Close
Menu

ਬਾਦਲ ਸਰਕਾਰ ਭਾਜਪਾ ਨਾਲੋਂ ਨਾਤਾ ਤੋੜੇ: ਜ਼ੀਰਾ

-- 02 March,2015

ਚੰਡੀਗੜ, ਪੰਜਾਬ ਕਾਂਗਰਸ ਦੇ ਕਿਸਾਨ ਅਤੇ ਖੇਤ ਮਜ਼ਦੂਰ ਸੈੱਲ ਦੇ ਚੇਅਰਮੈਨ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਨੇ ਬਾਦਲ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਸ ਨੇ ਮੋਦੀ ਸਰਕਾਰ ਦੀਆਂ ਪੰਜਾਬ ਪ੍ਰਤੀ ਮਾਰੂ ਨੀਤੀਆਂ ਵਿਰੁੱਧ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲੋਂ ਆਪਣਾ ਨਾਤਾ ਨਾ ਤੋੜਿਆ ਤਾਂ 11 ਮਾਰਚ ਤੋਂ ਪੰਜਾਬ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਛੇੜਿਆ ਜਾਵੇਗਾ।
ਸ੍ਰੀ ਜ਼ੀਰਾ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਮੋਦੀ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੁਰੰਤ ਮੋਦੀ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈਣ ਅਤੇ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਦਾ ਵੀ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦਿਵਾੳੁਣ। ਉਨ੍ਹਾਂ ਕਿਹਾ ਕਿ ਪਿਛਲੇ 9 ਮਹੀਨਿਆਂ ਦੌਰਾਨ ਮੋਦੀ ਸਰਕਾਰ ਨੇ ਪੰਜਾਬ ਨੂੰ ਆਰਥਿਕ ਸੱਟ ਮਾਰਨ ਵਾਲੇ ਕਈ ਕਦਮ ਚੁੱਕੇ ਹਨ। ਮੋਦੀ ਸਰਕਾਰ ਨੇ ਬੰਗਾਲ ਤੇ ਕੇਰਲਾ ਨੂੰ ਕਰਜ਼ਾ ਸੰਕਟ ਵਿਚ ਫਸੇ ਰਾਜਾਂ ਦਾ ਐਲਾਨ ਕਰਨ ਵੇਲੇ ਪੰਜਾਬ ਦਾ ਕੇਸ ਰੱਦ ਕਰ ਦਿੱਤਾ ਹੈ। ਬਾਰ੍ਹਵੇਂ ਵਿੱਤ ਕਮਿਸ਼ਨ ਨੇ ਪੰਜਾਬ, ਬੰਗਾਲ ਤੇ ਕੇਰਲਾ ਨੂੰ ਕਰਜ਼ੇ ਦੇ ਜੰਜਾਲ ਵਿਚ ਫਸੇ ਰਾਜ ਐਲਾਨਦਿਆਂ ਇਨ੍ਹਾਂ ਤਿੰਨ ਰਾਜਾਂ ਨੂੰ ਵਿਸ਼ੇਸ਼ ਰਾਹਤ ਪੈਕੇਜ ਦੇਣ ਦੀ ਸਿਫਾਰਸ਼ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਬੰਗਾਲ ਤੇ ਕੇਰਲਾ ਬਾਰੇ ਤਾਂ ਸਿਫਾਰਸ਼ ਪ੍ਰਵਾਨ ਕਰ ਲਈ ਹੈ ਪਰ ਅਕਾਲੀ ਦਲ ਨੂੰ ਕੋਰੀ ਨਾਂਹ ਕਰ ਦਿੱਤੀ ਹੈ। ਕੇਂਦਰ ਸਰਕਾਰ ਨੇ ਅਗਲੇ ਸੀਜ਼ਨ ਵਿਚ ਕਣਕ ਦੀ ਫਸਲ ਦੀ ਖਰੀਦ ਅੱਧੀ ਕਰਨ ਦੇ ਹੁਕਮ ਚਾੜ੍ਹ ਦਿੱਤੇ ਹਨ ਜਿਸ ਨਾਲ ਪੰਜਾਬ ਦਾ ਕਿਸਾਨ ਮੰਡੀਆਂ ਵਿਚ ਰੁਲੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਭਾਈਵਾਲ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਅਣਡਿੱਠ ਕਰਕੇ ਧਨਾਢ ਘਰਾਣਿਆਂ ਦੀ ਕਠਪੁਤਲੀ ਬਣ ਗਈ ਹੈ। ਇਸ ਤੋਂ ਇਲਾਵਾ ਭੋਂ ਪ੍ਰਾਪਤੀ ਸੋੋਧਿਆ ਕਾਨੂੰਨ ਵੀ ਕਿਸਾਨ ਵਿਰੋਧੀ ਹੈ।  ਉਨ੍ਹਾਂ ਸ੍ਰੀ ਬਾਦਲ ਨੂੰ ਸਵਾਲ ਕੀਤਾ ਕਿ ਉਹ ਪੰਜਾਬੀਆਂ ਨੂੰ ਸਪੱਸ਼ਟ ਕਰਨ ਕਿ ਉਹ ਪੰਜਾਬ ਦੇ ਹੱਕਾਂ ਲਈ ਖੜ੍ਹੇ ਹਨ ਜਾਂ ਆਪਣੀ ਸਰਕਾਰ ਬਚਾਉਣ ਦੇ ਨਾਲ ਆਪਣੀ ਨੂੰਹ ਹਰਸਿਮਰਤ ਕੌਰ ਨੂੰ ਕੇਂਦਰੀ ਮੰਤਰੀ ਬਣਾਉਣ ਤੱਕ ਹੀ ਸੀਮਤ ਹਨ।

Facebook Comment
Project by : XtremeStudioz