Close
Menu

ਬਾਬਾ ਫਰੀਦ ’ਵਰਸਿਟੀ ਵੱਲੋਂ ਸੀਟਾਂ ਬਾਰੇ ਦੁਚਿੱਤੀ ਹੋਣ ਦੇ ਬਾਵਜੂਦ ਦਾਖ਼ਲਿਅਾਂ ਦਾ ਅਮਲ ਸ਼ੁਰੂ

-- 29 May,2015

ਚੰਡੀਗੜ੍ਹ, 29 ਮਈ
ਐਮਬੀਬੀਐਸ ਅਤੇ ਬੀਡੀਐਸ ਕੋਰਸਾਂ ਵਿੱਚ ਦਾਖ਼ਲੇ ਲੲੀ ਸੀਟਾਂ ਦੀ ਗਿਣਤੀ ਨੂੰ ਲੈ ਕੇ ਚੱਲ ਰਹੇ ਰੋਲੇ ਘਚੋਲੇ ਅਤੇ ਦੋ ਮੈਡੀਕਲ ਅਤੇ ਤਿੰਨ ਡੈਂਟਲ ਕਾਲਜਾਂ ਨੂੰ ਦਾਖ਼ਲਾ ਕਰਨ ਦੀ ਅਜੇ ਅਾਗਿਅਾ ਨਾ ਮਿਲਣ ਦਰਮਿਅਾਨ ਹੀ ਬਾਬਾ ਫ਼ਰੀਦ ਯੂਨੀਵਰਸਿਟੀ ਨੇ ਦਾਖ਼ਲੇ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਪ੍ਰੀ-ਮੈਡੀਕਲ ਸਾਂਝਾ ਦਾਖ਼ਲਾ ਟੈਸਟ ਦੇ ਨਤੀਜੇ ਦਾ ਐਲਾਨ 19 ਮਈ ਨੂੰ ਕੀਤਾ ਗਿਆ ਸੀ।
ਦਾਖ਼ਲਾ ਟੈਸਟ ਦੇ ਨਤੀਜੇ ਮਗਰੋਂ ਬਾਬਾ ਫ਼ਰੀਦ ਯੂਨੀਵਰਸਿਟੀ ਨੇ ਉਮੀਦਵਾਰਾਂ ਤੋਂ ਮਨਪਸੰਦ  ਦੇ ਕਾਲਜਾਂ ਦੀ ਚੋਣ ਪੁੱਛਣੀ ਸ਼ੁਰੂ ਕਰ ਦਿੱਤੀ ਹੈ ਜਦਕਿ ਵਿਦਿਅਾਰਥੀ ਕਾਲਜਾਂ ਦੀ ਗਿਣਤੀ ਪੂਰੀ ਪਤਾ ਨਾ ਹੋਣ ਕਰਕੇ ਦੁਚਿੱਤੀ ਵਿੱਚ ਹਨ। ਵਿਦਿਆਰਥੀਆਂ ਨੂੰ 10 ਜੂੁਨ ਤਕ ਅਾਪਣੀ ਪਸੰਦ ਨਾਪਸੰਦ ਬਾਰੇ ਦੱਸਣ ਲੲੀ ਕਿਹਾ ਗਿਅਾ ਹੈ।  ਮੈਡੀਕਲ ਕੌਂਸਲ ਆਫ਼ ਇੰਡੀਆ(ਅੈਮਸੀਅਾੲੀ) ਵੱਲੋਂ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਜਲੰਧਰ ਅਤੇ ਚਿੰਤਪੂਰਨੀ ਮੈਡੀਕਲ ਕਾਲਜ ਪਟਿਆਲਾ ਨੂੰ ਅਗਲੇ ਵਿਦਿਅਕ ਸਾਲ ਵਾਸਤੇ ਦਾਖ਼ਲਾ ਕਰਨ ਲਈ ਅਜੇ ਤਕ ਹਾਮੀ ਨਹੀਂ ਭਰੀ ਗਈ ਹੈ। ਰਿਆਤ ਐਂਡ ਬਾਹਰਾ ਕਾਲਜ ਮੁਹਾਲੀ, ਨੈਸ਼ਨਲ ਡੈਂਟਲ ਕਾਲਜ ਡੇਰਾਬਸੀ ਅਤੇ ਸਰਾਭਾ ਡੈਂਟਲ ਕਾਲਜ ਲੁਧਿਆਣਾ ਦਾ ਮਾਮਲਾ ਵੀ ਅਜੇ ਡੈਂਟਲ ਕਾਲਜ ਆਫ਼ ਇੰਡੀਆ ਕੋਲ ਲੰਬਿਤ ਪਿਅਾ ਹੈ।  ਮੈਡੀਕਲ ਕੌਂਸਲ ਵੱਲੋਂ ਸਾਂਝੇ ਦਾਖ਼ਲਾ ਟੈਸਟ ਦੀ ਥਾਂ ਬਾਰ੍ਹਵੀਂ ਦੇ ਅੰਕਾਂ ਦੇ ਆਧਾਰ ’ਤੇ ਐਮਬੀਬੀਐਸ ਵਿੱਚ ਦਾਖ਼ਲਾ ਕਰਨ ਦੀ ਮਨਜ਼ੂਰੀ ਦੇਣ ਦਾ  ਰੇੜਕਾ ਵੀ ਕਿਸੇ ਤਣ-ਪੱਤਣ ਨਹੀਂ ਲੱਗਾ ਹੈ। ਪੰਜਾਬ ਸਰਕਾਰ ਨੇ ਕੌਂਸਲ ਨੂੰ ਇੱਕ ਪੱਤਰ ਲਿਖ ਕੇ ਦਾਖ਼ਲਾ ਬਾਰ੍ਹਵੀਂ ਦੇ ਅੰਕਾਂ ਦੇ ਆਧਾਰ ’ਤੇ ਕਰਨ ਦੀ ਛੋਟ ਮੰਗੀ ਸੀ ਜਿਸ ਨੂੰ ਲੈ ਕੇ ਕੌਂਸਲ ਨੇ ਰਾਜ ਸਰਕਾਰ ਦੀ ਜਵਾਬਤਲਬੀ ਕਰ ਲਈ ਸੀ। ਕੌਂਸਲ ਨੇ ਬਾਰ੍ਹਵੀਂ ਦੇ ਆਧਾਰ ’ਤੇ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਡਿਗਰੀ ਨਾ ਦੇਣ ਦੀ ਧਮਕੀ ਵੀ ਦੇ ਦਿੱਤੀ ਸੀ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਨੇ ਮੈਡੀਕਲ ਕੌਂਸਲ ਨੂੰ ਮੁਡ਼ ਪੱਤਰ ਲਿਖ ਕੇ ਬਾਰ੍ਹਵੀਂ ਦੇ ਅੰਕਾਂ ਦੇ ਆਧਾਰ ’ਤੇ ਦਾਖ਼ਲਾ ਕਰਨ ਦੀ ਇੱਛਾ ਦੁਹਰਾੲੀ ਹੈ। ਪੰਜਾਬ ਦੇ ਗੁਆਂਢੀ ਹਰਿਆਣਾ ਵੱਲੋਂ ਐਮਬੀਬੀਐਸ ਵਿੱਚ ਦਾਖ਼ਲਾ ਬਾਰ੍ਹਵੀਂ ’ਚੋਂ ਪ੍ਰਾਪਤ ਅੰਕਾਂ ਨੂੰ ਆਧਾਰ ਬਣਾ ਕੇ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਵੱਲੋਂ ੳੁਸੇ ਦੀ ਮਿਸਾਲ ਦੇ ਕੇ ਅਾਗਿਆ ਮੰਗੀ ਗਈ ਹੈ।
ਉਂਜ ਇਹ ਮਸਲਾ ਆਪਣੇ ਪੱਧਰ ’ਤੇ ਹੱਲ ਹੋ ਰਿਹਾ ਵੀ ਜਾਪਦਾ ਹੈ ਕਿਉਂਂਕਿ ਅੈਤਕੀਂ ਪੀਐਮਈਟੀ ਦਾ ਨਤੀਜਾ ਚੰਗਾ ਆਇਆ ਹੈ। ਐਮਬੀਬੀਐਸ ਅਤੇ ਬੀਡੀਐਸ ਦੀਅਾਂ ਕੁੱਲ ਸੀਟਾਂ ਨਾਲੋਂ ਤਿੰਨ ਗੁਣਾਂ ਵਿਦਿਆਰਥੀ ਪੰਜਾਹ ਫ਼ੀਸਦ ਤੋਂ ਵੱਧ ਅੰਕ ਲੈ ਗਏ ਹਨ। ਪ੍ਰੀਖਿਆ ਵਿੱਚ ਬੈਠੇ ਕੁੱਲ 17,153 ਉਮੀਦਵਾਰਾਂ ਵਿੱਚੋਂ 7013 ਯੋਗ ਪਾਏ ਗਏ ਹਨ। ਪਿਛਲੇ ਸਾਲਾਂ ਦੌਰਾਨ ਪੀਐਮਈਟੀ ਦਾ ਨਤੀਜਾ ਵੀਹ ਤੋਂ ਤੀਹ ਪ੍ਰਤੀਸ਼ਤ ਹੀ ਆਉਂਦਾ ਰਿਹਾ ਹੈ। ਬੀਤੇ ਸਾਲ ਕੇਵਲ ਤੇਰਾਂ ਸੌ ਵਿਦਿਆਰਥੀ ਹੀ ਟੈਸਟ ਵਿੱਚੋਂ ਯੋਗ ਪਾਏ ਗਏ ਸਨ ਜਿਸ ਕਰਕੇ ਦਾਖ਼ਲਾ ਬਾਰ੍ਹਵੀਂ ਦੇ ਆਧਾਰ ’ਤੇ ਕਰਨ ਦੀ ਨੌਬਤ ਆ ਗਈ ਸੀ।

10 ਜੂਨ ਤਕ ਹੋ ਜਾਵੇਗਾ ਸੀਟਾਂ ਬਾਰੇ ਫ਼ੈਸਲਾ: ੳੁਪ ਕੁਲਪਤੀ
ਬਾਬਾ ਫ਼ਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਰਾਜ ਬਹਾਦਰ ਨੇ ਦੱਸਿਆ ਕਿ ਕਾਲਜਾਂ ਦੀ ਪਸੰਦ ਵਾਸਤੇ ਵਿਕਲਪ ਦੇਣ ਦੀ ਆਖ਼ਰੀ ਤਰੀਕ 10 ਜੂਨ ਹੈ। ਉਨ੍ਹਾਂ ਆਸ ਜਤਾੲੀ ਕਿ ਉਦੋਂ ਤਕ ਮੈਡੀਕਲ ਅਤੇ ਡੈਂਟਲ ਕਾਲਜਾਂ ਦੀਆਂ ਸੀਟਾਂ ਬਾਰੇ ਫ਼ੈਸਲਾ ਹੋ ਜਾਵੇਗਾ। ੳੁਧਰ ਮੈਡੀਕਲ ਖੋਜ ਅਤੇ ਸਿੱਖਿਆ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਸਾਂਝੇ ਦਾਖ਼ਲਾ ਟੈਸਟ ਦਾ ਨਤੀਜਾ ਵਧੀਆ ਰਹਿਣ ਕਰਕੇ ਬਾਰ੍ਹਵੀਂ ਦੇ ਆਧਾਰ ’ਤੇ ਦਾਖ਼ਲਾ ਕਰਨ ਦੀ ਲੋੜ ਨਹੀਂ ਪਵੇਗੀ। ਇਸ ਕਰਕੇ ਮਸਲਾ ਹਾਲ ਦੀ ਘੜੀ ਆਪ ਹੀ ਹੱਲ ਹੋ ਗਿਆ ਲਗਦਾ ਹੈ।

Facebook Comment
Project by : XtremeStudioz