Close
Menu

ਬਾਹਰਲੇ ਸਿੱਖਾਂ ਦਾ ਤਾਂ ਦਿਮਾਗ ਖ਼ਰਾਬ ਹੋ ਗਿਆ ਹੈ : ਗਿਆਨੀ ਗੁਰਬਚਨ ਸਿੰਘ

-- 30 October,2013

INDIA-RELIGION-SIKHਬਠਿੰਡਾ,30 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਜਦ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਚੇਤਾ ਕਰਵਾਇਆ ਗਿਆ ਕਿ ਤੁਸੀਂ 16 ਅਗਸਤ ਨੂੰ ਬਠਿੰਡਾ ਵਿਖੇ ਸੋਧੇ ਹੋਏ ਕੈਲੰਡਰ ਵਿੱਚ ਗਲਤੀਆਂ ਨੂੰ ਸਵੀਕਾਰ ਕਰਦਿਆਂ ਬੜਾ ਉਤਸ਼ਾਹ ਪੂਰਨ ਬਿਆਨ ਦਿੱਤਾ ਸੀ ਕਿ ਕੈਲੰਡਰ ਕੋਈ ਗੁਰਬਾਣੀ ਨਹੀ ਹੈ ਹੋਰ ਸੋਧਾਂ ਲਈ ਸੁਝਾਉ ਆਉਣ ‘ਤੇ ਇਸ ਨੂੰ ਮੁੜ ਸੋਧਿਆ ਜਾ ਸਕਦਾ ਹੈ। ਪਰ ਉਸ ਤੋਂ ਪਿੱਛੋਂ ਢਾਈ ਮਹੀਨੇ ਬੀਤ ਜਾਣ ਅਤੇ ਇਸ ਦੌਰਾਨ ਪੰਜ ਸਿੰਘ ਸਾਹਿਬਾਨ ਦੀਆਂ ਦੋ ਤਿੰਨ ਮੀਟਿੰਗ ਹੋਣ ਉਪ੍ਰੰਤ ਵੀ ਸੋਧ ਕਰਨ ਵਲ ਕੋਈ ਕਦਮ ਪੁੱਟਿਆ ਨਜ਼ਰ ਨਹੀਂ ਆਇਆ। ਇਸ ਦੇ ਜਵਾਬ ‘ਚ ਉਨ੍ਹਾਂ ਕਿਹਾ ਮੈਂ ਤਾਂ ਨਾਨਕਸ਼ਾਹੀ ਕੈਲੰਡਰ ਦਾ ਮਸਲਾ ਹੱਲ ਕਰਨ ਲਈ ਤੁਹਾਡੇ ਨਾਲੋਂ ਵੀ ਬਹੁਤ ਕਾਹਲ਼ਾ ਹਾਂ। ਜੇ ਮੇਰੇ ਇਕੱਲੇ ਦੇ ਵੱਸ ਹੋਵੇ ਤਾਂ ਮੈਂ ਅਗਲਾ ਦਿਨ ਚੜ੍ਹਨ ਤੋਂ ਪਹਿਲਾਂ ਮਸਲਾ ਹੱਲ ਕਰ ਦੇਵਾਂ। ਉਨ੍ਹਾਂ ਅੱਗੇ ਕਿਹਾ ਕਿ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਵੀ ਆਪਣੇ ਸਮੇਂ ਦੌਰਾਨ ਕਿਹਾ ਸੀ ਕਿ ਸੁਝਾਉ ਆਉਣ ‘ਤੇ ਮੁੜ ਸੋਧ ਹੋ ਸਕਦੀ ਹੈ ਅਤੇ ਹੁਣ ਮੈਂ (ਗਿਆਨੀ ਗੁਰਬਚਨ ਸਿੰਘ) ਵੀ ਉਸੇ ਫੈਸਲੇ ‘ਤੇ ਕਾਇਮ ਹਾਂ ਕਿ ਸੁਝਾਉ ਆਉਣ ‘ਤੇ ਕੈਲੰਡਰ ਮੁੜ ਸੋਧਿਆ ਜਾ ਸਕਦਾ ਹੈ।
ਜਦੋਂ ਉਨ੍ਹਾਂ ਨੂੰ ਚੇਤਾ ਕਰਵਾਇਆ ਗਿਆ ਕਿ ਬਠਿੰਡਾ ਸ਼ਹਿਰ ਦੀਆਂ 40 ਤੋਂ ਵੱਧ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੇ ਤਾਂ ਸੋਧ ਲਈ ਠੋਸ ਦਲੀਲਾਂ ਦਿੰਦੇ ਹੋਏ ਮਤਾ ਪਾਸ ਕਰਕੇ ਤੁਹਾਨੂੰ ਨਿਜੀ ਤੌਰ ‘ਤੇ ਸੌਂਪਿਆ ਸੀ। ਉਸ ਉਪ੍ਰੰਤ ਖ਼ਬਰਾਂ ਅਨੁਸਾਰ ਪੰਜਾਬ ਹਰਿਆਣਾ ਰਾਜਸਥਾਨ ਦੀਆਂ ਗੁਰਦੁਆਰਾ ਕਮੇਟੀਆਂ ਵੱਲੋਂ ਮਤੇ ਪਾਸ ਕਰਕੇ ਭੇਜੇ ਜਾ ਚੁੱਕੇ ਹਨ। 26 ਅਕਤੂਬਰ ਨੂੰ ਸ਼ਿਆਟਲ (ਅਮਰੀਕਾ) ਵਿਖੇ ਹੋਏ ਸੈਮੀਨਾਰ ਦੌਰਾਨ ਅਮਰੀਕਾ ਕੈਨੇਡਾ ਦੀਆਂ 100 ਤੋਂ ਵੱਧ ਗੁਰਦੁਆਰਾ ਕਮੇਟੀਆਂ ਨੇ ਮਤੇ ਭੇਜਣ ਲਈ ਖਰੜੇ ਦੀਆਂ ਕਾਪੀਆਂ ਲਈਆਂ ਹਨ। ਤਾਂ ਤੁਸੀਂ ਹੋਰ ਕਿਸ ਵੱਲੋਂ ਸੁਝਾਉ ਦੀ ਉਡੀਕ ਕਰ ਰਹੇ ਹੋ? ਇਸ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਇਨ੍ਹਾਂ ‘ਤੇ ਵੀਚਾਰ ਹੋ ਰਹੀ ਹੈ ਪਰ ਮੇਰੇ ਇਕੱਲੇ ਦੇ ਵੱਸ ਵਿੱਚ ਨਹੀ ਹੈ, ਪੰਜੇ ਸਿੰਘ ਸਾਹਿਬਾਨ ਦੀ ਸਹਿਮਤੀ ਜਰੂਰੀ ਹੈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਅਸਲ ਵਿੱਚ ਬਹੁ ਗਿਣਤੀ ਸਿੱਖਾਂ ਦਾ ਖਿਆਲ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਸੋਧਾਂ ਤੋਂ ਪੂਰਨ ਤੌਰ ‘ਤੇ ਇਨਕਾਰ ਕੀਤੇ ਜਾਣ ਵਾਲੇ ਬਿਆਨ ਪਿੱਛੋਂ ਤੁਸੀਂ ਸੋਧ ਦੇ ਖਿਆਲ ਨੂੰ ਠੰਡੇ ਬਸਤੇ ‘ਚ ਪਾ ਦਿੱਤਾ ਹੈ। ਇਸੇ ਕਾਰਣ ਸ਼ਿਆਟਲ ਵਿਖੇ ਹੋਏ ਸੈਮੀਨਾਰ ਜਿਸ ਦੀਆਂ ਸੀਡੀਆਂ ਤੁਹਾਨੂੰ ਭੇਜੀਆਂ ਜਾ ਰਹੀਆਂ ਹਨ ਉਹ ਸੁਣ ਕੇ ਵੇਖੋ ਉਸ ਵਿੱਚ ਬੁਲਾਰੇ ਕਹਿ ਰਹੇ ਹਨ ਕਿ ਜਥੇਦਾਰਾਂ ਜਾਂ ਸ਼੍ਰੋਮਣੀ ਕਮੇਟੀ ਨੂੰ ਕੋਈ ਸੁਝਾਉ ਭੇਜਣ ਜਾਂ ਕੈਲੰਡਰ ‘ਚ ਸੋਧ ਦੀ ਮੰਗ ਕਰਨਾ ਇਉਂ ਹੀ ਹੈ ਜਿਵੇਂ ਕਬਰਸਤਾਨ ਵਿੱਚ ਜਾ ਕੇ ਮੁਰਦੇ ਖੜ੍ਹੇ ਕਰਨ ਦੀਆਂ ਗੱਲਾਂ ਕਰਨੀਆਂ। ਕਈ ਬੁਲਾਰਿਆਂ ਨੇ ਕਿਹਾ ਕਿ ਗੁਰਮਤਿ ਸਿਧਾਂਤ ਅਨੁਸਾਰ ਜਿਹੜਾ ਬੰਦਾ ਕਿਸੇ ਮਨੁੱਖ ਦੀ ਗੁਲਾਮੀ ਕਬੂਲ ਕਰਦਾ ਹੈ ਉਹ ਪੂਰਨ ਸਿੱਖ ਨਹੀਂ ਅਖਵਾ ਸਕਦਾ ਪਰ ਅੱਜ ਸਿੱਖ ਉਨ੍ਹਾਂ ਜਥੇਦਾਰਾਂ ਦੀ ਗੁਲਾਮੀ ਕਬੂਲ ਕਰ ਰਹੇ ਹਨ ਜਿਹੜੇ ਖੁਦ ਸ਼੍ਰੋਮਣੀ ਕਮੇਟੀ ਦੇ ਗੁਲਾਮ ਹਨ; ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਗੁਲਾਮ ਤੇ ਅੱਗੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਸ ਸੰਸਥਾ ਦਾ ਗੁਲਾਮ ਹੈ ਜਿਹੜੀ ਸਿੱਖੀ ਸਿਧਾਂਤਾਂ ਨੂੰ ਮੁੱਢੋਂ ਹੀ ਤਹਿਸ਼ ਨਹਿਸ਼ ਕਰਨ ‘ਤੇ ਤੁਲੀ ਹੋਈ ਹੈ ਤਾਂ ਸਿੱਖਾਂ; ਜਿਨ੍ਹਾਂ ਪਾਸ ਅਗਵਾਈ ਲਈ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਹਨ ਉਨ੍ਹਾਂ ਨੂੰ ਅਜਿਹੀ ਗੁਲਾਮ ਸੋਚ ਵਾਲੇ ਜਥੇਦਾਰਾਂ ਤੋਂ ਕਿਸੇ ਅਗਵਾਈ ਲੱਭਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਉਸ ਸੈਮੀਨਾਰ ਵਿੱਚ ਅਸਲੀ ਨਾਨਕਸ਼ਾਹੀ ਕੈਲੰਡਰ 2014 ਰੀਲੀਜ਼ ਕੀਤਾ ਗਿਆ ਤੇ ਉਥੇ ਮੌਜੂਦ 100 ਤੋਂ ਵੱਧ ਗੁਰਦੁਆਰਾ ਕਮੇਟੀਆਂ ਨੇ 2003 ਵਾਲਾ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਪ੍ਰਣ ਲੈ ਲਿਆ ਹੈ। ਜੇ ਤੁਸੀਂ ਹਾਲੀ ਵੀ ਨਾਨਕਸ਼ਾਹੀ ਕੈਲੰਡਰ ਦਾ ਮਸਲਾ ਨਾ ਕੀਤਾ ਤਾਂ ਐਸੀ ਸਥਿਤੀ ਪੰਜਾਬ ਵਿੱਚ ਵੀ ਬਣ ਸਕਦੀ ਹੈ। ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਆਪਣੇ ਅਹੁੱਦੇ ਦੀ ਮਾਣ ਮਰਿਆਦਾ ਕਾਇਮ ਰੱਖਣ ਲਈ ਇਹ ਮਸਲਾ ਛੇਤੀ ਹੱਲ ਕੀਤਾ ਜਾਵੇ। ਹੁਣ ਸ: ਪਾਲ ਸਿੰਘ ਪੁਰੇਵਾਲ ਵੀ ਪੰਜਾਬ ਵਿੱਚ ਹੀ ਹਨ ਤੇ ਸ਼ਾਇਦ ਦੂਸਰੀ ਧਿਰ ਦੇ ਵਿਦਵਾਨ ਕਰਨਲ ਸੁਰਜੀਤ ਸਿੰਘ ਨਿਸ਼ਾਨ ਵੀ ਪੰਜਾਬ ਵਿੱਚ ਹੀ ਹਨ ਇਸ ਲਈ ਉਨ੍ਹਾਂ ਦੀ ਮੌਜੂਦਗੀ ਦਾ ਲਾਭ ਉਠਾਇਆ ਜਾਵੇ ਤੇ ਜਲਦੀ ਸਾਰੀਆਂ ਧਿਰਾਂ ਦੇ ਵਿਦਵਾਨਾਂ ਦੀ ਮੀਟਿੰਗ ਸੱਦ ਕੇ ਮਸਲਾ ਹੱਲ ਕੀਤਾ ਜਾਵੇ।
ਇਸ ਦੇ ਜਵਾਬ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਬਾਹਰਲੇ ਸਿੱਖਾਂ ਦਾ ਤਾਂ ਦਿਮਾਗ ਖ਼ਰਾਬ ਹੋ ਗਿਆ ਹੈ ਉਹ ਤਾਂ ਸਮਝਦੇ ਹਨ ਕਿ ਸਿੱਖੀ ਉਨ੍ਹਾਂ ਦੇ ਸਿਰ ‘ਤੇ ਹੀ ਖੜ੍ਹੀ ਹੈ। ਇਸੇ ਲਈ ਉਹ ਤਾਂ ਸਿੱਖਾਂ ਨੂੰ ਵੀ ਗੁਰਦੁਆਰੇ ਵਿੱਚ ਨਹੀਂ ਵੜਨ ਦਿੰਦੇ। ਕਿਹੜੇ ਸਿੱਖ ਨੂੰ ਗੁਰਦੁਆਰੇ ਵਿੱਚ ਵੜਨ ਤੋਂ ਕਿਸ ਨੇ ਰੋਕਿਆ ਹੈ; ਇਸ ਦਾ ਤਾਂ ਉਨ੍ਹਾਂ ਕੋਈ ਉੱਤਰ ਨਾ ਦਿੱਤਾ ਪਰ ਇਨ੍ਹਾਂ ਜਰੂਰ ਕਿਹਾ ਕਿ Ḕਸੋਧ ਲਈ ਵੀਚਾਰ ਚੱਲ ਰਹੀ ਹੈ ਤੇ ਜਦੋਂ ਵੀ ਕੋਈ ਸੋਧ ਕਰਨ ਦੀ ਲੋੜ ਪਈ ਤਾਂ ਸ: ਪਾਲ ਸਿੰਘ ਨੂੰ ਜਰੂਰ ਸੱਦਿਆ ਜਾਵੇਗਾ। ਉਹ ਕੋਈ ਦੂਰ ਨਹੀਂ ਉਨ੍ਹਾਂ ਨੂੰ ਦੁਬਾਰਾ ਵੀ ਸੱਦ ਲਵਾਂਗੇ।’

Facebook Comment
Project by : XtremeStudioz