Close
Menu

ਬਾਦਲ ਵੱਲੋਂ ਹਿੰਦੋਸਤਾਨ ਟਾਈਮਜ਼ ਦੇ ਸੀਨੀਅਰ ਪੱਤਰਕਾਰ ਜਸਦੀਪ ਮਲਹੋਤਰਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

-- 23 September,2013

25-MKT-041-1

ਚੰਡੀਗੜ੍ਹ,23 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਜਲੰਧਰ ਤੋਂ ਹਿੰਦੋਸਤਾਨ ਟਾਈਮਜ਼ ਦੇ ਸੀਨੀਅਰ ਪੱਤਰਕਾਰ ਸ੍ਰੀ ਜਸਦੀਪ ਸਿੰਘ ਮਲਹੋਤਰਾ ਦੇ ਦੁਖਦਾਈ ਤੇ ਬੇਵਕਤੀ ਦੇਹਾਂਤ ‘ਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਮਲਹੋਤਰਾ ਦਾ ਅੱਜ ਮੁਕੇਰੀਆ ਨੇੜੇ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ।

ਸ੍ਰੀ ਮਲਹੋਤਰਾ ਵੱਲੋਂ ਪੱਤਰਕਾਰੀ ਦੇ ਖੇਤਰ ਵਿੱਚ ਨਿਭਾਈਆਂ ਬਿਹਤਰੀਨ ਸੇਵਾਵਾਂ ਨੂੰ ਯਾਦ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸ੍ਰੀ ਮਲਹੋਤਰਾ ਆਪਣੇ ਦੋ ਦਹਾਕਿਆਂ ਦੇ ਪੱਤਰਕਾਰੀ ਦੇ ਸਫਰ ਵਿੱਚ ਨਿਧੜਕ, ਨਿਡਰ ਅਤੇ ਅਗਾਂਹਵਧੂ ਪੱਤਰਕਾਰ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਸ੍ਰੀ ਮਲਹੋਤਰਾ ਦੇ ਬੇਵਕਤੀ ਤੁਰ ਜਾਣ ਨਾਲ ਪੱਤਰਕਾਰੀ ਦੇ ਖੇਤਰ ਵਿੱਚ ਅਜਿਹਾ ਖਲਾਅ ਪੈਦਾ ਹੋ ਗਿਆ ਹੈ ਜਿਹੜਾ ਲੰਬੇ ਸਮੇਂ ਤੱਕ ਭਰਿਆ ਨਹੀਂ ਜਾਣਾ। ਮੁੱਖ ਮੰਤਰੀ ਨੇ ਪੀੜਤ ਪਰਿਵਾਰ ਅਤੇ ਸ੍ਰੀ ਮਲਹੋਤਰਾ ਦੇ ਦੋਸਤਾਂ, ਹਿਤੈਸ਼ੀਆਂ ਨਾਲ ਦੁੱਖ ਸਾਂਝਾ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।

ਇਸੇ ਦੌਰਾਨ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਵੀ ਸ੍ਰੀ ਮਲਹੋਤਰਾ ਦੇ ਬੇਵਕਤੀ ਅਤੇ ਦੁਖਦਾਈ ਵਿਛੋੜੇ ‘ਤੇ ਦੁੱਖ ਸਾਂਝਾ ਕਰਦਿਆਂ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਮਲਹੋਤਰਾ ਦੇ ਤੁਰ ਜਾਣ ਨਾਲ ਸਾਡੇ ਕੋਲੋਂ ਇਕ ਪ੍ਰਸਿੱਧ ਪੱਤਰਕਾਰ ਖੋਹਿਆ ਗਿਆ ਹੈ ਜਿਸ ਨੇ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਮਜ਼ਬੂਤ ਕਰਨ ਲਈ ਅਣਥੱਕ ਮਿਹਨਤ ਕੀਤੀ ਸੀ।

Facebook Comment
Project by : XtremeStudioz