ਰੀ ਸੁਨੀਲ ਜਾਖੜ ਅਤੇ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਸੂਬੇ ਦੇ ਵਿਕਾਸ ਵਿੱਚ ਗਹਿਰੀ ਦਿਲਚਸਪੀ ਦਿਖਾਈ ਹੈ ਜਦ ਕਿ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਹੀ ਬਦਲਾਖੋਰੀ ਤੇ ਟਕਰਾਅ ਵਾਲੀ ਸਿਆਸਤ ਹੀ ਕੀਤੀ ਹੈ ਜੋ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਦੇ ਹਿੱਤ ਵਿੱਚ ਨਹੀਂ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਨੇਤਾਵਾਂ ਨੂੰ ਸਪੱਸ਼ਟ ਤੌਰ ‘ਤੇ ਸਮਝ ਲੈਣੀ ਚਾਹੀਦੀ ਹੈ ਕਿ ਸਵਾਲ ਸੂਬੇ ਦੇ ਵਿਕਾਸ ਦਾ ਲਾਹਾ ਉਠਾਉਣ ਦਾ ਨਹੀਂ ਸਗੋਂ ਇਹ ਸਾਰਿਆਂ ਦਾ ਪਵਿੱਤਰ ਫਰਜ਼ ਬਣਦਾ ਹੈ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੋਣ।
ਸੂਬੇ ਵਿੱਚ ਝੋਨੇ ਦੀ ਖਰੀਦ ਦੀ ਸੁਸਤ ਰਫ਼ਤਾਰ ਲਈ ਸਿੱਧੇ ਤੌਰ ‘ਤੇ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਭਾਰਤ ਸਰਕਾਰ ਦੇ ਨਮੀ ਤੇ ਬਦਰੰਗ ਵਾਲੇ ਨੇਮਾਂ ਦੀ ਆੜ ਵਿੱਚ ਗਰੀਬ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਬੇਮੌਸਮੇ ਮੀਂਹ ਅਤੇ ਹਨੇਰੀ ਕਰਕੇ ਝੋਨੇ ਦਾ ਰੰਗ ਕਾਲਾ ਹੋਇਆ ਹੈ ਜੋ ਸਰਕਾਰੀ ਖਰੀਦ ਏਜੰਸੀਆਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਉਨ੍ਹਾਂ ਆਖਿਆ ਕਿ ਕੁਦਰਤੀ ਆਫ਼ਤ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈ ਰਿਹਾ ਹੈ ਜਦ ਕਿ ਇਹ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਅਤੇ ਇਸ ਕਰਕੇ ਕੇਂਦਰ ਸਰਕਾਰ ਨੂੰ ਸੰਕਟ ‘ਚ ਡੁੱਬੇ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ ਤਾਂ ਕਿ ਝੋਨੇ ਦੀ ਛੇਤੀ ਤੇ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਦੇ ਯਤਨਾਂ ਸਦਕਾ ਕੇਂਦਰ ਸਰਕਾਰ ਨੇ ਹੁਣ ਝੋਨੇ ਦੀ ਖਰਾਬੀ ਦਾ ਪਤਾ ਲਾਉਣ ਅਤੇ ਨੇਮਾਂ ਵਿੱਚ ਢਿੱਲ ਦੇਣ ਬਾਰੇ ਸਿਫਾਰਸ਼ਾਂ ਕਰਨ ਸਬੰਧੀ ਇੱਕ ਕੇਂਦਰੀ ਟੀਮ ਭੇਜੀ ਹੈ।
ਉਪ ਮੁੱਖ ਮੰਤਰੀ ਵਲੋਂ ਸੂਬੇ ਵਿੱਚ ਵੱਡਾ ਨਿਵੇਸ਼ ਕਰਨ ਲਈ ਚੋਟੀ ਦੇ ਸਨਅਤੀ ਘਰਾਣਿਆਂ ਨਾਲ ਤਾਲਮੇਲ ਕਰਕੇ ਕੀਤੇ ਨਿੱਗਰ ਉਪਰਾਲਿਆਂ ਦੀ ਭਰਵੀਂ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਛੇਤੀ ਹੀ ਸਨਅਤੀਕਰਨ ਦੇ ਧੁਰੇ ਵਜੋਂ ਉਭਰੇਗਾ ਕਿਉਂਕਿ ਸਾਡੀ ਖੇਤੀਬਾੜੀ ਪਹਿਲਾਂ ਹੀ ਅੰਮਤ ਬਿੰਦੂ ‘ਤੇ ਪਹੁੰਚ ਚੁੱਕੀ ਹੈ। ਉਨ੍ਹਾਂ ਆਖਿਆ ਕਿ ਜੇਕਰ ਕੇਂਦਰ ਵਿੱਚ ਐਨ.ਡੀ.ਏ. ਦੀ ਸਰਕਾਰ ਆਉਂਦੀ ਹੈ ਤਾਂ ਸਾਡੇ ਯਤਨਾਂ ਨੂੰ ਹੋਰ ਵਧੇਰੇ ਬੂਰ ਪਵੇਗਾ।
ਮਾਈ ਭਾਗੋ ਵਿਦਿਆ ਸਕੀਮ ਦੀ ਅਹਿਮੀਅਤ ਨੂੰ ਦਰਸਾਉਂਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਗਠਜੋੜ ਸਰਕਾਰ ਦੀ ਇਸ ਸਕੀਮ ਦਾ ਮੁੱਖ ਮੰਤਵ ਸਰਕਾਰੀ ਸਕੂਲਾਂ ਦੀਆਂ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਖਾਸ ਤੌਰ ‘ਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਰਹਿੰਦੀਆਂ ਵਿਦਿਆਰਥਣਾਂ ਨੂੰ ਸਕੂਲ ਆਉਣ ਜਾਣ ਦੀ ਸਹੂਲਤ ਦੇਣਾ ਹੈ ਅਤੇ ਇਸ ਤੋਂ ਇਲਾਵਾ ਇਸ ਦਾ ਉਦੇਸ਼ ਸਕੂਲਾਂ ਵਿੱਚ ਪੜ੍ਹਾਈ ਛੱਡਣ ਵਿੱਚ ਲੜਕੀਆਂ ਦੀ ਦਰ ਨੂੰ ਵੀ ਖਤਮ ਕਰਨਾ ਹੈ। ਸ. ਬਾਦਲ ਨੇ ਦੱਸਿਆ ਕਿ ਇਸ ਸਕੀਮ ਤਹਿਤ ਵਿਦਿਆਰਥਣਾਂ ਨੂੰ ਲਗਪਗ 40 ਕਰੋੜ ਰੁਪਏ ਦੀ ਲਾਗਤ ਨਾਲ 1.52 ਲੱਖ ਸਾਈਕਲ ਵੰਡੇ ਜਾਣਗੇ।
ਇਸ ਮੌਕੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪਾਰਟੀ ‘ਤੇ ਵਰ੍ਹਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਅਤੇ ਕਾਂਗਰਸ ਦੇ ਕੰਮ ਕਰਨ ਦੇ ਢੰਗ-ਤਰੀਕਿਆਂ ਵਿੱਚ ਬਹੁਤ ਵੱਡਾ ਅੰਤਰ ਹੈ ਕਿਉਂਕਿ ਕਾਂਗਰਸੀ ਆਗੂ ਜ਼ਮੀਨੀ ਹਕੀਕਤਾਂ ਤੋਂ ਪੂਰੀ ਤਰ੍ਹਾਂ ਕੋਰੇ ਹੋਣ ਕਰਕੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨਾਲ ਭਰਾ ਵੀ ਸਰੋਕਾਰ ਨਹੀਂ ਰੱਖਦੇ ਜਦ ਕਿ ਅਕਾਲੀ-ਭਾਜਪਾ ਗਠਜੋੜ ਆਮ ਲੋਕਾਂ ਖਾਸ ਤੌਰ ‘ਤੇ ਗਰੀਬਾਂ ਦੇ ਹਿੱਤਾਂ ਦੀ ਪੂਰਤੀ ਲਈ ਹਮੇਸ਼ਾ ਹੀ ਤਤਪਰ ਰਿਹਾ ਹੈ ਅਤੇ ਇਸੇ ਤਰ੍ਹਾਂ ਭਵਿੱਖ ਵਿੱਚ ਵੀ ਰਹੇਗਾ। ਉਨ੍ਹਾਂ ਆਖਿਆ ਕਿ ਅਕਾਲੀ-ਭਾਜਪਾ ਗਠਜੋੜ ਸਾਲ 2007 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਲਗਾਤਾਰ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਦੂਰ ਕਰਨ ਵਾਸਤੇ ਅਹਿਮ ਕਦਮ ਚੁੱਕਦਾ ਆ ਰਿਹਾ ਹੈ।  ਅਕਾਲੀ-ਭਾਜਪਾ ਸਰਕਾਰ ਵਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਵੱਖ-ਵੱਖ ਖੇਤਰਾਂ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਦੋਂ ਅਸੀਂ ਸੱਤਾ ਵਿੱਚ ਆਏ ਸੀ ਤਾਂ ਉਸ ਵੇਲੇ ਬਿਜਲੀ ਦੀ ਕਮੀ ਨੂੰ ਪੂਰਾ ਕਰਨਾ ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੀ ਅਤੇ ਉਨ੍ਹਾਂ ਨੇ ਇਸ ਚੁਣੌਤੀ ਨੂੰ ਕਬੂਲ ਕਰਕੇ ਲਗਾਤਾਰ ਬਿਜਲੀ ਉਤਪਾਦਨ ਲਈ ਠੋਸ ਕਦਮ ਚੁੱਕੇ ਜਿਸ ਸਦਕਾ ਅੱਜ ਉਹ ਐਲਾਨ ਕਰਦੇ ਹਨ ਕਿ ਦਸੰਬਰ, 2013 ਵਿੱਚ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਹੋਵੇਗਾ।
ਸਿੱਖਿਆ ਦੀ ਅਹਿਮੀਅਤ ਖਾਸ ਤੌਰ ‘ਤੇ ਲੜਕੀਆਂ ਦੀ ਸਿੱਖਿਆ ਦਾ ਜ਼ਿਕਰ ਕਰਦਿਆਂ ਉਪ ਮੁੱਖ ਮੰਤਰੀ ਨੇ ਆਖਿਆ ਕਿ ਸਾਡੀ ਸਰਕਾਰ ਹਰ ਇੱਕ ਲੜਕੀ ਨੂੰ ਸਾਖਰ ਬਣਾਉਣ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾ ਰਹੀ ਹੈ। ਉਨ੍ਹਾਂ ਆਖਿਆ ਕਿ ਮਾਈ ਭਾਗੋ ਵਿਦਿਆ ਸਕੀਮ ਦਾ ਮੁੱਖ ਉਦੇਸ਼ ਹੀ ਸਕੂਲਾਂ ਤੋਂ ਦੂਰ ਦੁਰਾਡੇ ਪਿੰਡਾਂ ਵਿੱਚ ਰਹਿੰਦੀਆਂ ਲੜਕੀਆਂ ਨੂੰ ਸਕੂਲ ਜਾਣ ਲਈ ਸਫ਼ਰ ਦੀ ਸਹੂਲਤ ਦੇਣ ਵਾਸਤੇ ਮੁਫ਼ਤ ਸਾਇਕਲ ਦਿੱਤੇ ਜਾ ਰਹੇ ਹਨ ਅਤੇ ਭਵਿੱਖ ਵਿੱਚ ਹਰ ਸਾਲ ਦੋ ਲੱਖ ਸਾਇਕਲ ਵਿਦਿਆਰਥਣਾਂ ਨੂੰ ਦਿੱਤੇ ਜਾਇਆ ਕਰਨਗੇ।
ਇਸੇ ਤਰ੍ਹਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹੁਸ਼ਿਆਰ ਤੇ ਲਾਇਕ ਬੱਚਿਆਂ ਨੂੰ ਮੁਕਾਬਲੇ ਦੇ ਹਾਣੀ ਬਣਾਉਣ ਵਾਸਤੇ ਪੰਜਾਬ ਸਰਕਾਰ ਵਲੋਂ ਆਰੰਭੀ ਗਈ ਇੱਕ ਨਿਵੇਕਲੀ ਸਕੀਮ ਤਹਿਤ ਸੂਬੇ ਵਿੱਚ 6 ਮਾਡਲ ਸਕੂਲ ਸਥਾਪਤ ਕੀਤੇ ਜਾ ਰਹੇ ਹਨ ਜਿੱਥੇ ਦਸਵੀਂ ਜਮਾਤ ਵਿੱਚੋਂ 80 ਫ਼ੀਸਦੀ ਜਾਂ ਇਸ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸੈਕੰਡਰੀ ਪੱਧਰ ਦੀ ਉਚ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੇ ਨਾਲ ਨਾਲ ਹੋਸਟਲ ਦੀ ਸਹੂਲਤ ਵੀ ਮੁਫ਼ਤ ਦਿੱਤੀ ਜਾਇਆ ਕਰੇਗੀ। ਇਸ ਤੋਂ ਇਲਾਵਾ ਇਨ੍ਹਾਂ ਬੱਚਿਆਂ ਨੂੰ 2500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਸਾਲਾਨਾ 30000 ਰੁਪਏ ਦਾ ਵਜੀਫ਼ਾ ਵੀ ਮਿਲਿਆ ਕਰੇਗਾ। ਉਨ੍ਹਾਂ ਆਖਿਆ ਕਿ ਪ੍ਰੋਫ਼ੈਸ਼ਨਲ ਕਾਲਜਾਂ ਵਿੱਚ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਵਾਉਣ ਲਈ ‘ਅਸ਼ੀਰਵਾਦ ਸਕੀਮ’ ਤਹਿਤ ਢਾਈ ਲੱਖ ਬੱਚਿਆਂ ਦੀ ਫ਼ੀਸ ਪੰਜਾਬ ਸਰਕਾਰ ਵਲੋਂ ਅਦਾ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਿਹਤ ਬੀਮਾ ਸਕੀਮ ਲਾਗੂ ਕੀਤੀ ਗਈ ਹੈ ਜਿਸ ਤਹਿਤ ਇਨ੍ਹਾਂ ਪਰਿਵਾਰਾਂ ਨੂੰ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਲਈ 30,000 ਰੁਪਏ ਤੱਕ ਸਾਲਾਨਾ ਦਿੱਤੇ ਜਾਣਗੇ। ਨਾਲ ਹੀ ਉਨ੍ਹਾਂ ਆਖਿਆ ਕਿ ਨੀਲੇ ਕਾਰਡ ਧਾਰਕਾਂ ਦੀ ਗਿਣਤੀ ਇਸ ਵੇਲੇ 15 ਲੱਖ ਪਰਿਵਾਰ ਹੈ ਜਿਸ ਨੂੰ ਦੁੱਗਣਾ ਕਰਕੇ 30 ਲੱਖ ਕੀਤਾ ਜਾ ਰਿਹਾ ਹੈ ਜਿਸ ਲਈ ਪਰਿਵਾਰਾਂ ਦੀ ਵਿੱਤੀ ਸਥਿਤੀ ਨੂੰ ਮੱਦੇਨਜ਼ਰ ਰੱਖ ਕੇ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ।  ਇਸ ਮੌਕੇ ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਆਮ ਲੋਕਾਂ ਲਈ ਵੀ ਸਿਹਤ ਬੀਮਾ ਸਕੀਮ ਲਿਆਂਦੀ ਜਾ ਰਹੀ ਹੈ ਜਿਸ ਤਹਿਤ 1.50 ਲੱਖ ਰੁਪਏ ਤੱਕ ਦਾ ਇਲਾਜ ਕਰਵਾਇਆ ਜਾ ਸਕੇ।
ਇਸ ਮੌਕੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਆਪਣੇ ਭਾਸ਼ਨ ਦੌਰਾਨ ਆਖਿਆ ਕਿ ਸਹੀ ਮਾਅਨਿਆਂ ਵਿੱਚ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਪੰਜਾਬ ਨੂੰ ‘ਕਲਿਆਣਕਾਰੀ ਸੂਬਾ’ ਹੋਣ ਦਾ ਰੁਤਬਾ ਦਿਵਾਇਆ ਹੈ ਅਤੇ ਇਸ ਰੁਤਬੇ ਨੂੰ ਹਾਸਲ ਕਰਨ ਦਾ ਸਿਹਰਾ ਸਿੱਧੇ ਤੌਰ ‘ਤੇ ਗਠਜੋੜ ਸਰਕਾਰ ਦੀਆਂ ਗਰੀਬਾਂ ਦੇ ਭਲੇ ਵਾਲੀਆਂ ਸਕੀਮਾਂ ਨੂੰ ਜਾਂਦਾ ਹੈ। ਉਨ੍ਹਾਂ ਆਖਿਆ ਕਿ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਤੋਂ ਬੁਖਲਾਏ ਤੇ ਘਬਰਾਏ ਹੋਏ ਕਾਂਗਰਸੀ ਆਗੂ ਆਧਾਰਹੀਣ ਬਿਆਨਬਾਜ਼ੀ ਕਰਕੇ ਸਾਡੀਆਂ ਭਲਾਈ ਸਕੀਮਾਂ ਦੀ ਮੁਖਾਲਫ਼ਤ ਕਰਦੇ ਹਨ ਜਦ ਕਿ ਕਾਂਗਰਸੀ ਆਗੂ ਸਾਡੀਆਂ ਸਕੀਮਾਂ ਦੀ ਵਿਰੋਧਤਾ ਕਰਕੇ ਅਸਲੀਅਤ ਵਿੱਚ ਆਮ ਲੋਕਾਂ ਵਿਸ਼ੇਸ਼ ਕਰਕੇ ਗਰੀਬ ਲੋਕਾਂ ਦੀ ਹੀ ਵਿਰੋਧਤਾ ਕਰ ਰਹੇ ਹਨ।
ਪੰਜਾਬ ਨੂੰ ਸਭ ਤੋਂ ਸ਼ਾਂਤਮਈ ਸੂਬਾ ਦੱਸਦਿਆਂ ਸ. ਮਜੀਠੀਆ ਨੇ ਆਖਿਆ ਕਿ ਭਾਰਤ ਸਰਕਾਰ ਦੀ ਇੱਕ ਰਿਪੋਰਟ ਮੁਤਾਬਕ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਇਹ ਸੱਚ ਕਬੂਲ ਕੀਤਾ ਹੈ ਕਿ ਪੰਜਾਬ ਵਿੱਚ ਫਿਰਕੂ ਸਦਭਾਵਨਾ, ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਪੂਰੀ ਤਰ੍ਹਾਂ ਕਾਇਮ ਹੈ। ਉਨ੍ਹਾਂ ਆਖਿਆ ਕਿ ਇਸ ਦਾ ਸਿਹਰਾ ਅਕਾਲੀ-ਭਾਜਪਾ ਸਰਕਾਰ ਦੇ ਸਿਰ ਬੱਝਦਾ ਹੈ ਕਿਉਂਕਿ ਇਸ ਸਰਕਾਰ ਨੇ ਆਪਣੇ ਪਹਿਲੇ ਕਾਰਜਕਾਲ ਤੋਂ ਹੀ ਲੋਕ ਪੱਖੀ ਨੀਤੀਆਂ ਲਾਗੂ ਕਰਨ ਨੂੰ ਹੀ ਤਵੱਜੋ ਦਿੱਤੀ ਹੈ ਅਤੇ ਹੁਣ ਵੀ ਇਸੇ ਸੰਕਲਪ ਨੂੰ ਲੈ ਕੇ ਉਪਰਾਲੇ ਕੀਤੇ ਜਾ ਰਹੇ ਹਨ।
ਪੰਜਾਬ ਵਿੱਚ ਪਿਛਲੀ ਕਾਂਗਰਸ ਸਰਕਾਰ ਦੀ ਮਾੜੀ ਕਾਰਜਸ਼ੈਲੀ ਦੀ ਹਕੀਕਤ ਬਿਆਨਦਿਆਂ ਸ. ਮਜੀਠੀਆ ਨੇ ਭਾਰਤੀ ਯੋਜਨਾ ਕਮਿਸ਼ਨ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਆਖਿਆ ਕਿ ਰਿਪੋਰਟ ਮੁਤਾਬਕ ਸਾਲ 2004-05 ਵਿੱਚ ਪੰਜਾਬ ਵਿੱਚ ਗਰੀਬੀ ਦੀ ਦਰ 20.9 ਫ਼ੀਸਦੀ ਸੀ ਜਦ ਕਿ ਇਸ ਵੇਲੇ ਇਹ ਦਰ 8.26 ਫ਼ੀਸਦੀ ਹੈ ਜਿਸ ਦਾ ਸਿਹਰਾ ਗਠਜੋੜ ਸਰਕਾਰ ਦੇ ਸਿਰ ਬੱਝਦਾ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਹਲਕਾ ਜਗਰਾਉਂ ਦੇ ਵਿਧਾਇਕ ਸ਼੍ਰੀ ਐਸ.ਆਰ. ਕਲੇਰ ਵਲੋਂ ਹਲਕੇ ਦੇ ਵਿਕਾਸ ਲਈ ਰੱਖੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ।
.       ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ, ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਸਿਹਤ ਮੰਤਰੀ ਸ਼੍ਰੀ ਸੁਰਜੀਤ ਕੁਮਾਰ ਜਿਆਣੀ, ਲੋਕ ਨਿਰਮਾਣ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ, ਮੁੱਖ ਮੰਤਰੀ ਦੇ ਸਲਾਹਕਾਰ ਸ. ਮਹੇਸ਼ਇੰਦਰ ਸਿੰਘ ਗਰਵਾਲ, ਸ. ਮਨਪ੍ਰੀਤ ਸਿੰਘ ਅਯਾਲੀ ਤੇ ਸ. ਦਰਸ਼ਨ ਸਿੰਘ ਸ਼ਿਵਾਲਿਕ (ਦੋਵੇਂ ਵਿਧਾਇਕ), ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਸ. ਸੰਤਾ ਸਿੰਘ ਉਮੈਦਪੁਰੀ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੇਨ ਸ. ਹੀਰਾ ਸਿੰਘ ਗਾਬੜੀਆ, ਅਕਾਲੀ ਆਗੂ ਸ. ਰਣਜੀਤ ਸਿੰਘ ਤਲਵੰਡੀ, ਸ. ਬਿਕਰਮਜੀਤ ਸਿੰਘ ਖਾਲਸਾ, ਸ. ਗੁਰਚਰਨ ਸਿੰਘ ਗਰੇਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ-ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।

Facebook Comment
Project by : XtremeStudioz