Close
Menu

ਬਾਬਰੀ ਕਾਂਡ: 26 ਸਾਲਾਂ ਬਾਅਦ ਵੀ ਜ਼ਖ਼ਮ ਅੱਲ੍ਹੇ

-- 05 December,2018

ਅਯੁੱਧਿਆ, 5 ਦਸੰਬਰ
ਆਟੋ ਚਾਲਕ ਮੁਹੰਮਦ ਆਜ਼ਮ ਨੂੰ ਅੱਜ ਵੀ ਛੇ ਦਸੰਬਰ 1992 ਦੀ ਡਰਾਉਣੀ ਰਾਤ ਯਾਦ ਹੈ। ਉਸ ਨੂੰ ਕੁਝ ਹੋਰ ਮੁਸਲਮਾਨਾਂ ਸਣੇ ਆਪਣੀ ਜਾਨ ਬਚਾਉਣ ਲਈ ਖੇਤਾਂ ਵਿਚ ਲੁਕਣਾ ਪਿਆ ਸੀ। ਉਸ ਸਮੇਂ 20 ਸਾਲ ਦੇ, ਆਜ਼ਮ ਨੇ ਦੱਸਿਆ ਕਿ ‘ਕਾਰ ਸੇਵਕਾਂ’ ਦੀ ਭੀੜ ਨੇ ਬਾਬਰੀ ਮਸਜਿਦ ਨੂੰ ਢਾਹ ਦਿੱਤਾ ਸੀ। ਇਸ ਤੋਂ ਬਾਅਦ ਅਸ਼ਾਂਤੀ ਤੇ ਡਰ ਦਾ ਮਾਹੌਲ ਬਣ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕੁਝ ਨਹੀਂ ਸੁੱਝਿਆ ਕਿ ਉਹ ਕੀ ਕਰਨ। ਹੁਣ ਆਜ਼ਮ ਫਿਰ ਪ੍ਰੇਸ਼ਾਨ ਹੈ ਕਿ ਕੁਝ ਸਿਆਸਤਦਾਨ ਤੇ ਸੰਘ ਪਰਿਵਾਰ ਦੇ ਲੋਕ ਮੁੜ ਰਾਮ ਮੰਦਿਰ ਦਾ ਮੁੱਦਾ ਉਠਾ ਰਹੇ ਹਨ। ਇਸ ਨਾਲ ਅਯੁੱਧਿਆ ਦੇ ਸ਼ਾਂਤੀਪੂਰਨ ਮਾਹੌਲ ਲਈ ਖ਼ਤਰਾ ਪੈਦਾ ਕੀਤਾ ਜਾ ਰਿਹਾ ਹੈ ਜਦੋਂਕਿ ਇੱਥੋਂ ਦੇ ਬਾਸ਼ਿੰਦੇ 26 ਸਾਲ ਬਾਅਦ ਵੀ ਇਸ ਤਰਾਸਦੀ ’ਚੋਂ ਨਿਕਲਣ ਲਈ ਯਤਨਸ਼ੀਲ ਹਨ।
ਉਸ ਨੇ ਦੱਸਿਆ ਕਿ ਉਸ ਔਖੇ ਸਮੇਂ ਵਿਚ ਉਸ ਨੂੰ ਇਕ ਹਿੰਦੂ ਪਰਿਵਾਰ ਨੇ ਸ਼ਰਨ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉਹ ਪੂਰੀ ਰਾਤ ਖੇਤਾਂ ਵਿਚ ਲੰਘਾਈ। ਸਵੇਰ ਹੁੰਦਿਆਂ ਹੀ ਉਨ੍ਹਾਂ ਨੇ ਇਕ ਜਾਣਕਾਰ ਠਾਕੁਰ ਪਰਿਵਾਰ ਦਾ ਦਰਵਾਜ਼ਾ ਖੜਕਾਇਆ ਤੇ ਉਨ੍ਹਾਂ ਤੋਂ ਸ਼ਰਨ ਮੰਗੀ।
ਮੁਹੰਮਦ ਮੁਸਲਿਮ (78) ਇਸ ਘਟਨਾ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਉਦੋਂ ਵੀ ਸੁਰੱਖਿਅਤ ਨਹੀਂ ਸਨ ਤੇ ਉਹ ਹੁਣ ਵੀ ਡਰ ਮਹਿਸੂਸ ਕਰਦੇ ਹਨ।
ਵਿਵਾਦਤ ਸਥਾਨ ਨੇੜੇ ਰਹਿੰਦੇ ਡਾਕਟਰ ਵਿਜੈ ਸਿੰਘ ਦਾ ਕਹਿਣਾ ਹੈ ਕਿ ਜਿਸ ਦਿਨ ਮਸਜਿਦ ਢਾਹੀ ਗਈ ਸੀ, ਉਹ ਇਥੇ ਹੀ ਮੌਜੂਦ ਸਨ। ਉਨ੍ਹਾਂ ਨੇ ਸਾਰੀ ਹਿੰਸਾ ਦੇਖੀ ਸੀ ਤੇ ਉਹ ਮੰਜਰ ਡਰਾਉਣਾ ਸੀ। ਉਨ੍ਹਾਂ ਕਿਹਾ ਕਿ ਉਹ ਇਕ ਹੋਰ ਤਰਾਸਦੀ ਨਹੀਂ ਚਾਹੁੰਦੇ। ਸਮਾਜਿਕ ਕਾਰਕੁਨ ਸ਼ਬਨਮ ਹਾਮਸੀ ਨੇ ਕਿਹਾ ਕਿ 1992 ਦੀ ਘਟਨਾ ਨੇ ਅਯੁੱਧਿਆ ਦੀ ਸ਼ਾਂਤੀ ਖੋਹ ਲਈ, ਜੋ ਅੱਜ ਤਕ ਨਹੀਂ ਪਰਤੀ।

Facebook Comment
Project by : XtremeStudioz