Close
Menu

ਬਾਬਰੀ ਮਸਜਿਦ ਢਾਹੇ ਜਾਣ ਦੀ ਬਰਸੀ ਮੌਕੇ ਕੈਨੇਡਾ ’ਚ ਰੈਲੀ

-- 14 December,2017

ਸਰੀ, 14 ਦਸੰਬਰ
ਹੱਢ ਚੀਰਵੀਂ ਠੰਡ ਦੇ ਬਾਵਜੂਦ ਦੱਖਣੀ ਏਸ਼ੀਆ ਨਾਲ ਸਬੰਧਤ ਕਾਰਕੁਨਾਂ ਨੇ ਇਥੇ ਹੌਲੈਂਡ ਪਾਰਕ ਵਿੱਚ ਇਕੱਤਰ ਹੋ ਕੇ ਬਾਬਰੀ ਮਸਜਿਦ ਢਾਹੇ ਜਾਣ ਦੀ 25ਵੀਂ ਬਰਸੀ ਮੌਕੇ ਰੈਲੀ ਕੀਤੀ। ਕਾਬਿਲੇਗੌਰ ਹੈ ਕਿ 6 ਦਸੰਬਰ 1992 ਨੂੰ ਹਿੰਦੂ ਵੱਖਵਾਦੀਆਂ ਨੇ ਭਾਜਪਾ ਦੇ ਇਸ਼ਾਰੇ ’ਤੇ ਸਦੀਆਂ ਪੁਰਾਣੀ ਮੁਸਲਿਮ ਮਸਜਿਦ ਨੂੰ ਢਾਹ ਦਿੱਤਾ ਸੀ।
ਇੰਡੀਅਨਜ਼ ਅਬਰੌਡ ਫਾਰ ਪਲੂਰਲਿਸਟ ਇੰਡੀਆ ਤੇ ਰੈਡੀਕਲ ਦੇਸੀ ਵੱਲੋਂ ਵਿਉਂਤੀ ਇਸ ਰੈਲੀ ਦੀ ਸ਼ੁਰੂਆਤ ਪਿਛਲੇ ਹਫ਼ਤੇ ਰਾਜਸਥਾਨ ਵਿੱਚ ਹਿੰਦੂ ਮੂਲਵਾਦੀ ਵੱਲੋਂ ਬੇਰਹਿਮੀ ਨਾਲ ਕਤਲ ਕੀਤੇ ਮੁਸਲਿਮ ਕਿਰਤੀ ਦੀ ਯਾਦ ਵਿੱਚ ਦੋ ਮਿੰਟ ਦੇ ਮੌਨ ਨਾਲ ਕੀਤੀ ਗਈ। ਰੈਲੀ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਬਾਬਰੀ ਘਟਨਾਕ੍ਰਮ ਕਰਕੇ ਨਾ ਸਿਰਫ਼ ਮੁਸਲਮਾਨ ਬਲਕਿ ਹਰੇਕ ਘੱਟਗਿਣਤੀ ਭਾਜਪਾ ਸਰਕਾਰ ਦੀ ਨੱਕ ਹੇਠ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੈ। ਉਨ੍ਹਾਂ ਇਕਮੱਤ ਹੋ ਕੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਏ ਜਾਣ ਦੇ ਯਤਨਾਂ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਬਾਬਰੀ ਮਸਜਿਦ ਉਸੇ ਥਾਂ ’ਤੇ ਮੁੜ ਉਸਾਰ ਕੇ ਇਸ ਦੀ ਸਾਂਭ ਸੰਭਾਲ ਮੁਸਲਿਮ ਭਾਈਚਾਰੇ ਨੂੰ ਸੌਂਪੀ ਜਾਵੇ। ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ’ਚ ਦਲਿਤ ਕਾਰਕੁਨ ਤੇ ਕਵੀ ਅਮ੍ਰਿਤ ਦੀਵਾਨਾ, ਅਲ ਅਮੀਨ ਅਖ਼ਬਾਰ ਦੇ ਪ੍ਰਕਾਸ਼ਕ ਜਾਫ਼ਰ ਭਾਮਜੀ, ਇਮਤਿਆਜ਼ ਪੋਪਟ, ਦਸ਼ਮੇਸ਼ ਦਰਬਾਰ ਗੁਰਦੁਆਰੇ ਦੇ ਬੁਲਾਰੇ ਗਿਆਨ ਸਿੰਘ ਗਿੱਲ, ਮਾਰਕਸਵਾਦੀ ਹਰਦੇਵ ਸਿੰਘ ਆਦਿ ਸ਼ਾਮਲ ਸਨ। ਗਿਆਨ ਸਿੰਘ ਗਿੱਲ ਨੇ ਕਿਹਾ ਕਿ ਜੇਕਰ ਘੱਟਗਿਣਤੀ ਇਕਜੁੱਟ ਨਾ ਹੋਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਇਕ ਹਿੰਦੂ ਰਾਸ਼ਟਰ ਬਣ ਜਾਏਗਾ।

Facebook Comment
Project by : XtremeStudioz